‘ਮੁੱਖ ਮੰਤਰੀ ਚਿਹਰੇ’ ‘ਤੇ ਸਿਆਸੀ ਪਾਰਟੀਆਂ ਦੀ ਜੱਦੋ ਜਹਿਦ! 

TeamGlobalPunjab
5 Min Read

ਬਿੰਦੁੂ ਸਿੰਘ

ਕਾਂਗਰਸ ਪਾਰਟੀ ਨੇ  ਇੱਕ ਵਾਰ ਫੇਰ  ਪੰਜਾਬ ਲਈ ਆਪਣੇ ਵੱਲੋਂ ਸੀਐਮ ਦਾ ਚਿਹਰਾ ਤਲਾਸ਼ ਲਿਆ ਹੈ। ਸਾਬਕਾ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਥੱਲੇ ਉਤਾਰ ਕੇ  ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੁਰਸੀ ਤੇ ਬਿਠਾ ਦਿੱਤੇ  ਗਏ ਤੇ ਅੱਜ ‘ਚੋਣਾਂ 2022’ ਦਾ ਮੁੱਖ ਮੰਤਰੀ  ਚਿਹਰਾ ਚੰਨੀ ਹੀ ਐਲਾਨ ਦਿੱਤੇ ਗਏ।

ਰਾਹੁਲ ਗਾਂਧੀ ਨੇ ਅੱਜ ਲੁਧਿਆਣਾ ਵਿੱਖੇ ਇਹ ਐਲਾਨ ਬੜੇ ਅਨੋਖੇ ਅੰਦਾਜ਼ ‘ਚ ਕੀਤਾ। ਆਪਣੇ ਸੰਬੋਧਨ ਦੌਰਾਨ  ਰਾਹੁਲ ਨੇ ਪਹਿਲਾਂ  ਨਵਜੋਤ ਸਿੰਘ ਸਿੱਧੂ  ਦੇ ਕਸੀਦੇ ਪੜ੍ਹੇ  ਜਿਸ ਵਿੱਚ ਉਨ੍ਹਾਂ ਨੇ ਕਿਹਾ  ਕਿ ਉਹ ਸਿੱਧੂ ਨੂੰ ਅੱਜ ਦੇ ਨਹੀਂ ਜਾਣਦੇ, ਸੱਤ ਸਾਲ ਦੀ ਉਮਰ ਵਿੱਚ  ਦੂਨ ਸਕੂਲ ਚ ਪਹਿਲੀ ਵਾਰ ਮਿਲੇ ਸਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿੱਧੂ ਜਜ਼ਬਾਤੀ ਹੋ ਜਾਂਦੇ ਹਨ। ਹਾਲਾਂਕਿ  ਇਸ ਦੇ ਨਾਲ  ਉਨ੍ਹਾਂ ਸਿੱਧੂ ਨੂੰ  ਜਿੱਥੇ ਓਪਨਿੰਗ ਬਾਲਰ  ਤੇ ਬੈਟਸਮੈਨ ਕਿਹਾ ਉੱਥੇ ਹੀ ਤਰੀਕੇ ਨਾਲ ਵਧੀਆ ਸਿਆਸਤਦਾਨ ਬਣਨ  ਲਈ ਲੰਮੇ ਚੌੜੇ ਸੰਘਰਸ਼  ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਰਾਹੁਲ ਨੇ ਇੱਕ ਲਫ਼ਜ਼  ਦਾ ਇਸਤੇਮਾਲ ਕਰਦਿਆਂ ਕਿਹਾ ਕਿ ਕੁਮੈਂਟਰੀ ਕਰਨ ਅਤੇ  ਮੈਦਾਨ ਵਿੱਚ ਉਤਰ ਕੇ ਖੇਡਣ ‘ਚ ਬਹੁਤ ਫ਼ਰਕ ਹੁੰਦਾ ਹੇੈ।

