ਕਿਸਾਨਾਂ ਲਈ ਮੁੱਲਵਾਨ ਜਾਣਕਾਰੀ: ਖੇਤੀ ਵਿਭਿੰਨਤਾ ਅਤੇ ਬਹੁ-ਫ਼ਸਲੀ ਪ੍ਰਣਾਲੀ ਲਈ ਢੁਕਵੀਂ ਹੈ ਤੋਰੀਏ ਦੀ ਕਾਸ਼ਤ

TeamGlobalPunjab
7 Min Read

-ਵਿਵੇਕ ਕੁਮਾਰ, ਅਮਿਤ ਕੌਲ ਅਤੇ ਵਜਿੰਦਰ ਪਾਲ

ਦੇਸ਼ ਦੀ ਵੱਡੀ ਆਬਾਦੀ ਲਈ ਖਾਣ ਵਾਲੇ ਤੇਲ ਦੀ ਮੰਗ ਨੂੰ ਪੂਰਾ ਕਰਨ ਲਈ ਹਰ ਸਾਲ ਵੱਡੀ ਮਾਤਰਾ ਵਿੱਚ ਖਾਣ ਵਾਲਾ ਤੇਲ ਬਾਹਰੋਂ ਮੰਗਵਾਇਆ ਜਾਂਦਾ ਹੈ। ਇਸ ਲਈ ਦੇਸ਼ ਵਿੱਚ ਤੇਲ ਬੀਜ ਫ਼ਸਲਾਂ ਦਾ ਰਕਬਾ ਅਤੇ ਉਤਪਾਦਨ ਵਧਾਉਣ ਲਈ ਯਤਨ ਕਰਨ ਦੀ ਲੋੜ ਹੈ। ਤੋਰੀਆ ਛੇਤੀ ਪੱਕਣ ਵਾਲੀ ਸਿਆਲ ਰੁੱਤ ਦੀ ਤੇਲ ਬੀਜ ਫ਼ਸਲ ਹੈ ਜੋ ਕਿ ਬਹੁ-ਫ਼ਸਲੀ ਪ੍ਰਣਾਲੀ ਅਤੇ ਖੇਤੀ ਵਿਭਿੰਨਤਾ ਲਈ ਬਹੁਤ ਢੁਕਵੀਂ ਹੈ। ਤੋਰੀਏ ਨੂੰ ਗਰਮ ਰੁੱਤ ਦੀ ਮੂੰਗੀ-ਤੋਰੀਆ-ਕਣਕ, ਸਾਉਣੀ ਰੁੱਤ ਦਾ ਚਾਰਾ-ਤੋਰੀਆ-ਕਣਕ/ਸੂਰਜਮੁਖੀ, ਸਾਉਣੀ ਰੁੱਤ ਦਾ ਚਾਰਾ-ਤੋਰੀਆ-ਕਮਾਦ-ਮੂਢਾ ਕਮਾਦ, ਝੋਨਾ/ਮੱਕੀ-ਤੋਰੀਆ-ਸੂਰਜਮੁਖੀ, ਗਰਮ ਰੁੱਤ ਦੀ ਮੂੰਗਫਲੀ-ਤੋਰੀਆ-ਕਣਕ, ਗਰਮ ਰੁੱਤ ਦੇ ਮਾਂਹ-ਤੋਰੀਆ, ਮੈਂਥਾ-ਤੋਰੀਆ ਅਤੇ ਸਾਉਣੀ ਰੁੱਤ ਦਾ ਚਾਰਾ/ਮੂੰਗਫ਼ਲੀ-ਤੋਰੀਆ+ਗੋਭੀ ਸਰ੍ਹੋਂ-ਗਰਮ ਰੁੱਤ ਦੀ ਮੂੰਗੀ ਆਦਿ ਫ਼ਸਲੀ ਚੱਕਰਾਂ ਵਿੱਚ ਉਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੋਰੀਏ ਨੂੰ ਕਮਾਦ ਅਤੇ ਗੋਭੀ ਸਰ੍ਹੋਂ ਵਿੱਚ ਰਲਵੀਂ ਫ਼ਸਲ ਵਜੋਂ ਵੀ ਬੀਜਿਆ ਜਾ ਸਕਦਾ ਹੈ। ਤੋਰੀਏ ਤੋਂ ਵਧੇਰੇ ਝਾੜ ਲੈਣ ਲਈ ਹੇਠ ਦੱਸੇ ਨੁਕਤਿਆਂ ਨੂੰ ਅਪਣਾਉਣਾ ਚਾਹੀਦਾ ਹੈ

