ਚੰਡੀਗੜ੍ਹ : ਪੰਜਾਬ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਸੰਸਦ ਮੈਂਬਰ ਅਤੇ ਅਦਾਕਾਰ ਸੰਨੀ ਦਿਓਲ ਤੋਂ ਇਲਾਵਾ ਬਾਲੀਵੁੱਡ ਦੇ ਕਪੂਰ ਖਾਨਦਾਨ ਦੀ ਧੀ ਕ੍ਰਿਸ਼ਮਾ ਕਪੂਰ, 22 ਸਾਲ ਪੁਰਾਣੇ ਇੱਕ ਮਾਮਲੇ ‘ਚ ਬੁਰੀ ਤਰ੍ਹਾਂ ਉਲਝ ਗਏ ਹਨ। ਹਾਲਾਤ ਇਹ ਹਨ ਕਿ ਸੰਨੀ ਤੇ ਕ੍ਰਿਸ਼ਮਾਂ ਕਪੂਰ ਨੇ ਜੇਕਰ ਆਪਣੇ ਬਚਾਅ ਲਈ ਜਲਦੀ ਕੋਈ ਕਾਨੂੰਨੀ ਚਾਰਾਜੋਈ ਨਾ ਕੀਤੀ ਤਾਂ ਰੇਲ ਮੁਲਾਜ਼ਮਾਂ ਦੇ ਕੰਮ ‘ਚ ਵਿਘਨ ਪਾਉਣ ਤੇ ਬਿਨਾਂ ਮਨਜ਼ੂਰੀ ਰੇਲਵੇ ਦੇ ਅਧਿਕਾਰ ਖੇਤਰ ਵਾਲੇ ਹਿੱਸੇ ‘ਚ ਦਾਖਲ ਹੋਣ ਤੋਂ ਇਲਾਵਾ ਰੇਲਵੇ ਐਕਟ ਦੀਆਂ ਕੁਝ ਹੋਰ ਧਾਰਾਵਾਂ ਤਹਿਤ ਇਨ੍ਹਾਂ ਕਲਾਕਾਰਾਂ ਨੂੰ 6 ਮਹੀਨੇ ਲਈ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ। ਇਸ ਗੱਲ ਦੀ ਜਣਕਾਰੀ ਮਿਲਣ ਤੋਂ ਬਾਅਦ ਹੁਣ ਜਿੱਥੇ ਸੰਨੀ ਦੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਲੋਕਾਂ ਦੇ ਮੱਥੇ ‘ਤੇ ਚਿੰਤਾ ਦੀਆਂ ਲਕੀਰਾਂ ਖਿੱਚ ਗਈਆਂ ਨੇ ਸੰਨੀ ਦੀ ਜ਼ਿੰਦਗੀ ‘ਚ ਸੁੱਖ ਸ਼ਾਂਤੀ ਲਈ ਦੁਆਵਾਂ ਮੰਗ ਰਹੇ ਨੇ, ਉੱਥੇ ਦੂਜੇ ਪਾਸੇ ਸੂਤਰਾਂ ਅਨੁਸਾਰ ਸੰਨੀ ਦੇ ਕਰੀਬੀ ਭਾਜਪਾ ਆਗੂਆਂ ਨੇ ਤਾਂ ਇਹ ਮਾਮਲਾ ਭਾਜਪਾ ਪ੍ਰਧਾਨ ਅਮਿਤ ਸ਼ਾਹ ਰਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਰਬਾਰ ਤੱਕ ਪਹੁੰਚ ਦਿੱਤਾ ਹੈ।
