‘ਕਿਰਤੀ ਤੇ ਕਾਸ਼ਤਕਾਰਾਂ’ ਦੀ ਰੰਗ ਬਿਰੰਗੀ ‘ਹੁਨਰ ਹਾਟ’ 10 ਦਿਨਾਂ ਲਈ ਚੰਡੀਗੜ੍ਹ ‘ਚ , ਵੱਡੀ ਗਿਣਤੀ ‘ਚ ਲਾਈਆਂ ਔਰਤਾਂ ਨੇ ਹੱਟੀਆਂ!

TeamGlobalPunjab
5 Min Read

ਬਿੰਦੂ ਸਿੰਘ

ਭਾਰਤ ਦੇ ਵੱਖ ਵੱਖ ਸ਼ਹਿਰਾਂ ਦੀ ਚਮਕ ਤੋਂ ਬਾਅਦ  ਚੰਡੀਗੜ੍ਹ  ਸ਼ਹਿਰ ਜੋ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਹੈ , ਇਸ ਦੀ ਚਾਲ ਢਾਲ ਵੀ ਅਵੱਲੇ ਕਿਸਮ ਦੀ ਮੰਨੀ ਜਾਂਦੀ ਹੇੈ। ਦਿੱਲੀ ਤੋਂ ਬਾਅਦ ਉੱਤਰ ਭਾਰਤ ਦਾ ਇਹ ਇੱਕ ਅਜਿਹਾ ਸ਼ਹਿਰ ਹੈ ਜਿੱਥੇ ਸਾਹਿਤਕ ਮੇਲੇ , ਪ੍ਰਦਰਸ਼ਨੀਆਂ , ਸੈਮੀਨਾਰ ਵਰਗੇ ਵੱਡੇ ਪ੍ਰੋਗਰਾਮ ਹੁੰਦੇ ਹੀ ਰਹਿਦੇ ਹਨ।

ਚੰਡੀਗੜ੍ਹ ਵਿੱਚ 39ਵੇਂ ‘ਹੁਨਰ ਹਾਟ’ ਦਾ ਦਾ ਮੇਲਾ ਸੈਕਟਰ 17 ਦੇ ਪਰੇਡ ਗਰਾਉਂਡ ‘ਚ ਅੱਜ ਤੋਂ ਸ਼ੁਰੂ ਕੀਤਾ ਗਿਆ ਹੈ। ਇਸ ਮੇਲੇ ਚ ਪੂਰੇ ਮੁਲਕ ਦੇ ਵੱਖ ਵੱਖ ਸੂਬਿਆਂ ਤੋਂ ਕਾਸ਼ਤਕਾਰ ਹਿੱਸਾ ਲੈਣ ਲਈ ਪਹੁੰਚੇ ਹਨ ਤੇ ਇਹ ਮੇਲਾ ਅਗਲੇ 10 ਦਿਨਾਂ ਤੱਕ ਚੰਡੀਗੜ੍ਹ ਸ਼ਹਿਰ ਦੇ ਵਸਨੀਕਾਂ ਦੀ ਖਿੱਚ ਦਾ ਕੇਂਦਰ ਬਣਇਆ ਰਹਿਣ ਵਾਲਾ ਹੈ। ਵੱਖ ਵੱਖ ਸੂਬਿਆਂ ਦੇ ਕਿਰਤੀ ਤੇ ਕਾਸ਼ਤਕਾਰ ਆਪਣੀਆਂ ਵਸਤਾਂ ਦੀਆਂ ਰੰਗ ਬਰੰਗੀਆਂ ਹੱਟੀਆਂ ਲਾ ਬੈਠ ਗਏ ਹਨ। ਹੁਣ ਜੇਕਰ ਕਿਸੇ ਦਾ ਦਿਲ ਦੱਖਣ ਭਾਰਤ ਦੇ ਕਿਸੇ ਸੂਬੇ ਦਾ ਕਪੜਾ ਲੈਣ ਜਾਂ ਵਸਤੂ ਖਰੀਦਣ ਦਾ ਹੈ ਤੇ ਉਸ ਲਈ ਉਸ ਨੂੰ ਕੇਰਲਾ , ਤਮਿਲਨਾਡੂ ਜਾਂ ਆਂਧਰਾਪ੍ਰਦੇਸ਼ ਜਾਂ ਦੀ ਲੋੜ ਨਹੀਂ ਹੈ।

