ਜਗਤਾਰ ਸਿੰਘ ਸਿੱਧੂ
ਹਰਿਆਣਾ ਦੀਆਂ ਵਿਧਾਨ ਸਭਾ ਚੋਣਾ ਵਿਚ ਕਾਂਗਰਸ ਪਾਰਟੀ ਦੀ ਹੋਈ ਹਾਰ ਨੇ ਜਿਥੇ ਬਹੁਤ ਸਾਰੀਆਂ ਧਿਰਾਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ ਉਥੇ ਕਾਂਗਰਸ ਪਾਰਟੀ ਦੇ ਅੰਦਰ ਅਤੇ ਬਾਹਰ ਨਵੀ ਬਹਿਸ ਛਿੜ ਗਈ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਚੋਣਾਂ ਬਾਅਦ ਸਪਸ਼ਟ ਤੌਰ ਤੇ ਪਹਿਲਾ ਸੰਕੇਤ ਦਿੱਤਾ ਹੈ ਕਿ ਹਰਿਆਣਾ ਦੀ ਹਾਰ ਲਈ ਹੋਰ ਕਈ ਕਾਰਨਾਂ ਦੇ ਇਲਾਵਾ ਸੂਬੇ ਦੀ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੀ ਜਿੰਮੇਵਾਰ ਹੈ ! ਕਾਂਗਰਸੀ ਨੇਤਾ ਰਾਹੁਲ ਦੀ ਇਹ ਟਿੱਪਣੀ ਸਥਿਤੀ ਨੂੰ ਸਮਝਣ ਲਈ ਬਹੁਤ ਅਹਿਮ ਹੈ ਕਿ ਹਰਿਆਣਾ ਦੇ ਕਾਂਗਰਸੀ ਆਗੂਆਂ ਨੇ ਪਾਰਟੀ ਨਾਲੋਂ ਨਿੱਜੀ ਹਿੱਤਾਂ ਨੂੰ ਪਹਿਲ ਦਿੱਤੀ ਜਿਸ ਕਰਕੇ ਕਾਂਗਰਸ ਜਿੱਤ ਕੇ ਵੀ ਹਾਰ ਗਈ।ਹਾਲਾਂ ਕਿ ਰਾਹੁਲ ਗਾਂਧੀ ਨੇ ਕਾਰਨਾ ਬਾਰੇ ਸਪਸ਼ਟ ਨਹੀ ਕੀਤਾ ਪਰ ਕਾਰਨ ਵਿਸਥਾਰ ਵਿਚ ਪਤਾ ਲਾਉਣ ਵਾਸਤੇ ਪਾਰਟੀ ਦੀ ਇਕ ਉੱਚ ਪੱਧਰੀ ਕਮੇਟੀ ਬਣਾ ਦਿੱਤੀ ਹੈ । ਕਮੇਟੀ ਹਰਿਆਣਾ ਵਿਚ ਜਾਕੇ ਕਾਂਗਰਸ ਦੇ ਵਰਕਰਾਂ ਅਤੇ ਆਮ ਲੋਕਾਂ ਦੀ ਰਾਇ ਜਾਨਣ ਦੀ ਕੋਸ਼ਿਸ਼ ਕਰੇਗੀ ਕਿ ਹਰਿਆਣਾ ਵਿਚ ਕਾਂਗਰਸ ਜਿੱਤਕੇ ਵੀ ਕਿਉਂ ਹਾਰ ਗਈ? ਪਾਰਟੀ ਨੇਤਾ ਦੀ ਨਿਰਾਜ਼ਗੀ ਦਾ ਪਤਾ ਵੀ ਲਗਦਾ ਹੈ ਅਤੇ ਇਹ ਵੀ ਪਤਾ ਲਗਦਾ ਹੈ ਕਿ ਰਾਹੁਲ ਲਈ ਸਤਾ ਦਾ ਰਾਹ ਜੇਕਰ ਅਸੰਭਵ ਨਹੀ ਹੈ ਤਾਂ ਐਨਾ ਸੁਖਾਲਾ ਵੀ ਨਹੀ ਜਿਵੇਂ ਕਿ ਹਰਿਆਣਾ ਵਿਚ ਵੇਖਣ ਨੂੰ ਲਗਦਾ ਸੀ। ਕਾਂਗਰਸ ਲੀਡਰਸ਼ਿਪ ਨੇ ਮੰਥਨ ਕਰਨ ਲਈ ਹਰਿਆਣਾ ਦੇ ਕਿਸੇ ਨੇਤਾ ਨੂੰ ਨਹੀਂ ਬੁਲਾਇਆ।ਬੇਸ਼ਕ ਭਾਜਪਾ ਨੂੰ ਅਜਿਹੀ ਜਿੱਤ ਦੀ ਉਮੀਦ ਨਹੀਂ ਸੀ ਕਿ ਹਾਰ ਤਾਂ ਦੂਰ ਦੀ ਗੱਲ ਰਹੀ ਅਤੇ ਜਿੱਤ ਵੀ ਐਸੀ ਕਿ ਆਪਣੇ ਹੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।