ਜ਼ਮੀਨ ਦੀ ਚੋਣ ਅਤੇ ਖੇਤ ਦੀ ਤਿਆਰੀ: ਤੋਰੀਏ ਨੂੰ ਚੰਗੇ ਜਲ ਨਿਕਾਸ ਵਾਲੀਆਂ, ਹਲਕੀਆਂ ਮੈਰਾ ਤੇ ਦਰਮਿਆਨੀਆਂ ਭਾਰੀਆਂ ਜ਼ਮੀਨਾਂ ਵਿੱਚ ਉਗਾਇਆ ਜਾ ਸਕਦਾ ਹੈ ਪਰ ਮੈਰਾ ਜ਼ਮੀਨ ਇਸ ਦੀ ਕਾਸ਼ਤ ਲਈ ਸਭ ਤੋਂ ਢੁਕਵੀਂ ਹੈ। ਫ਼ਸਲ ਦੇ ਵਧੀਆ ਜੰਮ ਲਈ ਖੇਤ ਨੂੰ ਚੰਗੀ ਤਰਾਂ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਖੇਤ ਨੂੰ 2 ਤੋਂ 4 ਵਾਰ ਵਾਹੁਣਾ ਅਤੇ ਹਰ ਵਾਹੀ ਬਾਅਦ ਸੁਹਾਗਾ ਫੇਰਨਾ ਚਾਹੀਦਾ ਹੈ। ਬਿਜਾਈ ਹਮੇਸ਼ਾ ਵਧੀਆ ਵੱਤਰ ਵਿੱਚ ਕਰਨੀ ਚਾਹੀਦੀ ਹੈ।

ਉੱਨਤ ਕਿਸਮਾਂ ਦੀ ਚੋਣ: ਪੰਜਾਬ ਵਿੱਚ ਤੋਰੀਏ ਦੀ ਕਾਸ਼ਤ ਕਰਨ ਲਈ ਟੀ ਐਲ 17 ਅਤੇ ਟੀ ਐਲ 15 ਕਿਸਮਾਂ ਦੀ ਚੋਣ ਕਰਨੀ ਚਾਹੀਦੀ ਹੈ। ਇਹ ਕਿਸਮਾਂ 88-90 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀਆਂ ਹਨ ਅਤੇ 4.5 ਤੋਂ 5.2 ਕੁਇੰਟਲ ਪ੍ਰਤੀ ਏਕੜ ਤੱਕ ਝਾੜ ਦਿੰਦੀਆਂ ਹਨ। ਇਹਨਾਂ ਕਿਸਮਾਂ ਦੇ ਬੀਜਾਂ ਵਿੱਚ ਤੇਲ ਦੀ ਮਾਤਰਾ 41-42 ਪ੍ਰਤੀਸ਼ਤ ਪਾਈ ਜਾਂਦੀ ਹੈ।

