ਕੋਵਿਡ-19 ਦਾ ਖੌਫ : ਇਸ ਦੇਸ਼ ਨੇ ਕੋਰੋਨਾਵਾਇਰਸ ਮੌਕੇ ਲਾਪਰਵਾਹੀ ਵਰਤਣ ਵਾਲੇ ਆਪਣੇ ਦੋ ਉੱਚ ਮੰਤਰੀਆਂ ਨੂੰ ਕੀਤਾ ਬਰਖਾਸਤ

TeamGlobalPunjab
2 Min Read

ਨਿਊਜ਼ ਡੈਸਕ : ਕੋਰੋਨਾਵਾਇਰਸ (ਕੋਵਿਡ-19) ਕਾਰਨ ਪੂਰੀ ਦੁਨੀਆ ਵਿੱਚ ਖੌਫ ਦਾ ਮਾਹੌਲ ਹੈ। ਹਰ ਇੱਕ ਦੇਸ਼ ਵੱਲੋਂ ਇਸ ਜਾਨਲੇਵਾ ਮਹਾਂਮਾਰੀ ਨਾਲ ਨਜਿੱਠਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ। ਇਸ ਵਿੱਚ ਹੀ ਕਿਰਗਿਸਤਾਨ ਦੀ ਸਰਕਾਰ ਨੇ ਕੋਰੋਨਾ ਵਾਇਰਸ ਵਰਗੀ ਜਾਨਲੇਵਾ ਮਹਾਂਮਾਰੀ ਨੂੰ ਲੈ ਕੇ ਢਿੱਲ ਵਰਤਣ ਦੇ ਦੋਸ਼ ਹੇਠ ਆਪਣੇ ਦੋ ਉੱਚ ਮੰਤਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ। ਬੀਤੇ ਦਿਨੀਂ ਕਿਰਗਿਸਤਾਨ ਦੇ ਰਾਸ਼ਟਰਪਤੀ ਸੁਰੋਨਾਬੇ ਜੀਨਬੇਕੋਵ ਵੱਲੋਂ ਇਨ੍ਹਾਂ ਦੋਵਾਂ ਮੰਤਰੀਆਂ ਵੱਲੋਂ ਕੋਰੋਨਾ ਨੂੰ ਲੈ ਕੇ ਵਰਤੀ ਗਈ ਲਾਪਰਵਾਹੀ ਦੀ ਸਖਤ ਆਲੋਚਨਾ ਕੀਤੀ ਗਈ ਸੀ। ਜਿਸ ਤੋਂ ਬਾਅਦ ਕਿਰਗਿਸਤਾਨ ਦੀ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਦੋਵੇਂ ਮੰਤਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ।

ਰਾਸ਼ਟਰਪਤੀ ਦੀ ਅਧਿਕਾਰਤ ਵੈਬਸਾਈਟ ‘ਤੇ ਸਿਹਤ ਮੰਤਰੀ ਕੋਸਮੋਸਬੇਕ ਚੋਲਪੋਮਬੇਵ ਅਤੇ ਉਪ ਪ੍ਰਧਾਨ ਮੰਤਰੀ ਅਲਟੀਨਾਇ ਉਮਰਬੇਕੋਵਾ ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਕੋਰੋਨਾਵਾਇਰਸ (ਕੋਵਿਡ-19) ਦੇ ਵਿਰੁੱਧ ਦੇਸ਼ ਦੀ ਟਾਸਕ ਫੋਰਸ ਦੀ ਅਗਵਾਈ ਕਰਨ ਵਾਲੇ ਦੋਵਾਂ ਮੰਤਰੀਆਂ ਦੇ ਕੰਮ ਨੂੰ ਅਸੰਤੋਸ਼ਜਨਕ ਤੇ ਉਨ੍ਹਾਂ ਨੂੰ ਇਸ ਮਹਾਂਮਾਰੀ ਦੇ ਦੇਸ਼ ਵਿੱਚ ਫੈਲਣ ਲਈ ਜ਼ਿੰਮੇਵਾਰੀ ਵੀ ਦੱਸਿਆ ਸੀ।

ਕਿਰਗਿਸਤਾਨ ਵਿੱਚ ਕੋਰੋਨਾ ਵਾਇਰਸ ਨਾਲ ਹੁਣ ਤੱਕ 111 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਦੇ ਨਾਲ ਹੀ ਵਿਸ਼ਪ ਪੱਧਰ ‘ਤੇ ਇਸ ਮਹਾਂਮਾਰੀ ਨਾਲ ਹੁਣ ਤੱਕ  41 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 8 ਲੱਖ ਤੋਂ ਵੱਧ ਲੋਕ ਸੰਕਰਮਿਤ ਹਨ। ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 865 ਮੌਤਾਂ ਹੋਈਆਂ ਹਨ। ਬੁੱਧਵਾਰ ਨੂੰ ਪਾਕਿਸਤਾਨ ਵਿਚ ਕੋਰੋਨੋਵਾਇਰਸ ਦੇ ਸੰਕਰਮਿਤ ਲੋਕਾਂ ਦੀ ਗਿਣਤੀ 2000 ਤੋਂ ਵੀ ਪਾਰ ਹੋ ਗਈ। ਸਰਕਾਰ ਦੇ ਰਾਸ਼ਟਰੀ ਸਿਹਤ ਸੇਵਾਵਾਂ ਮੰਤਰਾਲੇ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 105 ਨਵੇਂ ਮਰੀਜ਼ਾਂ ਦੇ ਟੈਸਟ ਸਕਾਰਾਤਮਕ ਪਾਏ ਗਏ ਹਨ ਜਿਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 2,039 ਹੋ ਗਈ।


Share this Article
Leave a comment