ਦੱਸ ਦਈਏ ਕਿ ਸਾਲ 1997 ਦੌਰਾਨ ਜਦੋਂ ਸੰਨੀ ਤੇ ਕ੍ਰਿਸ਼ਮਾਂ ਆਪਣੇ ਕੁਝ ਹੋਰ ਸਾਥੀ ਕਲਾਕਾਰਾਂ ਨਾਲ ਫਿਲਮ ਬਜਰੰਗ ਦੀ ਸ਼ੂਟਿੰਗ ਲਈ ਰਾਜਸਥਾਨ ਗਏ ਸਨ ਤਾਂ ਉਥੇ 2413-ਏ ਅਪਲਿੰਕ ਐਕਸਪ੍ਰੈਸ ਗੱਡੀ ਸਬੰਧੀ ਇਸ ਗੱਲ ਨੂੰ ਲੈਕੇ ਰੌਲਾ ਪੈ ਗਿਆ ਸੀ ਕਿ ਸੰਨੀ ਦਿਓਲ ਤੇ ਕ੍ਰਿਸ਼ਮਾਂ ਕਪੂਰ ਤੋਂ ਇਲਾਵਾ ਕਈ ਹੋਰ ਕਲਾਕਾਰਾਂ ਨੇ ਰੇਲ ਗੱਡੀ ਦੀ ਚੇਨ ਖਿੱਚ ਕੇ ਗੱਡੀ ਨੂੰ 25 ਮਿੰਟ ਲੇਟ ਕਰਵਾ ਦਿੱਤਾ ਹੈ।ਇਸ ਦੌਰਾਨ ਸੰਨੀ ਤੇ ਕ੍ਰਿਸ਼ਮਾਂ ਤੋਂ ਇਲਾਵਾ ਸਟੰਟਮੈਨ ਟੀਨੂੰ ਵਰਮਾ ਅਤੇ ਸਤੀਸ਼ ਸ਼ਾਹ ‘ਤੇ ਇਹ ਦੋਸ਼ ਵੀ ਲੱਗੇ ਸਨ ਕਿ ਉਹ ਬਿਨਾਂ ਇਜ਼ਾਜਤ ਰੇਲਵੇ ਦੇ ਅਧਿਕਾਰ ਖੇਤਰ ਵਾਲੇ ਇਲਾਕੇ ‘ਚ ਦਾਖਲ ਹੋਏ ਤੇ ਉਨ੍ਹਾਂ ਨੇ ਰੇਲਵੇ ਮੁਲਾਜ਼ਮਾਂ ਦੇ ਕੰਮ ਵਿੱਚ ਵਿਘਨ ਪਾਇਆ। ਇਸ ਤੋਂ ਬਾਅਦ ਰੇਲਵੇ ਪੁਲਿਸ ਨੇ ਸੰਨੀ ਦਿਓਲ ਤੇ ਕ੍ਰਿਸ਼ਮਾਂ ਕਪੂਰ ਦੇ ਖਿਲਾਫ ਰੇਲਵੇ ਐਕਟ ਦੀ ਧਾਰਾ 141, 145, 146 ਤੇ 147 ਤਹਿਤ ਤਹਿਤ ਮਾਮਲਾ ਦਰਜ ਕੀਤਾ ਸੀ
ਉਸੇ ਮਾਮਲੇ ‘ਚ ਜੈਪੁਰ ਦੀ ਰੇਲਵੇ ਅਦਾਲਤ ਨੇ ਹੁਣ ਸੰਨੀ ਤੇ ਕ੍ਰਿਸ਼ਮਾਂ ਤੋਂ ਇਲਾਵਾ ਇਸ ਕੇਸ ‘ਚ ਉਨ੍ਹਾਂ ਦੇ ਕੁਝ ਹੋਰ ਸਾਥੀਆਂ ਖਿਲਾਫ ਦੋਸ਼ ਆਇਦ ਕੀਤੇ ਹਨ। ਜਿਸ ਤੋਂ ਬਾਅਦ ਸੰਨੀ ਤੇ ਕ੍ਰਿਸ਼ਮਾਂ ਦੇ ਵਕੀਲ ਏ ਕੇ ਜੈਨ ਨੇ ਲਾਂਘੇ ਬੁਧਵਾਰ ਨੂੰ ਹੇਠਲੀ ਅਦਾਲਤ ਦੇ ਉਨ੍ਹਾਂ ਹੁਕਮਾਂ ਨੂੰ ਸ਼ੈਸ਼ਨ ਅਦਾਲਤ ‘ਚ ਚੁਣੌਤੀ ਦਿੱਤੀ ਸੀ। ਅਦਾਲਤ ‘ਚ ਵਕੀਲ ਏ ਕੇ ਜੈਨ ਨੇ ਦੱਸਿਆ ਕਿ ਇਸ ਮਾਮਲੇ ‘ਚ ਪਹਿਲਾਂ ਇਨ੍ਹਾਂ ਅਦਾਕਾਰਾਂ ਨੂੰ ਸੈਸ਼ਨ ਅਦਾਲਤ ਨੇ ਬਰੀ ਕਰ ਦਿੱਤਾ ਸੀ ਪਰ ਹੁਣ ਰੇਲਵੇ ਦੀ ਅਦਾਲਤ ਨੇ ਉਨ੍ਹਾਂ ਕਲਾਕਾਰਾਂ ਵਿਰੁੱਧ ਦੋਸ਼ ਆਇਦ ਕਰ ਦਿੱਤੇ ਹਨ। ਅਦਾਲਤ ਨੇ ਇਸ ਕੇਸ ਦੀ ਅਗਲੀ ਸੁਣਵਾਈ ਆਉਂਦੀ 24 ਸਤੰਬਰ ਵਾਲੇ ਦਿਨ ਤੈਅ ਕੀਤੀ ਹੈ।
