ਜਗਤਾਰ ਸਿੰਘ ਸਿੱਧੂ,
ਮੈਨੇਜਿੰਗ ਐਡੀਟਰ
ਕੱਦਾਵਰ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ ਕਿਸਾਨੀ ਮੁੱਦਿਆਂ ਲਈ ਲਲਕਾਰਿਆ ਹੈ। ਕਿਸਾਨ ਆਗੂ ਦਾ ਕਹਿਣਾ ਹੈ ਕਿ ਮਾਨ ਸਰਕਾਰ ਵਲੋਂ ਅਜੇ ਤੱਕ ਕਿਸਾਨਾਂ ਬਾਰੇ ਕੋਈ ਵੱਡੀ ਪ੍ਰਾਪਤੀ ਨਹੀ ਕੀਤੀ ਗਈ। ਬਿਜਲੀ ਦੇ ਬਿੱਲ ਜ਼ੀਰੋ ਆਉਣ ਦੀ ਗੱਲ ਜਰੂਰ ਕੀਤੀ ਗਈ ਹੈ, ਪਰ ਇਹ ਸਮਾਜ ਦੇ ਸਾਰੇ ਵਰਗਾਂ ਲਈ ਕੀਤਾ ਹੈ। ਕਿਸਾਨੀ ਮਾਮਲੇ ਬਾਰੇ ਮੀਟਿੰਗਾਂ ਤਾਂ ਹੁੰਦੀਆ ਰਹੀਆਂ ਹਨ, ਪਰ ਸਿੱਟਾ ਕੋਈ ਨਹੀਂ ਨਿੱਕਲਿਆ। ਸਰਕਾਰ ਦੀ ਮਿਸਾਲ ਦਿੰਦੇ ਹੋਏ ਕਿਸਾਨ ਆਗੂ ਨੇ ਕਿਹਾ ਹੈ ਕਿ ਸੰਗਰੂਰ ਜ਼ਿਲ੍ਹੇ ਦੇ ਇੱਕ ਕਿਸਾਨ ਨੇ ਆਪਣੀ ਜ਼ਮੀਨ ਪੱਧਰ ਕੀਤੀ ਹੈ ਤਾਂ ਮਾਈਨਿੰਗ ਵਿਭਾਗ ਵਲੋਂ ਉਸ ਨੂੰ 52 ਲੱਖ ਰੁਪਏ ਦੇ ਜੁਰਮਾਨੇ ਦਾ ਨੋਟਿਸ ਭੇਜ ਦਿੱਤਾ ਗਿਆ ਹੈ। ਇਸ ਕਿਸਾਨ ਕੋਲ ਕੇਵਲ ਡੇਢ ਏਕੜ ਜਮੀਨ ਹੈ ਤਾਂ ਉਹ ਇਹ ਜੁਰਮਾਨਾ ਸਾਰੀ ਜਮੀਨ ਵੇਚ ਕੇ ਵੀ ਪੂਰਾ ਨਹੀ ਕਰ ਸਕਦਾ। ਕੀ ਕੋਈ ਕਿਸਾਨ ਆਪਣੀ ਜਮੀਨ ਵੀ ਪੱਧਰ ਨਹੀ ਕਰ ਸਕਦਾ। ਇਹ ਕਿਸਾਨ ਜਥੇਬੰਦੀ ਕੋਲ ਆਇਆ ਹੈ ਤਾਂ ਜਥੇਬੰਦੀ ਨੇ ਕਿਸਾਨ ਨਾਲ ਖੜੇ ਹੋਣ ਦਾ ਫੈਸਲਾ ਲਿਆ ਹੈ। ਕਿਸਾਨ ਆਗੂ ਦਾ ਕਹਿਣਾ ਹੈ ਕਿ ਪਹਿਲਾਂ ਕਿਸੇ ਸਰਕਾਰ ਨੇ ਅਜਿਹੇ ਕਿਸਾਨ ਵਿਰੋਧੀ ਕੰਮ ਨਹੀਂ ਕੀਤੇ ਹਨ।
ਪਾਣੀਆਂ ਦੇ ਮਾਮਲੇ ‘ਤੇ ਕਿਸਾਨ ਜਥੇਬੰਦੀਆਂ ਵੀ ਇਕਮੁੱਠ ਨਜ਼ਰ ਆ ਰਹੀਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਹੋਣ ਤੋ ਬਚਾਉਣ ਦੀ ਲੜਾਈ ਵਿੱਚ ਕਿਸਾਨ ਜਥੇਬੰਦੀਆਂ ਦਾ ਏਕਾ ਹੈ। ਖਾਸ ਤੌਰ ਤੇ ਜ਼ੀਰਾ ਦੀ ਸ਼ਰਾਬ ਫੈਕਟਰੀ ਵਲੋਂ ਧਰਤੀ ਹੇਂਠ ਪਾਏ ਜਾ ਰਹੇ ਜ਼ਹਿਰੀਲੇ ਪਾਣੀ ਨੂੰ ਰੋਕਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਜ਼ੀਰਾ ਮੋਰਚਾ ਦੇ ਨਾਲ ਖੜੀਆਂ ਹਨ। ਅਗਲੇ ਦਿਨਾਂ ‘ਚ ਕਿਸਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਕੋਈ ਵੱਡਾ ਐਕਸ਼ਨ ਲੈ ਸਕਦੇ ਹਨ।
ਕਿਸਾਨਾਂ ਨੂੰ ਦੂਹਰੀ ਲੜਾਈ ਲੜਨੀ ਪੈ ਰਹੀ ਹੈ। ਇਕ ਪਾਸੇ ਪੰਜਾਬ ਸਰਕਾਰ ਦੀ ਲੜਾਈ ਹੈ ਤਾਂ ਦੂਜੇ ਪਾਸੇ ਕੇਂਦਰ ਦੀਆਂ ਨੀਤੀਆਂ ਵਿਰੁੱਧ ਲੜਾਈ ਲੜਨੀ ਪੈ ਰਹੀ ਹੈ।