ਵੈਸੇ ਤਾਂ ਉਨ੍ਹਾਂ ਦੀ ਇਸ ਲਾਈਨ ਤੋਂ ਬਾਅਦ ਹੀ  ਬਹੁਤ ਕੁਝ ਸਾਫ ਹੋ ਗਿਆ ਸੀ। ਮੁੱਖ ਮੰਤਰੀ ਦੀ ਰੇਸ  ਦੇ ਦੋਹਾਂ ਉਮੀਦਵਾਰਾਂ  ਵਿੱਚੋਂ ਓਪਨਿੰਗ ਬੈਟਸਮੈਨ ਦੀ ਤਰ੍ਹਾਂ  ਪਹਿਲਾਂ ਸਿੱਧੂ ਨੂੰ ਹੀ  ਬੋਲਣ ਲਈ ਮਾਈਕ ਤੇ ਬੁਲਾਇਆ ਗਿਆ। ਸਿੱਧੂ ਨੇ ਇੱਕ ਵਾਰ ਫਿਰ ਤੋਂ ਦੁਹਰਾਇਆ  ਕਿ ਇਸ ਵਾਰ ਸਿਰਫ਼ ਦਰਸ਼ਨੀ ਘੋੜਾ ਬਣਾ ਕੇ ਨਾ ਰੱਖਿਆ ਜਾਵੇ, ਪਰ ਫਿਰ ਇਹ ਵੀ ਕਹਿ ਦਿੱਤਾ ਕਿ ਜੋ ਵੀ ਫੈਸਲਾ ਹੋਵੇਗਾ ਉਹ ਉਨ੍ਹਾਂ ਨੂੰ ਪ੍ਰਵਾਨ ਹੋਏਗਾ। ਜਿੱਥੇ ਗੱਲ ਚਰਨਜੀਤ ਸਿੰਘ ਚੰਨੀ ਦੀ ਕੀਤੀ ਜਾਵੇ ਉਹ ਸਵੇਰ ਤੋਂ ਹੀ ਆਰਾਮ ਦੀ ਅਵਸਥਾ ਚ ਲੱਗ ਰਹੇ ਸਨ ਇਵੇਂ ਲੱਗਦਾ ਸੀ ਕਿ ਉਨ੍ਹਾਂ ਨੂੰ ਪਤਾ ਸੀ ਕਿ ਰਿਜ਼ਲਟ ਆਵੇਗਾ ਤੇ ਉਹ ਪਾਸ ਹੋਣਗੇ।

- Advertisement -

ਹੁਣ ਇੱਥੇ ਸਵਾਲ  ਦੋ ਖਡ਼੍ਹੇ ਹੁੰਦੇ ਹਨ। ਨਵਜੋਤ ਸਿੰਘ ਸਿੱਧੂ ਨੇ ਵਾਰ ਵਾਰ ਪਿਛਲੇ ਦਿਨੀ ਆਪਣੇ ਬਿਆਨਾਂ ਚ ਕਿਹਾ ਹੈ ਕਿ ‘ਜਾਂ ਮਾਫੀਆ ਨਹੀਂ ਜਾਂ ਨਵਜੋਤ ਸਿੱਧੂ ਨਹੀ’ ਤੇ ਨਾਲ ਹੀ ਤਾਕਤ ਦੇਣ ਦੀ ਗੱਲ ਵੀ ਕਹੀ , Absolute power ਦੀ ਗੱਲ ਵੀ ਕੀਤੀ। ਉਨ੍ਹਾਂ ਦਾ ਮੰਨਣਾ ਹੈ  ਕਿ ਉਨ੍ਹਾਂ ਦਾ ‘ਪੰਜਾਬ ਮਾਡਲ’ ਸੂਬੇ ਦੇ ਹਰ ਵਰਗ  ਦੀ ਜ਼ਿੰਦਗੀ ਬਦਲ ਸਕਦਾ ਹੈ  ਤੇ ਸੂਬੇ ਨੂੰ  ਕਰਜ਼ੇ ਚੋਂ ਬਾਹਰ ਕੱਢ ਸਕਦਾ ਹੈ, ਲੋਕਾਂ ਨੂੰ ਬਿਹਤਰ ਸੇਵਾਵਾਂ ਤੇ ਸਹੂਲਤਾਂ ਦੇ ਸਕਦਾ ਹੈ। ਇਸ ਗੱਲ ਦਾ ਜ਼ਿਕਰ  ਉਹ ਆਪਣੀ ਹਰ ਇੰਟਰਵਿਊ ਦੌਰਾਨ  ਕਰਦੇ ਰਹੇ  ਹਨ ਤੇ ਲੋਕਾਂ ਦੇ ਵਿੱਚ ਜਿੱਥੇ ਕਿਤੇ ਗਏ ਉੱਥੇ ਵੀ ਕਹਿੰਦੇ ਰਹੇ। ਹਾਲਾਂਕਿ  ਅੱਜ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਵਿੱਚ ਸਿੱਧੂ ਦੇ ਮਾਡਲ ਦਾ ਜ਼ਿਕਰ ਕੀਤਾ। ਪਰ  ਸਵਾਲ ਇਹ ਵੀ ਖੜ੍ਹਾ ਹੁੰਦਾ ਹੈ ਕਿ ਹੁਣ ਕੀ  ਸਿੱਧੂ ਦੇ ਪੰਜਾਬ ਮਾਡਲ ਨੂੰ  ਚੋਣ ਮਨੋਰਥ ਪੱਤਰ ਦਾ ਹਿੱਸਾ ਬਣਾਇਆ ਜਾਏਗਾ  ਜਾਂ ਫੇਰ  ਜੇਕਰ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ  ਤੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ  ਹੋਣਗੇ  ਤੇ ਫਿਰ ਸਿੱਧੂ ਆਪਣਾ ਪੰਜਾਬ ਮਾਡਲ ਪੂਰੀ ਤਰ੍ਹਾਂ ਲਾਗੂ  ਕਰਵਾਉਣ ਚ ਸਫਲ ਹੋਣਗੇ?

ਦੂਜਾ ਸਵਾਲ ਇਹ  ਉੱਭਰ ਕੇ ਸਾਹਮਣੇ ਆ ਰਿਹਾ ਹੈ ਕੀ ਕਾਂਗਰਸ ਪਾਰਟੀ 2024 ‘ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ  ਨੀਤੀ ਤਿਆਰ ਕਰ ਰਹੀ ਹੈ? ਹੁਣ ਇੱਕ ਵਾਰ ਫਿਰ ਰਾਹੁਲ ਗਾਂਧੀ ਦੇ ਲੋਕ ਸਭਾ ਵਿੱਚ ਦਿੱਤੇ ਤਾਜ਼ਾ  ਭਾਸ਼ਨ ਵੱਲ ਧਿਆਨ ਜਾਂਦਾ ਹੈ  ਜਿਸ ਵਿੱਚ ਉਨ੍ਹਾਂ ਨੇ ਜ਼ਿਕਰ ਕੀਤਾ  ਕਿ ਕੇਂਦਰ ਚ ਬੈਠੇ ਮੌਜੂਦਾ ਹਾਕਮ ਦੇ ਲਏ ਫੈਸਲਿਆਂ ਕਾਰਨ ਮੁਲਕ ਦੋ ਹਿੱਸਿਆਂ , ਬਹੁਤ ਅਮੀਰ  ਤੇ ਗ਼ਰੀਬ, ਵਿੱਚ ਵੰਡਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਰਾਹੁਲ ਤੇ ਪ੍ਰਿਯੰਕਾ  ਲਗਾਤਾਰ  ਗਰੀਬ ਤੇ ਕਮਜ਼ੋਰ  ਲੋਕਾਂ ਦੇ  ਹਿੱਤਾਂ ਤੇ ਹੱਕਾਂ  ਲਈ  ਜੂਝਦੇ ਤੇ ਗੱਲ ਕਰਦੇ  ਨਜ਼ਰ ਆਏ ਹਨ। ਕਿਸਾਨੀ ਸੰਘਰਸ਼ ਦੌਰਾਨ  ਲਖੀਮਪੁਰ ਦੇ ਹਾਦਸੇ ਵੇਲੇ ਵੀ  ਕੋਰੋਨਾ ਕਾਲ ਦੌਰਾਨ ਉਹਨਾਂ ਜ਼ਮੀਨੀ ਹਾਲਾਤਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਪਹਿਲਾਂ  ਰਾਹੁਲ ਦੀਆਂ ਆਦੀਵਾਸੀਆਂ ਤੇ ਗਰੀਬ ਘਰਾਂ ਵਿੱਚ ਜਾ ਕੇ ਭੋਜਨ ਖਾਣ ਦੀਆਂ ਤਸਵੀਰਾਂ ਵੀ ਸਮੇਂ ਸਮੇਂ ਤੇ ਨਸ਼ਰ ਹੁੰਦੀਆਂ ਰਹੀਆਂ ਹਨ।