ਭਾਂਵੇ ਇਸ ਮਾਮਲੇ ‘ਚ ਸੰਨੀ ਦਿਓਲ ਦੇ ਨਾਲ ਕ੍ਰਿਸ਼ਮਾਂ ਕਪੂਰ, ਸਤੀਸ਼ ਸ਼ਾਹ ਤੋਂ ਇਲਾਵਾ ਸਟੰਟਮੈਨ ਟੀਨੂੰ ਵਰਮਾ ਵੀ ਉਲਝਦੇ ਦਿਸ ਰਹੇ ਨੇ ਪਰ ਪੰਜਾਬ ‘ਚ ਸੰਨੀ ਦਿਓਲ ਦੇ ਲੋਕ ਸਭਾ ਹਲਕਾ ਗੁਰਦਾਸਪੁਰ ‘ਚ ਇਹ ਚਰਚਾ ਛਿੜ ਗਈ ਹੈ ਕਿ ਸੰਨੀ ਨੂੰ ਸਿਆਸਤ ਰਾਸ ਨਹੀਂ ਆਈ, ਕਿਉਂਕਿ ਜਿਸ ਦਿਨ ਤੋਂ ਸੰਨੀ ਨੇ ਲੋਕ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ, ਉਸ ਦਿਨ ਤੋਂ ਹੀ ਨਾ ਸਿਰਫ ਥਾਣੇ ਅਤੇ ਕੋਰਟ ਕਚਹਿਰੀਆਂ ‘ਚ ਉਨ੍ਹਾਂ ਖਿਲਾਫ ਦਰਜ ਹੋਣ ਵਾਲੇ ਮਾਮਲੇ ਹੱਥ ਧੋ ਕੇ ਪਿੱਛੇ ਪੈ ਗਏ ਹਨ ਬਲਕਿ ਇੱਕ ਵਾਰ ਤਾਂ ਚੋਣ ਪ੍ਰਚਾਰ ਦੌਰਾਨ ਹੋਏ ਸੜਕ ਹਾਦਸੇ ਉਨ੍ਹਾਂ ਦੀ ਜਾਨ ਜਾਂਦੀ ਜਾਂਦੀ ਵੀ ਬਚੀ ਸੀ। ਅਜਿਹੇ ਵਿੱਚ ਸੰਨੀ ਨੂੰ ਚਾਹੁਣ ਵਾਲੇ ਜਿੱਥੇ ਉਨ੍ਹਾਂ ਦੀ ਜ਼ਿੰਦਗੀ ‘ਚ ਸੁੱਖ ਸ਼ਾਂਤੀ ਦੀਆਂ ਅਰਦਾਸਾਂ ਕਰ ਰਹੇ ਨੇ ਉੱਥੇ ਦੂਜੇ ਪਾਸੇ ਸੂਤਰਾਂ ਅਨੁਸਾਰ ਭਾਜਪਾ ਵਾਲੇ ਸੰਨੀ ਨੂੰ ਅਦਾਲਤੀ ਕਾਰਵਾਈ ਤੋਂ ਬਚਾਉਣ ਲਈ ਕਾਨੂੰਨੀ ਚਾਰਜ਼ੋਈਆਂ ਤੇ ਰੇਲ ਮੰਤਰੀ ਤੱਕ ਪਹੁੰਚ ਕਰਕੇ ਮਾਮਲਾ ਰੇਲਵੇ ਰਾਹੀਂ ਵੀ ਹੱਲ ਕਰਵਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਦੀਆਂ ਦੁਆਵਾਂ ਤੇ ਸਿਆਸੀ ਚਾਰਜ਼ੋਈਆਂ ਵਿੱਚੋਂ ਪਹਿਲਾਂ ਕਿਹੜੀ ਚੀਜ਼ ਅਸਰ ਕਰਦੀ ਐ।