Home / ਓਪੀਨੀਅਨ / “ਪੰਜਾਬ ਜਿਉਂਦਾ ਗੁਰਾਂ ਦੇ ਨਾਂ”

“ਪੰਜਾਬ ਜਿਉਂਦਾ ਗੁਰਾਂ ਦੇ ਨਾਂ”

-ਜਗਤਾਰ ਸਿੰਘ ਸਿੱਧੂ

ਸਾਕਾ ਨੀਲਾ ਤਾਰਾ! ਕੇਂਦਰ ਸਰਕਾਰ ਦੇ ਹੁਕਮਾਂ ‘ਤੇ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ‘ਤੇ ਕੀਤੇ ਹਮਲੇ ਨਾਲ ਜੁੜੇ ਤੱਥਾਂ ਦੀ ਜਾਣਕਾਰੀ ਦੇਣ ਲਈ ਅਧਿਕਾਰਤ ਧਿਰਾਂ ਬੇਸ਼ੱਕ ਅੱਜ ਤੱਕ ਚੁੱਪ ਵੱਟੀ ਬੈਠੀਆਂ ਹਨ ਪਰ ਇਸ ਹਮਲੇ ਦੇ ਵਿਰੋਧ/ਰੋਸ ਵਿੱਚ ਪੰਜਾਬ ਅੰਦਰ ਇੱਕ ਤੂਫਾਨ ਉਠਿਆ। ਇਹ ਹਮਲਾ ਕੇਵਲ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਤੱਕ ਸੀਮਤ ਨਹੀਂ ਸੀ ਸਗੋਂ ਪੰਜਾਬ ਦੇ ਹੋਰ 38 ਤੋਂ ਵਧੇਰੇ ਗੁਰਦੁਆਰਿਆਂ ਅੰਦਰ ਫੌਜ ਨੇ ਕਾਰਵਾਈ ਕੀਤੀ। ਜਿਸ ਦੀ ਪੂਰੀ ਸੱਚਾਈ ਕਦੇ ਵੀ ਸਾਹਮਣੇ ਨਹੀਂ ਆਈ। ਇਸ ਸਾਰੇ ਵਰਤਾਰੇ ਵਿਰੁੱਧ ਰੋਸ ਦਾ ਅੰਦਾਜ਼ਾ ਇੱਥੋਂ ਲਾਇਆ ਜਾ ਸਕਦਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਨ੍ਹਾਂ ਦੇ ਮੁੱਖ ਸਾਥੀਆਂ ਦੀ ਹਮਲੇ ਵਿੱਚ ਸ਼ਹਾਦਤ ਦੇ ਬਾਅਦ ਲੰਮਾ ਸਮਾਂ ਬੈਚੈਨੀ ਅਤੇ ਟਕਰਾਅ ਦੌਰ ਚੱਲਿਆ।

ਪੰਜਾਬ ਦੀ ਰਵਾਇਤੀ ਧਿਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਧਰਮ ਯੁੱਧ ਮੋਰਚਾ ਸ਼ੁਰੂ ਕੀਤਾ। ਇਨ੍ਹਾਂ ਮੰਗਾਂ ਦਾ ਤਾਂ ਕੁਝ ਨਾ ਬਣਿਆ ਪਰ ਫੌਜ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਆਜ਼ਾਦ ਭਾਰਤ ਦੇ ਇਤਿਹਾਸ ‘ਚ ਨਾ ਬੋਲੇ ਜਾਣ ਵਾਲੇ ਕਲੰਕ ਦਾ ਚੈਪਟਰ ਜੋੜ ਦਿੱਤਾ। ਬਾਅਦ ਵਿੱਚ ਸੁਰਜੀਤ ਸਿੰਘ ਬਰਨਾਲਾ ਦੇ ਰੂਪ ਵਿੱਚ ਅਕਾਲੀ ਦਲ ਦੀ ਸਰਕਾਰ ਬਣ ਗਈ। ਸਿੱਖ ਭਾਈਚਾਰੇ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ ਕਿ ਐਨੇ ਵੱਡੇ ਸੰਘਰਸ਼ ਅਤੇ ਕੁਰਬਾਨੀਆਂ ਤੋਂ ਬਾਅਦ ਪੰਜਾਬ ਵਿੱਚ ਬਣੀ ਸਰਕਾਰ ਕੇਂਦਰ ਦੀ ਕਠਪੁਤਲੀ ਸਰਕਾਰ ਹੋਵੇਗੀ। ਹਜ਼ਾਰਾਂ ਬੇਕਸੂਰ ਪੰਜਾਬੀ ਮਾਰੇ ਗਏ ਅਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਫੌਜੀ ਹਮਲੇ ਕਾਰਨ ਬਹੁਤ ਵੱਡੀ ਸੱਟ ਵਜੀ। ਅਕਾਲੀ ਸਰਕਾਰ ਨੇ ਇਸ ਘੱਲੂਘਾਰੇ ਨਾਲ ਜੁੜੇ ਤੱਥਾਂ ਨੂੰ ਇਕੱਠੇ ਕਰਨ ਲਈ ਤਾਂ ਕੀ ਠੋਸ ਕਦਮ ਲੈਣੇ ਸਨ ਸਗੋਂ ਇਸ ਸਰਕਾਰ ਦੇ ਸਮੇਂ ਵਿੱਚ ਵੀ ਪੁਲਿਸ ਨੇ ਸ੍ਰੀ ਹਰਿਮੰਦਰ ਸਾਹਿਬ ‘ਤੇ ਇੱਕ ਹੋਰ ਹਮਲਾ ਕਰ ਦਿੱਤਾ। ਇਸ ਵਾਰ ਵੀ ਕਿਹਾ ਗਿਆ ਕਿ ਕੰਪਲੈਕਸ ਛੁਪੇ ਖਾੜਕੂਆਂ ਨੂੰ ਬਾਹਰ ਕੱਢਣ ਲਈ ਇਹ ਕੀਤਾ ਗਿਆ।

ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਇਸ ਕਾਰਵਾਈ ਤੋਂ ਬਾਅਦ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੰਸ ਕੀਤੀ। ਉਸ ਪ੍ਰੈਸ ਕਾਨਫਰੰਸ ‘ਚ ਪੱਤਰਕਾਰਾਂ ਵੱਲੋਂ ਮੈਂ ਵੀ ਸ਼ਾਮਲ ਸੀ। ਮੈਂ ਮੁੱਖ ਮੰਤਰੀ ਬਰਨਾਲਾ ਨੂੰ ਸੁਆਲ ਕੀਤਾ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਪੁਲਿਸ ਭੇਜਣ ਦਾ ਫੈਸਲਾ ਮੰਤਰੀ ਮੰਡਲ ਨੇ ਲਿਆ ਸੀ? ਬਰਨਾਲਾ ਨੂੰ ਭਰੀ ਪ੍ਰੈਸ ਕਾਨਫਰੰਸ ਵਿੱਚ ਇਹ ਕਹਿਣਾ ਪਿਆ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਇਕੱਲਿਆਂ ਦਾ ਸੀ। ਇਸ ਨਾਲ ਸਾਫ ਹੋ ਗਿਆ ਕਿ ਕੇਂਦਰ ਦੇ ਫੈਸਲੇ ‘ਤੇ ਹੀ ਬਰਨਾਲਾ ਨੇ ਕੰਪਲੈਕਸ ਅੰਦਰ ਪੁਲਿਸ ਭੇਜੀ ਸੀ ਅਤੇ ਇਸ ਕਾਰਵਾਈ ਨੂੰ ਵੀ ਅਮਲ ਵਿੱਚ ਲਿਆਉੇਣ ਤੋਂ ਪਹਿਲਾਂ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਪੰਜਾਬ ਦੀ ਬਦਕਿਸਮਤੀ ਵੇਖੋ ਕਿ ਅਕਾਲ ਤਖਤ ਸਾਹਿਬ ਢਹਿਣ ਬਾਅਦ ਅਤੇ ਹਜ਼ਾਰਾਂ ਬੇਕਸੂਰ ਲੋਕਾਂ ਦੇ ਮਾਰੇ ਜਾਣ ਬਾਅਦ ਬਣੀ ਅਖੌਤੀ ਪੰਥਕ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ‘ਤੇ ਦੂਜਾ ਹਮਲਾ ਕਰਨ ਵਿੱਚ ਕੇਂਦਰ ਦੀ ਮਦਦ ਕੀਤੀ। ਕਿਹਾ ਜਾਂਦਾ ਹੈ ਕਿ ਕੇਂਦਰ ਉਸ ਵੇਲੇ ਵੀ ਕੰਪਲੈਕਸ ਅੰਦਰ ਫੌਜ ਭੇਜਣਾ ਚਾਹੁੰਦੀ ਸੀ ਪਰ ਕਿਸੇ ਤਰ੍ਹਾਂ ਇਹ ਸਕੀਮ ਸਿਰੇ ਨਾ ਚੜ੍ਹੀ। ਕਾਂਗਰਸ ਇਸ ਹਮਲੇ ਦਾ ਲਾਹਾ ਵੋਟਾਂ ਵਿੱਚ ਬਾਕੀ ਮੁਲਕ ਅੰਦਰ ਲੈਣਾ ਚਾਹੁੰਦੀ ਸੀ। ਰਾਜੀਵ-ਲੌਂਗੋਵਾਲ ਸਮਝੌਤੇ ਦੇ ਨਾਂ ਹੇਠ ਪਹਿਲਾਂ ਹੀ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਦੇ ਦਸਤਾਵੇਜਾਂ ‘ਤੇ ਅਕਾਲੀ ਲੀਡਰਸ਼ਿਪ ਦਸਤਖਤ ਕਰ ਚੁੱਕੀ ਸੀ। ਪੰਜਾਬ ਵਿੱਚ ਸਮੇਂ ਨਾਲ ਅਕਾਲੀ ਦਲ ਅੰਦਰ ਬਰਨਾਲਾ ਤਾਂ ਐਨਾ ਕਮਜ਼ੋਰ ਪੈ ਗਿਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਛੇਤੀ ਹੀ ਉਸ ਨੂੰ ਅਕਾਲੀ ਦਲ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਸੀ।