ਮੀਡੀਆ ਅਤੇ ਰਾਜਸੀ ਗਲਿਆਰਿਆਂ ਵਿਚ ਚਰਚਾ ਤਾਂ ਇਹ ਵੀ ਹੋ ਰਹੀ ਹੈ ਕਿ ਕਿਧਰੇ ਭੁਪਿੰਦਰ ਹੁੱਡਾ ਅਤੇ ਸਾਥੀ ਕੇਂਦਰ ਦੇ ਦਬਾ ਅੱਗੇ ਝੁਕ ਗਏ। ਇਸ ਦੀ ਕਿਧਰੇ ਕੋਈ ਪੁਸ਼ਟੀਕਰਨ ਲਈ ਤਿਆਰ ਨਹੀ ਹੈ ਪਰ ਇਹ ਸਹੀ ਹੈ ਕਿ ਹੁਡਾ ਦੇ ਆਪਣੇ ਗੜ ਵਿਚ ਵੀ ਕਾਂਗਰਸ ਨੂੰ ਨਿਰਾਸ਼ਾ ਹੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਵਾੜ ਹੀ ਖੇਤ ਨੂੰ ਖਾਣ ਲੱਗੇ ਤਾਂ ਬਚਾਏਗਾ ਕੌਣ? ਇਹ ਵੀ ਜੱਗ ਜ਼ਾਹਿਰ ਹੈ ਕਿ ਹਰਿਆਣਾ ਕਾਂਗਰਸ ਨੇ ਹੀ ਸਾਫ ਤੌਰ ਉੱਤੇ ਆਪ ਨਾਲ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਾਂਗਰਸ ਇਕ ਸੀਟ ਤਾਂ ਕੇਵਲ ਬੱਤੀ ਵੋਟਾਂ ਦੇ ਫਰਕ ਨਾਲ ਹੀ ਹਾਰ ਗਈ?
ਆਖਿਰ ਹਰਿਆਣਾ ਕਾਂਗਰਸ ਦੀ ਕਿਹੜੀ ਮਜਬੂਰੀ ਰਹੀ ਕਿ ਜਿੱਤ ਨੂੰ ਯਕੀਨੀ ਬਨਾਉਣ ਲਈ ਆਪ ਨਾਲ ਕੁਝ ਸੀਟਾਂ ਦਾ ਲੈਣ ਦੇਣ ਕਰਕੇ ਵੀ ਸਮਝੌਤਾ ਨਹੀਂ ਕੀਤਾ ਗਿਆ। ਕੁਮਾਰੀ ਸ਼ੈਲਜਾ ਨੂੰ ਹੁੱਡਾ ਧੜੇ ਨੇ ਐਨਾ ਕਿਉਂ ਅਣਗੌਲਿਆ ਕੀਤਾ। ਕਾਂਗਰਸ ਤੋਂ ਨਰਾਜ ਹੋਕੇ ਖੜੇ ਉਮੀਦਵਾਰਾਂ ਨੂੰ ਮਨਾਉਣ ਲਈ ਸੰਜੀਦਾ ਕੋਸ਼ਿਸ਼ ਕਿਉਂ ਨਹੀਂ ਹੋਈ? ਕੁਝ ਸੀਟਾਂ ਤਾਂ ਬਾਗੀਆਂ ਨੇ ਹਰਾ ਦਿੱਤੀਆ।
- Advertisement -
ਹਰਿਆਣਾ ਦੀ ਜਿੱਤ ਜਾਂ ਹਾਰ ਕਾਂਗਰਸ ਅਤੇ ਭਾਜਪਾ ਵਾਸਤੇ ਇਕ ਸੂਬੇ ਨਾਲੋਂ ਕਿਧਰੇ ਵਧੇਰੈ ਸੀ। ਇਸ ਜਿੱਤ ਨੇ ਜਿਥੇ ਭਾਜਪਾ ਦੀ ਭਵਿਖ ਦੀ ਚੋਣ ਜਿੱਤਣ ਦੀ ਲੜਾਈ ਮਜਬੂਤ ਬਣਾ ਦਿੱਤੀ ਹੈ ਉਥੇ ਕਾਂਗਰਸ ਦੀਆਂ ਮੁਸ਼ਕਲਾਂ ਪਾਰਲੀਮੈਂਟ ਚੋਣਾ ਤੋਂ ਬਾਅਦ ਹੋਰ ਵੀ ਵੱਧ ਗਈਆਂ ਹਨ । ਇਹ ਵੀ ਵੇਖਿਆ ਜਾਵੇਗਾ ਕਿ ਕਾਂਗਰਸ ਕਮੇਟੀ ਦੀ ਮੀਟਿੰਗ ਕੀ ਵੱਡੇ ਖੁਲਾਸੇ ਕਰਦੀ ਹੈ?
ਸੰਪਰਕਃ 9814002186