ਚੋਣਾਂ ਦੌਰਾਨ ਪ੍ਰਚਾਰ ਕਰਨ ਲਈ  ਉੱਤਰਾਖੰਡ  ਤੇ ਯੂਪੀ  ਲਈ ਕਾਂਗਰਸ ਵੱਲੋਂ  ਜਾਰੀ ਕੀਤੀਆ ਗਈਆ  ਜਿਨ੍ਹਾਂ ਲੀਡਰਾਂ  ਦੇ ਨਾਮਾਂ ਦੀਆਂ  ਲਿਸਟਾਂ ਆਈਆਂ ਹਨ  ਉਨ੍ਹਾਂ ਵਿੱਚ ਚਰਨਜੀਤ ਸਿੰਘ ਚੰਨੀ ਦਾ ਨਾਂਅ  ਦੇਖਿਆ ਜਾ ਸਕਦਾ ਹੈ। ਮਤਲਬ ਸਾਫ ਹੈ  ਕਿ ਕਾਂਗਰਸ ਪਾਰਟੀ   ਵੱਲੋਂ  ਪੰਜਾਬ ‘ਚ  ਸੁੱਟਿਆ ਗਿਆ ਗਰੀਬ ਘਰੋਂ ਉੱਠੇ ਲੀਡਰ ਨੂੰ  ਮੁੱਖ ਮੰਤਰੀ  ਬਣਾਉਣ ਵਾਲਾ ਕਾਰਡ ਹੁਣ  ਸ਼ਾਇਦ  ਬਾਕੀ ਸੂਬਿਆਂ ‘ਚ  ਰਹਿਣ ਵਾਲੇ  ਲੋਕਾਂ ਲਈ ਵੀ ਆਸ ਤੇ ਉਮੀਦ ਦਾ ਸੁਨੇਹਾ ਦੇਣ ਵੱਲ ਇੱਕ ਕਦਮ ਹੋ ਸਕਦਾ ਹੈ। ਪਰ ਇਸ ਸਮੇਂ  ਗੌਰ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਲੋਕ ਇਸ ਵਾਰ ਕਿਸ ਪਾਰਟੀ ਨੂੰ  ਬਹੁਮਤ ਦੇ ਕੇ ਜਤਾਉਂਦੇ ਹਨ ਤੇ ਸਰਕਾਰ ਬਣਾਉਣ ਦੇ  ਲਈ ਲੋੜੀਂਦੇ ਵਿਧਾਇਕਾਂ ਦੀ ਗਿਣਤੀ ਤੱਕ ਪਹੁੰਚਣ ਤੇਈ ਵੋਟਾਂ ਭੁਗਤਾਉਂਦੇ ਹਨ!

Share this Article
Leave a comment