ਬਾਦਲ ਨੇ ਭਾਰਤੀ ਜਨਤਾ ਪਾਰਟੀ ਦੇ ਸਮੇਂ ਸਮੇਂ ਬਦਲਦੇ ਰਹੇ ਰੂਪਾਂ ਨਾਲ ਆਪਣਾ ਪੱਕਾ ਹੱਥ ਮਿਲਾ ਲਿਆ। ਸੱਤਾ ਹਾਸਲ ਕਰਨ ਲਈ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਣ ਜਮਾਤ ਆਖਦੇ ਰਹੇ। ਕਾਂਗਰਸ ਦੇ ਬੱਜਰ ਗੁਨਾਹ ਤਾਂ ਸਭ ਦੇ ਸਾਹਮਣੇ ਸਨ ਪਰ ਪੰਜਾਬ ਦੇ ਮੁੱਦੇ ਸੱਤਾ ਦੀ ਲਾਲਸਾ ਨੇ ਸਦਾ ਲਈ ਭੁਲਾ ਦਿਤੇ। ਚੰਡੀਗੜ੍ਹ, ਦਰਿਆਈ ਪਾਣੀ, ਪੰਜਾਬ ਬੋਲਦੇ ਇਲਾਕੇ ਅਤੇ ਪੰਜਾਬੀ ਜੁਬਾਨ ਵਰਗੇ ਮੁੱਦੇ ਕੇਵਲ ਰਾਜਪਾਲ ਦੇ ਪੰਜਾਬ ਵਿਧਾਨ ਸਭਾ ਦੇ ਭਾਸ਼ਨ ਦਾ ਸ਼ਿੰਗਾਰ ਬਣ ਕੇ ਰਹਿ ਗਏ। ਦੇਸ਼ ਦੇ ਫੈਡਰਲ ਢਾਂਚੇ ‘ਤੇ ਹੋ ਰਹੇ ਹਮਲਿਆਂ ਬਾਰੇ ਅਕਾਲੀ ਦਲ ਚੁੱਪ ਹੈ। ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਪਰ ਪੰਜਾਬ ਤਬਾਹ ਹੋ ਗਿਆ। ਕੌਣ ਹੈ ਜ਼ਿੰਮੇਵਾਰ? ਸੁਆਲ ਤਾਂ ਉੱਠਣਗੇ? ਮੁਗਲ ਸਲਤਨਤ ਦੀਆਂ ਜੜ੍ਹਾਂ ਪੁੱਟਣ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਸਿੱਖ ਭਾਈਚਾਰੇ ਦੀਆਂ ਜੜ੍ਹਾਂ ਪੁੱਟਣ ਵਰਗੇ ਕਲੰਕ ਲਈ ਕਿਹੜੀਆਂ ਧਿਰਾਂ ਜ਼ਿੰਮੇਵਾਰ ਹਨ? ਸੁਆਲ ਤਾਂ ਉੱਠਣਗੇ?

ਇੱਕ ਸਿਆਣੇ ਬਜ਼ੁਰਗ ਨੂੰ ਪੁਛਿਆ ਕਿ ਐਨਾ ਕੁਝ ਪੰਜਾਬ ਨਾਲ ਵਾਪਰ ਗਿਆ ਪਰ ਕੋਈ ਗੱਲ ਤਾਂ ਹੈ ਕਿ ਪੰਜਾਬ ਦੀ ਹਸਤੀ ਨੂੰ ਕੋਈ ਮਿਟਾ ਨਹੀਂ ਸਕਿਆ? ਉਸ ਨੇ ਹਲਕੀ ਜਿਹੀ ਮੁਸ਼ਕਰਾਹਟ ਨਾਲ ਜੁਆਬ ਦਿੱਤਾ “ਪੰਜਾਬ ਜਿਉਂਦਾ ਗੁਰਾਂ ਦੇ ਨਾਂ।”

ਸੰਪਰਕ : 98140-02186

Check Also

ਵਿਸ਼ਵ ਨੌਜਵਾਨ ਦਿਵਸ: ਦੇਸ਼ ਦੀ ਤਕਦੀਰ ਬਦਲਣ ਦੇ ਸਮਰੱਥ ਹਨ ਸਾਡੇ ਨੌਜਵਾਨ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ ਸਾਡੇ ਨੌਜਵਾਨ ਅਸਲ ਵਿਚ ਵਤਨ ਤੇ ਕੌਮ ਦਾ ਅਨਮੋਲ ਸਰਮਾਇਆ ਹਨ। …

Leave a Reply

Your email address will not be published. Required fields are marked *