ਕੇਂਦਰੀ ਘੱਟਗਿਣਤੀ ਮਾਮਲਿਆਂ ਦੇ ਮੰਤਰੀ ਅਤੇ ਰਾਜ ਸਭਾ ਦੇ ਡਿਪਟੀ ਲੀਡਰ ਮੁਖਤਾਰ ਅੱਬਾਸ ਨਕਵੀ ਅੱਜ ਉਚੇਚੇ ਤੌਰ ਤੇ ਇਸ ਮੇਲੇ ਚ ਸ਼ਿਰਕਤ ਕਰਨ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ “ਹੁਨਰ ਹਾਟ” “ਅਨੇਕਤਾ ਵਿੱਚ ਏਕਤਾ” ਅਤੇ “ਸਰਵ ਧਰਮ ਸੰਭਾਵ” ਦੀ ਇੱਕ “ਉੱਤਮ ਅਤੇ ਬੇਮਿਸਾਲ ਉਦਾਹਰਣ” ਹੈ। ਚੰਡੀਗੜ੍ਹ ਵਿੱਚ ਆਯੋਜਿਤ “ਹੁਨਰ ਹਾਟ” ਮੇਲੇ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਨਕਵੀ ਨੇ ਕਿਹਾ ਕਿ ਕਾਰੀਗਰਾਂ ਅਤੇ ਕਾਸ਼ਤਕਾਰਾਂ ਲਈ “ਹੁਨਰ ਧਰਮ ਹੈ”, “ਕੌਸ਼ਲ ਇੱਕ ਕਰਮ ਹੈ”। ਹਾਲਾਂਕਿ ਇਸ “ਹੁਨਰ ਹਾਟ” ਮੇਲੇ ਦਾ ਉਦਘਾਟਨ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਕੱਲ੍ਹ 26 ਮਾਰਚ ਨੂੰ ਸਵੇਰੇ 11 ਵਜੇ ਕਰਨਗੇ।

- Advertisement -

ਜ਼ਿਕਰਯੋਗ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਿਕ “ਹੁਨਰ ਹਾਟ” ਨੇ ਪਿਛਲੇ ਤਕਰੀਬਨ 7 ਵਰ੍ਹਿਆਂ ਵਿੱਚ 8 ਲੱਖ 50,000 ਤੋਂ ਵੱਧ ਕਾਰੀਗਰਾਂ ਅਤੇ ਸ਼ਿਲਪਕਾਰਾਂ ਅਤੇ ਉਨ੍ਹਾਂ ਨਾਲ ਜੁੜੇ ਹੋਰਨਾਂ ਨੂੰ ਰੋਜ਼ਗਾਰ ਦੇ ਮੌਕੇ ਦਿੱਤੇ ਹਨ। ਇਨ੍ਹਾਂ ਵਿੱਚੋਂ 50 ਫੀਸਦੀ ਤੋਂ ਵੱਧ ਮਹਿਲਾ ਕਾਰੀਗਰ ਨੂੰ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਦਾ ਵਧੇਰੇ ਫ਼ਾਇਦਾ ਹੋਇਆ ਹੈ। ਇਹ “ਹੁਨਰ ਹਾਟ” ਮੇਲਾ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਲਾਏ ਜਾ ਰਹੇ ਹਨ।