- Advertisement -

ਬਿਜਾਈ ਦਾ ਸਮਾਂ: ਤੋਰੀਏ ਦੀ ਨਿਰੋਲ ਕਾਸ਼ਤ ਕਰਨ ਲਈ ਬਿਜਾਈ ਸਤੰਬਰ ਮਹੀਨੇ ਵਿੱਚ ਕਰਨੀ ਚਾਹੀਦੀ ਹੈ। ਗੋਭੀ ਸਰ੍ਹੋਂ ਵਿੱਚ ਤੋਰੀਏ ਦੀ ਰਲਵੀਂ ਕਾਸ਼ਤ ਲਈ ਬਿਜਾਈ ਸਤੰਬਰ ਦੇ ਤੀਜਾ ਹਫ਼ਤਾ ਅਤੇ ਪਤਝੜ ਰੁੱਤ ਦੇ ਕਮਾਦ ਵਿਚ ਤੋਰੀਏ ਦੀ ਰਲਵੀਂ ਕਾਸ਼ਤ ਲਈ ਬਿਜਾਈ 20 ਸਤੰਬਰ ਤੋਂ ਅਖੀਰ ਸਤੰਬਰ ਤੱਕ ਕਰਨੀ ਚਾਹੀਦੀ ਹੈ। ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਨਿਰੋਲ ਬੀਜਾਈ ਲਈ ਤੋਰੀਏ ਦਾ 1.5 ਕਿੱਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਜੇਕਰ ਜ਼ਮੀਨ ਵਿੱਚ ਨਮੀ ਘੱਟ ਹੋਵੇ ਤਾਂ ਬਿਜਾਈ ਤੋਂ ਇੱਕ ਰਾਤ ਪਹਿਲਾਂ ਬੀਜ ਨੂੰ ਗਿੱਲੀ ਮਿੱਟੀ ਵਿੱਚ ਮਿਲਾ ਕੇ ਰੱਖਣਾ ਚਾਹੀਦਾ ਹੈ। ਤੋਰੀਏ ਦੀ ਬਿਜਾਈ ਡਰਿੱਲ ਜਾਂ ਪੋਰੇ ਜਾਂ ਹੱਥ ਨਾਲ ਚੱਲਣ ਵਾਲੀ ਤੇਲਬੀਜ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਤੋਰੀਏ ਦੀ ਨਿਰੋਲ ਬਿਜਾਈ ਕਤਾਰਾਂ ਵਿਚਕਾਰ ਫ਼ਾਸਲਾ 30 ਸੈਂਟੀਮੀਟਰ, ਬੂਿਟਆਂ ਵਿਚਕਾਰ ਫ਼ਾਸਲਾ 10 ਤੋਂ 15 ਸੈਂਟੀਮੀਟਰ ਅਤੇ ਡੂੰਘਾਈ 4-5 ਸੈਂਟੀਮੀਟਰ ਰੱਖਣੀ ਚਾਹੀਦੀ ਹੈ। ਬੂਟੇ ਤੋਂ ਬੂਟੇ ਦਾ ਫ਼ਾਸਲਾ 10 ਤੋਂ 15 ਸੈਂਟੀਮੀਟਰ ਰੱਖਣ ਲਈ ਬਿਜਾਈ ਤੋਂ ਤਿੰਨ ਹਫ਼ਤੇ ਬਾਅਦ ਫ਼ਸਲ ਨੂੰ ਵਿਰਲਾ ਕਰਨਾ ਚਾਹੀਦਾ ਹੈ।

ਤੋਰੀਏ ਦੀ ਰਲਵੀਂ ਕਾਸ਼ਤ: ਵੱਧ ਮੁਨਾਫ਼ੇ ਲਈ ਤੋਰੀਆ ਨੂੰ ਗੋਭੀ ਸਰ੍ਹੋਂ ਜਾਂ ਪਤਝੜ ਰੁੱਤ ਦਾ ਕਮਾਦ ਰਲਵੀਂ ਫ਼ਸਲ ਦੇ ਤੌਰ ਤੇ ਬੀਜਿਆ ਜਾ ਸਕਦਾ ਹੈ।ਗੋਭੀ ਸਰ੍ਹੋਂ ਵਿੱਚ ਤੋਰੀਏ ਦੀ ਰਲਵੀਂ ਕਾਸ਼ਤ ਲਈ ਇਨ੍ਹਾਂ ਦੀ ਬਿਜਾਈ ਸਤੰਬਰ ਦੇ ਤੀਜੇ ਹਫ਼ਤੇ ਦੌਰਾਨ ਦੋਹਾਂ ਫ਼ਸਲਾਂ ਦਾ ਇੱਕ-ਇੱਕ ਕਿੱਲੋ ਬੀਜ ਵਰਤਦੇ ਹੋਏ 22.5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ (ਇੱਕ ਕਤਾਰ ਤੋਰੀਆ ਅਤੇ ਦੂਜੀ ਗੋਭੀ ਸਰ੍ਹੋਂ) ਵਿੱਚ ਕਰਨੀ ਚਾਹੀਦੀ ਹੈ। ਇਸ ਦੇ ਵਿਕਲਪ ਵਜੋਂ ਤੋਰੀਏ ਦਾ ਛੱਟਾ ਦੇ ਕੇ ਗੋਭੀ ਸਰ੍ਹੋਂ ਨੂੰ 45 ਸੈਂਟੀਮੀਟਰ ਵਿੱਥ ਦੀਆਂ ਕਤਾਰਾਂ ਵਿੱਚ ਬੀਜਿਆ ਜਾ ਸਕਦਾ ਹੈ। ਇਸ ਤਰ੍ਹਾਂ ਤੋਰੀਆ ਦਸੰਬਰ ਦੇ ਅੱਧ ਤੱਕ ਵੱਢ ਲਿਆ ਜਾਂਦਾ ਹੈ ਅਤੇ ਗੋਭੀ ਸਰ੍ਹੋਂ ਅਖ਼ੀਰ ਮਾਰਚ ਤੱਕ ਖੇਤ ਵਿੱਚ ਰਹਿੰਦੀ ਹੈ। ਇਸ ਦਾ ਔਸਤ ਝਾੜ੍ਹ 12 ਕੁਇੰਟਲ ਪ੍ਰਤੀ ਏਕੜ (4 ਕੁਇੰਟਲ ਤੋਰੀਆ+8 ਕੁਇੰਟਲ ਗੋਭੀ ਸਰ੍ਹੋਂ) ਨਿੱਕਲ ਆਉਂਦਾ ਹੈ। ਇਸੇ ਤਰਾਂ ਪਤਝੜ ਰੁੱਤ ਦੇ ਕਮਾਦ ਅਤੇ ਤੋਰੀਏ ਦੀ ਰਲਵੀਂ ਖੇਤੀ ਕਰਨ ਲਈ ਕਮਾਦ ਦੀਆਂ ਦੋ ਕਤਾਰਾਂ ਵਿਚਕਾਰ ਤੋਰੀਏ ਦਾ ਇੱਕ ਕਿਲੋ ਬੀਜ ਵਰਤਦੇ ਹੋਏ 30 ਸੈਂਟੀਮੀਟਰ ਦੇ ਫ਼ਾਸਲੇ ਦੋ ਕਤਾਰਾਂ ਬੀਜਣੀਆਂ ਚਾਹੀਦੀਆਂ ਹਨ। ਇਸ ਤਰਾਂ ਬੀਜੀ ਤੋਰੀਏ ਦੀ ਫ਼ਸਲ ਦੀ ਵਾਢੀ ਅੱਧ ਦਸੰਬਰ ਵਿੱਚ ਹੋ ਜਾਂਦੀ ਹੈ ਜਿਸ ਵਿੱਚ ਕਣਕ ਦੀ ਪਿਛੇਤੀ ਬਿਜਾਈ ਵੀ ਕੀਤੀ ਜਾ ਸਕਦੀ ਹੈ।

