ਜੋਅ ਬਾਇਡਨ ਨੇ 9/11 ਹਮਲੇ ਨਾਲ ਸਬੰਧਿਤ 3 ਸਥਾਨਾਂ ਦਾ ਦੌਰਾ ਕਰਕੇ ਪੀੜਤਾਂ ਨੂੰ ਦਿੱਤੀ ਸ਼ਰਧਾਂਜਲੀ

TeamGlobalPunjab
2 Min Read
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) :  ਅਮਰੀਕਾ ਵਿੱਚ 11 ਸਤੰਬਰ ਨੂੰ ਵੱਖ ਵੱਖ ਥਾਵੀਂ 9/11 ਦੇ ਅੱਤਵਾਦੀ ਹਮਲਿਆਂ ਵਿੱਚ ਮਾਰੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਸਮਾਗਮਾਂ ਦਾ ਆਯੋਜਨ ਕੀਤਾ ਗਿਆ।
ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਆਪਣੀ ਪਤਨੀ ਜਿਲ ਬਾਈਡੇਨ ਸਮੇਤ  ਇਹਨਾਂ ਹਮਲਿਆਂ ਨਾਲ ਸਬੰਧਿਤ 3 ਯਾਦਗਾਰੀ ਸਮਾਰਕਾਂ ‘ਤੇ ਪਹੁੰਚ ਕੇ ਸ਼ਰਧਾਂਜਲੀ ਅਰਪਿਤ ਕੀਤੀ। ਰਾਸ਼ਟਰਪਤੀ ਬਾਇਡਨ ਨੇ ਆਪਣੇ ਦੌਰੇ ਦੇ ਅਖੀਰ ਵਿੱਚ ਪੈਂਟਾਗਨ ਵਿਖੇ 9/11 ਦੀ 20 ਵੀਂ ਬਰਸੀ  ‘ਤੇ  ਮਾਰੇ ਗਏ ਲੋਕਾਂ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਟ ਕੀਤੇ। ਬਾਇਡਨ ਨੇ ਪੈਂਟਾਗਨ ਵਿਖੇ ਕੋਈ ਭਾਸ਼ਣ ਨਹੀਂ ਦਿੱਤਾ ਜਿੱਥੇ ਦਿਨ ਦੇ ਸ਼ੁਰੂ ਵਿੱਚ ਇੱਕ ਯਾਦਗਾਰ ਸੇਵਾ ਰੱਖੀ ਗਈ ਸੀ ਜਦੋਂ ਉਹ ਨਿਊਯਾਰਕ ਵਿੱਚ ਗਰਾਊਂਡ ਜ਼ੀਰੋ ਦੇ ਸਮਾਰੋਹ ਵਿੱਚ ਸਾਬਕਾ ਰਾਸ਼ਟਰਪਤੀਆਂ ਓਬਾਮਾ ਤੇ ਬਿਲ ਕਲਿੰਟਨ ਨਾਲ ਸ਼ਾਮਲ ਹੋਏ ਸਨ। ਉਨ੍ਹਾਂ ਦੇ ਨਾਲ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਸੈਕਿੰਡ ਜੈਂਟਲਮੈਨ ਡਗਲਸ ਐਮਹੌਫ, ਜਾਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਮਾਰਕ ਮਿਲੇ ਅਤੇ ਰੱਖਿਆ ਸੈਕਟਰੀ ਲੋਇਡ ਆਸਟਿਨ ਵੀ ਸਨ।
ਇਸ ਤੋਂ ਪਹਿਲਾਂ ਬਾਇਡਨ ਨਿਊਯਾਰਕ ਦੇ ਸਮਾਗਮ ਵਿੱਚ ਹਿੱਸਾ ਲੈਣ ਤੋਂ ਬਾਅਦ, ਸ਼ੈਂਕਸਵਿਲੇ ਵਿੱਚ ਰੁਕੇ ਅਤੇ  ਫਲਾਈਟ 93 ਨੈਸ਼ਨਲ ਮੈਮੋਰੀਅਲ ਵਿਖੇ ਫੁੱਲਮਾਲਾ ਭੇਟ ਕੀਤੀ ਅਤੇ ਸਥਾਨਕ ਫਾਇਰ ਹਾਊਸ ਵਿਖੇ ਅਧਿਕਾਰੀਆਂ ਨਾਲ  ਮੁਲਾਕਾਤ ਕੀਤੀ। ਸ਼ੁੱਕਰਵਾਰ ਦੀ  ਰਾਤ ਨੂੰ ਬਾਈਡੇਨ ਨੇ 9/11 ਹਮਲਿਆਂ ਦੀ 20 ਵੀਂ ਬਰਸੀ ਦੇ ਮੌਕੇ ‘ਤੇ ਆਪਣੇ ਵਿਚਾਰਾਂ ਦੇ ਨਾਲ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ,  ਜਿਸ ਵਿੱਚ ਉਹਨਾਂ  ਦੁਆਰਾ “ਆਦਰ ਅਤੇ ਵਿਸ਼ਵਾਸ” ਦੀ ਮੰਗ ਕਰਦਿਆਂ ਇਸ  ਦੁਖਦਾਈ ਦਿਨ ਦੇ ਪੀੜਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸ਼ਰਧਾਂਜਲੀ ਦਿੱਤੀ।

Share this Article
Leave a comment