ਇਸ “ਹੁਨਰ ਹਾਟ” ਮੇਲੇ ਵਿੱਚ ਭਾਗ ਲੈਣ ਵਾਸਤੇ  31 ਤੋਂ ਵੱਧ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਕਾਰੀਗਰਾਂ ਸਮੇਤ 720 ਤੋਂ ਵੱਧ ਕਾਰੀਗਰ ਆਏ ਹਨ । ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਨਾਗਾਲੈਂਡ, ਮੱਧ ਪ੍ਰਦੇਸ਼, ਮਣੀਪੁਰ, ਬਿਹਾਰ, ਆਂਧਰਪ੍ਰਦੇਸ਼, ਝਾਰਖੰਡ, ਗੋਆ, ਪੰਜਾਬ, ਉੱਤਰਾਖੰਡ, ਲੱਦਾਖ, ਕਰਨਾਟਕ, ਗੁਜਰਾਤ, ਹਰਿਆਣਾ, ਜੰਮੂ ਤੇ ਕਸ਼ਮੀਰ, ਪੱਛਮ ਬੰਗਾਲ, ਮਹਾਰਾਸ਼ਟਰ, ਛੱਤੀਸਗੜ੍ਹ, ਤਮਿਲ ਨਾਡੂ, ਕੇਰਲ ਅਤੇ ਮੁਲਕ ਦੇ ਹੋਰ ਹਿੱਸਿਆਂ ਤੋਂ ਆਏ ਇਹ ਕਾਰੀਗਰ ਅਤੇ ਸ਼ਿਲਪਕਾਰ ਚੰਡੀਗੜ੍ਹ “ਹੁਨਰ ਹਾਟ” ਵਿੱਚ ਆਪਣੇ ਨਾਲ ਆਪਣੀ ਕਾਰੀਗਰੀ ਨਾਲ ਤਿਆਰ ਵਸਤਾਂ ਲਿਆਏ ਹਨ।

ਇਸ ਮੇਲੇ ਨੂੰ ਵੇਖਣ ਆਏ ਲੋਕ “ਬਾਵਰਚੀਖਾਨਾ” ਭਾਗ ਵਿੱਚ ਵੀ ਵੱਖ ਵੱਖ ਖੇਤਰਾਂ ਦੇ ਰਵਾਇਤੀ ਖਾਣੇ ਖਾਣ ਦਾ ਵੀ ਆਨੰਦ ਲੈ ਸਕਦੇ ਹਨ । ਇਸ ਤੋਂ ਇਲਾਵਾ “ਮੇਰਾ ਗਾਓਂ, ਮੇਰਾ ਦੇਸ਼”, “ਵਿਸ਼ਵਕਰਮਾ ਵਾਟਿਕਾ”, ਰੋਜ਼ਾਨਾ ਸਰਕਸ, “ਮਹਾਭਾਰਤ” ਸ਼ੋਅ, ਸੰਗੀਤਕ ਅਤੇ ਸੱਭਿਆਚਾਰਕ ਪ੍ਰੋਗਰਾਮ, ਸੈਲਫੀ ਪੁਆਇੰਟ ਆਦਿ ਚੰਡੀਗੜ੍ਹ “ਹੁਨਰ ਹਾਟ” ਦੇ ਪ੍ਰਮੁੱਖ ਆਕਰਸ਼ਣ ਹਨ। ਕਲਾਕਾਰਾਂ ਦੀ ਵੀ ਆਮਦ ਇਸ ਮੇਲੇ ਚ ਵਿਸ਼ੇਸ਼ ਖਿੱਚ ਰਹੇਗੀ। ਪੰਕਜ ਉਧਾਸ, ਸੁਰੇਸ਼ ਵਾਡਕਰ, ਅਮਿਤ ਕੁਮਾਰ, ਸੁਦੇਸ਼ ਭੌਂਸਲੇ, ਕਵਿਤਾ ਪੌਡਵਾਲ, ਅਲਤਾਫ ਰਾਜਾ, ਰੇਖਾ ਰਾਜ, ਭੁਪਿੰਦਰ ਸਿੰਘ ਭੂਪੀ, ਅੰਕਿਤਾ ਪਾਠਕ, ਭੂਮੀ ਤ੍ਰਿਵੇਦੀ, ਜਸਬੀਰ ਜੱਸੀ, ਉਪਾਸਨਾ ਸਿੰਘ, ਅਨਿਲ ਭੱਟ, ਸ਼ੈਲੇਂਦਰ ਸਿੰਘ, ਨੂਰਾਂ ਸਿਸਟਰਜ਼, ਭੂਮਿਕਾ ਮਲਿਕ, ਪ੍ਰਿਆ ਮਲਿਕ, ਸਾਇਰਾ ਖਾਨ, ਵਿਵੇਕ ਮਿਸ਼ਰਾ, ਸਿਧਾਂਤ ਭੌਂਸਲੇ ਜਿਹੇ ਮਕਬੂਲ ਕਲਾਕਾਰ ਹਰ ਸ਼ਾਮ ਚੰਡੀਗੜ੍ਹ ਵਿੱਚ “ਹੁਨਰ ਹਾਟ” ਵਿੱਚ ਆਪਣੇ ਪ੍ਰੋਗਰਾਮ ਪੇਸ਼ ਕਰਨਗੇ।