ਖਾਦ ਪ੍ਰਬੰਧਨ: ਖਾਦਾਂ ਦੀ ਵਰਤੋਂ ਹਮੇਸ਼ਾ ਮਿੱਟੀ ਪਰਖ ਦੇ ਆਧਾਰ ਤੇ ਹੀ ਕਰਨੀ ਚਾਹੀਦੀ ਹੈ। ਜੇਕਰ ਮਿੱਟੀ ਪਰਖ ਨਾ ਕਰਵਾਈ ਹੋਵੇ ਤਾਂ ਤੋਰੀਏ ਦੀ ਨਿਰੋਲ ਫ਼ਸਲ ਨੂੰ 55 ਕਿਲੋ ਯੂਰੀਆ ਅਤੇ 50 ਕਿਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਫ਼ਾਸਫ਼ੋਰਸ ਲਈ ਸਿੰਗਲ ਸੁਪਰਫ਼ਾਸਫ਼ੇਟ ਖਾਦ ਨੂੰ ਪਹਿਲ ਦੇਣੀ ਚਾਹੀਦੀ ਹੈ। ਜੇ ਇਹ ਖਾਦ ਨਾ ਮਿਲੇ ਤਾਂ ਖਾਸ ਕਰਕੇ ਗੰਧਕ ਤੱਤ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ 80 ਕਿੱਲੋ ਜਿਪਸਮ ਜਾਂ 13 ਕਿੱਲੋ ਬੈਂਟੋਨਾਈਟ-ਸਲਫ਼ਰ ਪ੍ਰਤੀ ਏਕੜ ਅਤੇ ਫ਼ਾਸਫ਼ੋਰਸ ਤੱਤ ਦੀ ਪੂਰਤੀ ਲਈ 26 ਕਿੱਲੋ ਡੀ ਏ ਪੀ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਸੇਂਜੂ ਹਾਲਤਾਂ ਵਿੱਚ ਤੋਰੀਏ ਨੂੰ ਸਾਰੀ ਖਾਦ (ਨਾਈਟ੍ਰੋਜਨ ਅਤੇ ਫ਼ਾਸਫ਼ੋਰਸ) ਬਿਜਾਈ ਸਮੇਂ ਪੋਰ ਦੇਣੀ ਚਾਹੀਦੀ ਹੈ। ਤੋਰੀਆ ਤੇ ਗੋਭੀ ਸਰ੍ਹੋਂ ਦੀ ਰਲਵੀਂ ਕਾਸ਼ਤ ਵਿੱਚ ਬਿਜਾਈ ਸਮੇਂ 55 ਕਿੱਲੋ ਯੂਰੀਆ ਅਤੇ 75 ਕਿੱਲੋ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਅਤੇ ਤੋਰੀਆ ਦੀ ਵਾਢੀ ਤੋਂ ਬਾਅਦ 65 ਕਿੱਲੋ ਯੂਰੀਆ ਪ੍ਰਤੀ ਏਕੜ ਸਿੰਚਾਈ ਨਾਲ ਪਾਉਣਾ ਚਾਹੀਦਾ ਹੈ। ਇਸੇ ਤਰਾਂ ਪਤਝੜ ਰੁੱਤ ਦੇ ਕਮਾਦ ਅਤੇ ਤੋਰੀਏ ਦੀ ਰਲਵੀਂ ਖੇਤੀ ਵਿੱਚ ਕਮਾਦ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ 33 ਕਿਲੋ ਯੂਰੀਆ ਅਤੇ 32 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਹੋਰ ਪਾਉਣੀ ਚਾਹੀਦੀ ਹੈ।

ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ 3 ਹਫ਼ਤੇ ਪਿੱਛੋਂ ਇੱਕ ਗੋਡੀ ਕਰਨ ਨਾਲ ਤੋਰੀਏ ਵਿੱਚ ਨਦੀਨਾਂ ਦੀ ਵਧੀਆ ਰੋਕਥਾਮ ਹੋ ਜਾਂਦੀ ਹੈ।

ਸਿੰਚਾਈ: ਜੇਕਰ ਤੋਰੀਏ ਦੀ ਬਿਜਾਈ ਭਰਵੀਂ ਰੌਣੀ ਤੋਂ ਬਾਅਦ ਕੀਤੀ ਜਾਵੇ ਤਾਂ ਫੁੱਲ ਪੈਣ ਸਮੇਂ ਫ਼ਸਲ ਨੂੰ ਲੋੜ ਅਨੁਸਾਰ ਇੱਕ ਸਿੰਚਾਈ ਦੀ ਕੀਤੀ ਜਾ ਸਕਦੀ ਹੈ।
ਫ਼ਸਲ ਦੀ ਕਟਾਈ ਤੇ ਗਹਾਈ: ਸਮੇਂ ਸਿਰ ਬੀਜੀ ਫ਼ਸਲ ਦੀ ਕਟਾਈ ਦਸੰਬਰ ਵਿੱਚ ਫਲੀਆਂ ਪੀਲੀਆਂ ਹੋ ਜਾਣ ਤੇ ਕਰ ਲੈਣੀ ਚਾਹੀਦੀ ਹੈ। ਕਟਾਈ ਹਮੇਸ਼ਾ ਸਵੇਰ ਦੇ ਸਮੇਂ ਕਰਨੀ ਚਾਹੀਦੀ ਹੈ ਕਿਉਂਕਿ ਇਸ ਸਮੇਂ ਫ਼ਲੀਆਂ ਤ੍ਰੇਲ ਪੈਣ ਕਰਕੇ ਨਰਮ ਹੁੰਦੀਆਂ ਹਨ ਜਿਸ ਨਾਲ ਦਾਣੇ ਘੱਟ ਕਿਰਦੇ ਹਨ। ਕੱਟੀ ਹੋਈ ਫ਼ਸਲ ਗਾਹੁਣ ਤੋਂ 7-10 ਦਿਨ ਪਹਿਲਾਂ ਢੇਰ (ਕੁੰਨੂੰ) ਬਣਾ ਕੇ ਰੱਖਣੀ ਚਾਹੀਦੀ ਹੈ। ਗਹਾਈ ਲਈ ਕਿੱਲੀਆਂ ਵਾਲਾ ਕਣਕ ਦਾ ਥਰੈਸ਼ਰ ਕੁਝ ਤਬਦੀਲੀਆਂ ਕਰਕੇ ਵਰਤਿਆ ਜਾ ਸਕਦਾ ਹੈ।

- Advertisement -
Share this Article
Leave a comment