ਡਾ.ਓਬਰਾਏ ਨੇ ਪਾਕਿਸਤਾਨ ‘ਚ ਹੜ੍ਹ ਪੀੜਤਾਂ ਲਈ ਭੇਜੀ ਮਦਦ

Prabhjot Kaur
3 Min Read

ਇਸਲਾਮਾਬਾਦ: ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐਸ.ਪੀ.ਸਿੰਘ ਓਬਰਾਏ ਨੇ ਭਿਆਨਕ ਹੜ੍ਹਾਂ ਨਾਲ ਜੂਝ ਰਹੇ ਪੀੜਤਾਂ ਦੀ ਮਦਦ ਲਈ 30 ਹਜਾਰ 30 ਪੌਂਡ ਦੀ ਵੱਡੀ ਰਾਸ਼ੀ ਭੇਜੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆ ਟਰੱਸਟ ਦੇ ਮੁੱਖੀ ਡਾ. ਐੱਸ.ਪੀ.ਸਿੰਘ ਓਬਰਾਏ ਨੇ ਦੱਸਿਆ ਕਿ ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਅੰਦਰ ਆਏ ਭਿਆਨਕ ਹੜ੍ਹਾਂ ਕਾਰਨ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਜਿਸ ਕਾਰਨ ਜਿੱਥੇ ਲੱਖਾਂ ਲੋਕ ਬੇਘਰ ਹੋ ਗਏ ਹਨ ਉੱਥੇ ਹੀ ਉਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਹੋਣੀ ਔਖੀ ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨਾਲ ਪਾਕਿਸਤਾਨ ਦੇ ਸੂਬਾ ਪੰਜਾਬ ਦੇ ਸਾਬਕਾ ਗਵਰਨਰ ਅਤੇ ਸਰਵਰ ਫਾਊਂਡੇਸ਼ਨ ਦੇ ਪ੍ਰਧਾਨ ਚੌਧਰੀ ਮੁਹੰਮਦ ਸਰਵਰ ਨੇ ਸੰਪਰਕ ਕਰ ਕੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਅਪੀਲ ਕੀਤੀ ਸੀ, ਜਿਸ ‘ਤੇ ਤੁਰੰਤ ਕਾਰਵਾਈ ਕਰਦਿਆਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹੜ੍ਹਾਂ ਦੌਰਾਨ ਸੇਵਾ ਕਾਰਜ ਨਿਭਾਉਣ ਵਾਲੀ ਸਰਵਰ ਫਾਊਂਡੇਸ਼ਨ ਲਾਹੌਰ ਨੂੰ ਹੜ੍ਹ ਪੀੜਤਾਂ ਦੀ ਮਦਦ ਲਈ 30 ਹਜ਼ਾਰ 30 ਪੌਂਡ ( ਪਾਕਿਸਤਾਨ ਦੀ ਕਰੰਸੀ ਅਨੁਸਾਰ ਲਗਭਗ 80 ਲੱਖ ਰੁਪਏ) ਭੇਜੇ ਗਏ ਹਨ। ਜਿਸ ਨਾਲ 1001 ਪੀੜਤ ਪਰਿਵਾਰਾਂ ਨੂੰ ਮਹੀਨੇ ਭਰ ਦੇ ਰਾਸ਼ਨ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਉੱਧਰ ਦੂਜੇ ਪਾਸੇ ਸਾਬਕਾ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਇਸ ਔਖੀ ਘੜੀ ਵੇਲੇ ਉਨ੍ਹਾਂ ਦੀ ਇਸ ਮਦਦ ਨਾਲ ਜਿਥੇ ਹੜ੍ਹ ਪੀੜਤਾਂ ਨੂੰ ਰਾਹਤ ਮਿਲੇਗੀ ਉੱਥੇ ਹੀ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ‘ਚ ਵੀ ਮਿਠਾਸ ਆਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ, ‘ਅਸੀਂ ਸਾਰਿਆਂ ਨੂੰ ਪਾਕਿਸਤਾਨ ਵਿੱਚ ਹੜ੍ਹ ਪੀੜਤਾਂ ਦੀ ਮਦਦ ਦੀ ਅਪੀਲ ਕਰਦੇ ਹਾਂ।’

- Advertisement -

ਇਸ ਤੋਂ ਇਲਾਵਾ ਡਾ.ਓਬਰਾਏ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ਲਈ 4 ਅਤਿ ਆਧੁਨਿਕ ਮਸ਼ੀਨਾਂ ਲੈ ਕੇ ਰੱਖੀਆਂ ਹਨ, ਜੋ ਕੋਵਿਡ ਤਾਲਾਬੰਦੀ ਕਾਰਨ ਪਾਕਿਸਤਾਨ ‘ਚ ਪਹੁੰਚ ਨਹੀਂ ਸਕੀਆਂ ਤੇ ਹੁਣ ਉਨ੍ਹਾਂ ਨੂੰ ਹੁਣ ਜਲਦ ਹੀ ਉੱਥੇ ਭੇਜ ਦਿੱਤਾ ਜਾਵੇਗਾ। ਇਨ੍ਹਾਂ ਮਸ਼ਨਿਾਂ ‘ਚ ਆਟਾ ਗੁੰਨ੍ਹਣ, ਪੇੜੇ ਬਣਾਉਣ, ਰੋਟੀਆਂ ਬਣਾਉਣ ਤੋਂ ਇਲਾਵਾ ਆਟੋਮੈਟਿਕ ਡਿਸ਼-ਵਾਸ਼ਰ ਸ਼ਾਮਿਲ ਹਨ।

Share this Article
Leave a comment