ਵੱਡੇ ਸੰਨਤੀ ਘਰਾਣਿਆਂ ਦੀ ਵੱਧ ਰਹੀ ਗਿਣਤੀ ਵਿਚਕਾਰ ਹੱਥੀਂ ਕੰਮ ਕਰਨ ਵਾਲੇ ਕਾਰੀਗਰਾਂ ਤੇ ਕਾਸ਼ਤਕਾਰਾਂ ਦਾ ਹੁਨਰ ਹੁਣ ਜ਼ਿਆਦਾਤਰ ਮੇਲਿਆਂ ਵਿੱਚ ਹੀ ਵੇਖਣ ਨੂੰ ਮਿਲਦਾ ਹੈ। ਮੱਠਾ ਪੈ ਰਿਹਾ ਇਹ ਵਿਰਸਾ ਬਚਾਉਣ ਦੀ ਲੋੜ ਹੈ। ਮਸ਼ੀਨੀ ਯੁਗ ‘ਚ ਜਿੱਥੇ ਵਾਸਤਾ ਦੀ ਗਿਣਤੀ ‘ਚ ਵਾਧੂ ਇਜ਼ਾਫਾ ਹੋਇਆ ਹੈ ਉੱਥੇ ਹੱਥ ਤੇ ਰਿਵਾਇਤੀ ਢੰਗ ਤਰੀਕੇ ਨਾਲ ਬਣੀਆਂ ਵਸਤਾਂ ਦੀ ਆਪਣੀ ਵੱਖ ਹੀ ਦਿੱਖ ਹੁੰਦੀ ਹੈ। ਇਨ੍ਹਾਂ ਹੁਨਰਬਾਜਾਂ ਦੇ ਹੁਨਰ ਨੂੰ ਨਿਖਾਰਨ ਲਈ ਜਿੱਥੇ ਇੱਕ ਪਾਸੇ ਸਰਕਾਰਾਂ ਨੂੰ ਹੋਰ ਉੱਦਮ ਕਰਨ ਦੀ ਜ਼ਰੂਰਤ ਹੈ ਉੱਥੇ ਹੀ ਲੋਕਾਂ ਨੂੰ ਵੀ ਵਿਰਾਸਤੀ ਵਸਤਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਵਸਤਾਂ ਦੀਆਂ ਹੱਟੀਆਂ ਚ ਰੌਣਕਾਂ ਲਗੀਆਂ ਰਹਿਣ ਤੇ ਕਈ ਲੋਕਾਂ ਦੇ ਘਰਾਂ ਦੇ ਚੁੱਲ੍ਹੇ ਬਲਦੇ ਰਹਿ ਸਕਣ।

Share this Article
Leave a comment