ਕੁੰਵਰ ਵਿਜੈ ਪ੍ਰਤਾਪ ਦੇ ਵੱਡੇ ਸਵਾਲ

TeamGlobalPunjab
4 Min Read

-ਜਗਤਾਰ ਸਿੰਘ ਸਿੱਧੂ

ਐਡੀਟਰ;

ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਨਾਲ ਜੁੜੀਆਂ ਮੰਦਭਾਗੀਆਂ ਘਟਨਾਵਾਂ ਦੇ ਨਿਆਂ ਨੂੰ ਲੈ ਕੇ ਭਗਵੰਤ ਮਾਨ ਦੀ ਸਰਕਾਰ ਉੱਪਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਪੰਜਾਬ ਨਾਲ ਇਹ ਵਾਅਦਾ ਕੀਤਾ ਸੀ ਕਿ 24 ਘੰਟਿਆਂ ਦੇ ਅੰਦਰ-ਅੰਦਰ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨਾਲ ਸਬੰਧਤ ਦੋਸ਼ੀਆਂ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਜਾਵੇਗਾ। ਹੁਣ ਸਥਿਤੀ ਇਹ ਬਣ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇਕਰ ਵਿਰੋਧੀ ਧਿਰਾਂ ਦੇ ਆਗੂਆਂ ਵਲੋਂ ਇਹ ