ਕਾਮੇਡੀਅਨ ਵੀਰ ਦਾਸ ਦੇ ਭਾਰਤ ਵਿਰੋਧੀ ਬਿਆਨ ‘ਤੇ ਵਿਵਾਦ , FIR ਦਰਜ ਹੋਣ ਤੋਂ ਬਾਅਦ ਮੰਗੀ ਮੁਆਫ਼ੀ

TeamGlobalPunjab
3 Min Read

ਮੁੰਬਈ/ਦਿੱਲੀ : ਕਾਮੇਡੀਅਨ ਵੀਰ ਦਾਸ ਭਾਰਤ ਬਾਰੇ ਆਪਣੇ ਵਿਵਾਦਤ ਬਿਆਨ ਕਾਰਨ ਮੁਸੀਬਤ ਵਿੱਚ ਆ ਘਿਰੇ ਹਨ। ਵੀਰ ਨੇ ਆਪਣੇ ਯੂਟਿਊਬ ਚੈਨਲ ‘ਤੇ ਵਾਸ਼ਿੰਗਟਨ ਡੀਸੀ ਦੇ ਜੌਹਨ ਐਫ ਕੈਨੇਡੀ ਸੈਂਟਰ ਫਾਰ ਪਰਫਾਰਮਿੰਗ ਆਰਟਸ ਵਿੱਚ ਆਪਣੇ ਪ੍ਰਦਰਸ਼ਨ ਦੀ ਵੀਡੀਓ ਸਾਂਝੀ ਕੀਤੀ ਸੀ।

ਕਰੀਬ ਛੇ ਮਿੰਟ ਦੇ ਇਸ ਵੀਡੀਓ ‘ਟੂ ਇੰਡੀਆਸ’ ਵਿੱਚ ਵੀਰ ਦਾਸ ਨੇ ਅਮਰੀਕੀ ਲੋਕਾਂ ਦੇ ਸਾਹਮਣੇ ਭਾਰਤੀਆਂ ਦੇ ਕਥਿਤ ਦੋਹਰੇ ਕਿਰਦਾਰ ਬਾਰੇ ਜ਼ਿਕਰ ਕੀਤਾ ਸੀ। ਹੈਰਾਨੀ ਦੀ ਗੱਲ ਇਹ ਕਿ ਅਮਰੀਕਾ ਵਿੱਚ ਜਦੋਂ ਵੀਰ ਦਾਸ ਆਪਣੇ ਦੇਸ਼ ਬਾਰੇ ਆਪਣੀ ਕਵਿਤਾ ਰੂਪੀ ਰਚਨਾ ਨੂੰ ਪੇਸ਼ ਕਰ ਰਿਹਾ ਸੀ ਤਾਂ ਉੱਥੇ ਮੌਜੂਦ ਦਰਸ਼ਕ ਜਾਂ ਤਾਂ ਤਾੜੀਆਂ ਮਾਰ ਰਹੇ ਸੀ ਜਾਂ ਖੁੱਲ੍ਹ ਕੇ ਠਹਾਕੇ ਲਗਾ ਰਹੇ ਸੀ।

ਆਪਣੀ ਪੇਸ਼ਕਾਰੀ ਵਿੱਚ ਵੀਰ ਦਾਸ ਨੇ ਇਹ ਵੀ ਕਿਹਾ ਹੈ ਕਿ ”ਮੈਂ ਉਸ ਭਾਰਤ ਤੋਂ ਆਇਆ ਹਾਂ, ਜਿੱਥੇ ਅਸੀਂ ਦਿਨ ਵੇਲੇ ਔਰਤਾਂ ਦੀ ਪੂਜਾ ਕਰਦੇ ਹਾਂ ਅਤੇ ਰਾਤ ਨੂੰ ਸਮੂਹਿਕ ਬਲਾਤਕਾਰ ਕਰਦੇ ਹਾਂ।”

 

- Advertisement -

 

ਵੀਰ ਦੇ ਇਸੇ ਬਿਆਨ ਦਾ ਸੋਸ਼ਲ ਮੀਡੀਆ ‘ਤੇ ਤਿੱਖਾ ਵਿਰੋਧ ਹੋ ਰਿਹਾ ਹੈ। ਉਸ ਦੇ ਖਿਲਾਫ ਮੁੰਬਈ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ । ਦੂਜੇ ਪਾਸੇ ਬੁੱਧਵਾਰ ਨੂੰ ਦਿੱਲੀ ਵਿਖੇ ਵੀ ਵੀਰ ਦਾਸ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਗਿਆ ਹੈ। ਦਿੱਲੀ ਦੇ ਤਿਲਕ ਮਾਰਗ ਥਾਣੇ ‘ਚ ਆਦਿਤਿਆ ਝਾਅ ਨੇ ਐਕਟਰ-ਕਾਮੇਡੀਅਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

 

ਉਧਰ ਇਸ ਮੁੱਦੇ ‘ਤੇ ਕਾਂਗਰਸ ਪਾਰਟੀ ਦੇ ਦੋ ਗੁੱਟ ਬਣ ਗਏ ਹਨ। ਸੀਨੀਅਰ ਵਕੀਲ ਕਪਿਲ ਸਿੰਬਲ ਅਤੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਕਾਮੇਡੀਅਨ ਵੀਰ ਦਾਸ ਦੇ ਸਮਰਥਨ ‘ਚ ਆ ਖੜੇ ਹੋਏ ਹਨ ਤਾਂ ਸੀਨੀਅਰ ਕਾਂਗਰਸੀ ਆਗੂ ਅਭਿਸ਼ੇਕ ਮਨੂੰ ਸਿੰਘਵੀ ਨੇ ਵੀਰ ਦਾਸ ਦਾ ਤਿੱਖਾ ਵਿਰੋਧ ਕੀਤਾ ਹੈ।

ਵਿਵਾਦ ਵਧਣ ਤੋਂ ਬਾਅਦ ਵੀਰ ਦਾਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਮੁਆਫੀ ਮੰਗੀ ਹੈ। ਉਸ ਨੇ ਕਿਹਾ ਹੈ ਕਿ “ਉਸ ਦਾ ਇਰਾਦਾ ਦੇਸ਼ ਦਾ ਅਪਮਾਨ ਕਰਨਾ ਨਹੀਂ ਹੈ, ਸਗੋਂ ਇਹ ਯਾਦ ਦਿਵਾਉਣਾ ਹੈ ਕਿ ਭਾਰਤ ਆਪਣੇ ਸਾਰੇ ਮੁੱਦਿਆਂ ਦੇ ਬਾਵਜੂਦ ‘ਮਹਾਨ’ ਹੈ।”

- Advertisement -

 

ਬਾਂਬੇ ਹਾਈ ਕੋਰਟ ਦੇ ਐਡਵੋਕੇਟ ਆਸ਼ੂਤੋਸ਼ ਜੇ ਦੂਬੇ ਨੇ ਕਾਮੇਡੀਅਨ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਦੀ ਇਕ ਕਾਪੀ ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਸ਼ੇਅਰ ਕੀਤੀ ਹੈ।

 

ਇਸ ਦੇ ਕੈਪਸ਼ਨ ਵਿੱਚ, ਉਸਨੇ ਲਿਖਿਆ, “ਮੈਂ ਕਾਮੇਡੀਅਨ ਵੀਰ ਦਾਸ ਦੇ ਖਿਲਾਫ ਅਮਰੀਕਾ ਵਿੱਚ ਭਾਰਤ ਦੇ ਅਕਸ ਨੂੰ ਖ਼ਰਾਬ ਕਰਨ ਲਈ ਮੁੰਬਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜੋ ਭੜਕਾਊ ਹੈ। ਉਸਨੇ ਜਾਣਬੁੱਝ ਕੇ ਭਾਰਤ, ਭਾਰਤੀ ਔਰਤਾਂ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਭੜਕਾਊ ਅਤੇ ਅਪਮਾਨਜਨਕ ਬਿਆਨ ਦਿੱਤੇ।”

 

Share this Article
Leave a comment