-ਸੁਬੇਗ ਸਿੰਘ;
ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਅੱਜ ਕੱਲ੍ਹ ਓਲੰਪਿਕ ਖੇਡਾਂ ਚੱਲ ਰਹੀਆਂ ਹਨ। ਇਨ੍ਹਾਂ ਵਿੱਚ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਨਾਲ ਸੰਬੰਧਤ ਖਿਡਾਰੀਆਂ ਦਾ ਵਧੀਆ ਪ੍ਰਦਰਸ਼ਨ ਹੈ। ਉਨ੍ਹਾਂ ਦਾ ਪਿਛੋਕੜ ਨਿਮਨ ਵਰਗ ਨਾਲ ਹੋਣ ਕਰਕੇ ਉਨ੍ਹਾਂ ਨੂੰ ਉਹ ਸਹੂਲਤਾਂ ਨਹੀਂ ਮਿਲਦੀਆਂ ਜੋ ਖਿਡਾਰੀਆਂ ਨੂੰ ਮਿਲਣੀਆਂ ਚਾਹੀਦੀਆਂ ਹਨ। ਇਨ੍ਹਾਂ ਦੇ ਸੰਘਰਸ਼ ਅਤੇ ਮੇਹਨਤ ਨੇ ਆਪਣੇ ਦੇਸ਼ ਭਾਰਤ ਦਾ ਨਾਂ ਮੈਡਲ ਟੈਲੀ ਵਿਚ ਸ਼ਾਮਿਲ ਕਰਵਾ ਦਿੱਤਾ। ਹਰ ਖੇਤਰ ਵਿੱਚ ਸੰਘਰਸ਼, ਮੇਹਨਤ ਅਤੇ ਇਮਾਨਦਾਰੀ ਹੀ ਕਾਮਯਾਬੀ ਦੀਆਂ ਬੁਲੰਦੀਆਂ ਉਪਰ ਪਹੁੰਚਾਉਂਦੀ ਹੈ। ਇਨਸਾਨ ਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ।
ਜਿੰਦਗੀ ਇੱਕ ਸੰਘਰਸ਼ ਹੈ। ਇਹ ਸੰਘਰਸ਼ ਮਨੁੱਖ ਦੇ ਜਨਮ ਤੋਂ ਸ਼ੁਰੂ ਹੋ ਕੇ ਉਹਦੀ ਮੌਤ ਦੇ ਨਾਲ ਹੀ ਖਤਮ ਹੁੰਦਾ ਹੈ। ਵੈਸੇ ਵੀ ਉਹ ਮਨੁੱਖ ਕਾਹਦਾ ਬੰਦਾ ਹੈ, ਜਿਸਨੇ ਕਦੇ ਜਿੰਦਗੀ ‘ਚ ਸੰਘਰਸ਼ ਹੀ ਨਾ ਕੀਤਾ ਹੋਵੇ। ਸੰਘਰਸ਼ਾਂ ਦੇ ਨਾਲ ਹੀ ਮਨੁੱਖ ਦੀ ਜਿੰਦਗੀ ਦਾ ਰੁਖ ਬਦਲਦਾ ਹੈ। ਜਿਸ ਤਰ੍ਹਾਂ ਕੁਠਾਲੀ ‘ਚ ਤਪੇ ਤੋਂ ਬਿਨਾਂ ਸੋਨੇ ਦੀ ਪਰਖ ਨਹੀਂ ਹੁੰਦੀ ਅਤੇ ਹੀਰੇ ਦੀ ਪਰਖ ਤਰਾਸ਼ੇ ਤੋਂ ਬਿਨਾਂ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਸੰਘਰਸ਼ਾਂ ਦੇ ਰਾਹਾਂ ‘ਚੋਂ ਗੁਜਰੇ ਬਿਨਾਂ ਮਨੁੱਖ ਦੀ ਜਿੰਦਗੀ ਵੀ ਬੇਕਾਰ ਅਤੇ ਜਿਉਂਦੀ ਜਾਗਦੀ ਲਾਸ਼ ਦੀ ਤਰ੍ਹਾਂ ਹੀ ਤਾਂ ਹੁੰਦੀ ਹੈ।
ਸਿਆਣੇ ਕਹਿੰਦੇ ਹਨ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਅਸਲ ਵਿੱਚ ਬੱਚੇ ਦਾ ਰੋ ਕੇ ਦੁੱਧ ਦੀ ਮੰਗ ਕਰਨਾ ਤੇ ਆਪਣਾ ਹੱਕ ਪ੍ਰਾਪਤ ਕਰਨਾ ਵੀ ਤਾਂ ਇੱਕ ਤਰ੍ਹਾਂ ਨਾਲ ਸੰਘਰਸ਼ ਦੀ ਸ਼ੁਰੂਆਤ ਹੀ ਤਾਂ ਹੁੰਦੀ ਹੈ। ਅਗਰ ਇਹ ਛੋਟੀ ਜਿਹੀ ਗੱਲ ਮਨੁੱਖ ਨੂੰ ਸਮਝ ਆ ਜਾਵੇ, ਕਿ ਜਿੰਦਗੀ ਵਿੱਚ ਕੁੱਝ ਪਾਉਣ ਲਈ ਹੱਥ ਪੈਰ ਤਾਂ ਮਾਰਨੇ ਹੀ ਪੈਂਦੇ ਹਨ, ਤਾਂ ਸੱਚਮੁੱਚ ਹੀ ਮਨੁੱਖ ਆਪਣੀ ਜਿੰਦਗੀ ਵਿੱਚ ਨਾ ਹੀ ਕਦੇ ਡੋਲ੍ਹਦਾ ਹੈ ਅਤੇ ਨਾ ਹੀ ਮਨੁੱਖ ਦੀ ਜਿੰਦਗੀ ਚ ਕਦੇ ਨਿਰਾਸ਼ਤਾ ਹੀ ਆਉਂਦੀ ਹੈ। ਅਸਲ ਵਿੱਚ ਬਿਨਾਂ ਸੰਘਰਸ਼ ਤੋਂ ਪ੍ਰਾਪਤ ਕੀਤੀ ਹੋਈ ਕਿਸੇ ਚੀਜ ਨੂੰ ਗੁਆਉਣ ਦੇ ਨਾਲ ਹੀ ਮਨੁੱਖ ਨੂੰ ਨਿਰਾਸ਼ਤਾ ਵੀ ਘੇਰ ਲੈਂਦੀ ਹੈ। ਜਿਸਦੇ ਸਿੱਟੇ ਬੜੇ ਭਿਆਨਕ ਨਿੱਕਲਦੇ ਹਨ। ਦੂਸਰੀ ਪਾਸੇ ਇਹ ਵੀ ਸੱਚ ਹੈ ਕਿ ਹਰ ਸੌਖੇ ਤਰੀਕੇ ਨਾਲ ਪ੍ਰਾਪਤ ਕੀਤੀ ਹੋਈ ਕਿਸੇ ਚੀਜ ਦਾ ਐਨਾ ਅਨੰਦ ਵੀ ਨਹੀਂ ਆਉਂਦਾ, ਜਿਹੋ ਜਿਹਾ ਸੰਘਰਸ਼ ਨਾਲ ਪ੍ਰਾਪਤ ਕੀਤੀ ਹੋਈ ਚੀਜ ਦਾ ਆਉਂਦਾ ਹੈ। ਗੁਲਾਬ ਦੇ ਫੁੱਲਾਂ ਦੀ ਸੁਗੰਧੀ ਲੈਣ ਲਈ ਕੰਡਿਆਂ ਦਾ ਸਾਹਮਣਾ ਤਾਂ ਕਰਨਾ ਹੀ ਪੈਂਦਾ ਹੈ।
ਇਹ ਗੱਲ ਰੱਤੀ ਭਰ ਵੀ ਝੂਠ ਨਹੀਂ ਹੈ ਕਿ ਜਿੰਦਗੀ ਵਿੱਚ ਮੁੱਲ ਤਾਂ ਮਿਹਨਤ ਦਾ ਹੀ ਪੈਂਦਾ ਹੈ। ਮੁਫਤ ‘ਚ ਮਿਲੀ ਹੋਈ ਧਨ ਦੌਲਤ ਅਤੇ ਮੁਫਤ ਚ ਮਿਲੇ ਹੋਏ ਤੋਹਫੇ ਤਾਂ ਐਵੇਂ ਬੇਕਾਰ ਹੀ ਲੱਗਦੇ ਹਨ। ਵਿਹਲੇ ਬੈਠਿਆਂ ਖਾਣ ਦੀ ਆਦਤ ਨਾਲ ਤਾਂ ਇੱਕ ਦਿਨ ਛੱਤੀ ਪ੍ਰਕਾਰ ਦੇ ਭੋਜਨ ਵੀ ਬੇਸੁਆਦੀ ਲੱਗਣ ਲੱਗ ਪੈਂਦੇ ਹਨ। ਵੈਸੇ ਵੀ ਵਿਹਲੇ ਬੰਦੇ ਅਤੇ ਵਿਹਲੀਆਂ ਖਾਣ ਵਾਲੇ ਨੂੰ ਲੋਕ ਇੱਜਤ ਦੀ ਨਜਰ ਨਾਲ ਵੀ ਤਾਂ ਨਹੀਂ ਵੇਖਦੇ। ਇਸ ਲਈ ਸਖਤ ਮਿਹਨਤ ਤੇ ਸੰਘਰਸ਼ਾਂ ਦਾ ਰਾਹ ਹੀ ਜਿੰਦਗੀ ਦਾ ਸਭ ਤੋਂ ਉੱਤਮ ਰਾਹ ਹੈ। ਭਾਵੇਂ ਇਸ ਰਾਹ ‘ਤੇ ਚੱਲਦਿਆਂ ਲੱਖ ਔਕੜਾਂ ਦਾ ਸਾਹਮਣਾ ਹੀ ਕਰਨਾ ਪੈਂਦਾ ਹੈ। ਪਰ ਇਹ ਰਾਹ ਹੀ ਇੱਕ ਨਾ ਇੱਕ ਦਿਨ ਮਨੁੱਖ ਨੂੰ ਅਸਮਾਨ ਦੀਆਂ ਬੁਲੰਦੀਆਂ ਤੇ ਪਹੁੰਚਾ ਦਿੰਦਾ ਹੈ।
ਇਹ ਇੱਕ ਅਟੱਲ ਸਚਾਈ ਹੈ, ਕਿ ਦੁਸਰੇ ਦੇ ਟੁਕੜਿਆਂ ਤੇ ਪਲਣ ਵਾਲੇ ਕਦੇ ਜਿੰਦਗੀ ਚ ਮੱਲ੍ਹਾਂ ਨਹੀਂ ਮਾਰ ਸਕਦੇ ਅਤੇ ਨਾ ਹੀ ਕੋਈ ਇਤਿਹਾਸ ਹੀ ਸਿਰਜ ਸਕਦੇ ਹਨ। ਜਿਹੜੇ ਲੋਕ ਹਾਰਾਂ ਦੇ ਬਾਵਜੂਦ ਸੰਘਰਸ਼ਾਂ ਦਾ ਰਾਹ ਨਹੀਂ ਤਿਆਗਦੇ ਅਤੇ ਆਪਣੇ ਸੰਘਰਸ਼ ਨੂੰ ਜਾਰੀ ਰੱਖਦੇ ਹਨ,ਸਿਰਫ ਉਹ ਲੋਕ ਹੀ ਇਤਿਹਾਸ ਸਿਰਜਦੇ ਹਨ। ਘਰ ਬੈਠ ਕੇ ਮਾਪਿਆਂ ਦੀ ਕਮਾਈ ‘ਤੇ ਪਲਣ ਵਾਲੇ ਜਾਂ ਬੇਗਾਨਿਆਂ ਦੇ ਸਿਰ ‘ਤੇ ਢਿੱਡ ਭਰਨ ਵਾਲੇ ਤਾਂ ਆਪਣੀ ਜਿੰਦਗੀ ਦਾ ਨਿਰਵਾਹ ਹੀ ਕਰਦੇ ਹਨ,ਕੋਈ ਬਹੁਤੀਆਂ ਮੱਲ੍ਹਾਂ ਨਹੀਂ ਮਾਰ ਸਕਦੇ। ਅਜਿਹੇ ਲੋਕ ਥੋੜ੍ਹੇ ਸਮੇਂ ਲਈ ਤਾਂ ਆਪਣੀ ਝੂਠੀ ਮੂਠੀ ਬੱਲ੍ਹੇ 2 ਕਰਵਾ ਲੈਂਦੇ ਹਨ।ਪਰ ਅਖੀਰ ਜਿੰਦਗੀ ‘ਚ ਬੇਇੱਜ਼ਤ ਹੀ ਹੁੰਦੇ ਹਨ।
ਸਭ ਤੋਂ ਵੱਡੀ ਅਤੇ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੁੰਦੀ ਹੈ,ਕਿ ਇਸ ਸੰਘਰਸ਼ ਦੇ ਰਾਹ ਤੇ ਚੱਲਦਿਆਂ ਕਦੇ ਜਿੱਤ ਅਤੇ ਕਦੇ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ। ਇਤਿਹਾਸ ਸਿਰਜਣ ਲਈ ਤਾਂ ਔਖੇ ਤੇ ਪੈਂਡੇ ਰਾਹਾਂ ਤੇ ਚੱਲਣਾ ਹੀ ਪੈਣਾ ਹੈ। ਅਜਿਹੇ ਵਿਲੱਖਣ ਰਾਹਾਂ ਤੇ ਚੱਲਦਿਆਂ ਮਨੁੱਖ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਜਿਸਦੇ ਕਾਰਨ ਕਈ ਵਾਰ ਜਿੱਤ ਤੇ ਕਈ ਵਾਰ ਹਾਰ ਹੁੰਦੀ ਹੈ। ਪਰ ਅਸਲੀ ਇਨਸਾਨ ਉਹ ਹੀ ਹੁੰਦਾ ਹੈ,ਜਿਹੜਾ ਇਨ੍ਹਾਂ ਹਾਰਾਂ ਤੋਂ ਘਬਰਾਉਂਦਾ ਨਹੀਂ, ਸਗੋਂ ਇੰਨ੍ਹਾਂ ਹਾਰਾਂ ਤੋਂ ਸਬਕ ਸਿੱਖ ਕੇ ਪੂਰੀ ਤਿਆਰੀ ਦੇ ਨਾਲ ਸੰਘਰਸ਼ ਦਾ ਰਾਹ ਫੜ੍ਹਦੇ ਹਨ ਅਤੇ ਜਿੱਤ ਦੇ ਘੋੜੇ ਤੇ ਸਵਾਰ ਹੁੰਦੇ ਹਨ। ਇਹੋ ਜਿੰਦਗੀ ਦਾ ਅਸਲੀ ਰਾਹ ਹੁੰਦਾ ਹੈ ਅਤੇ ਇਹੋ ਹੀ ਜਿੰਦਗੀ ਦੀ ਅਸਲੀ ਮੰਜਿਲ ਵੀ ਹੋਣੀ ਚਾਹੀਦੀ ਹੈ।
ਸੰਪਰਕ: 93169 10402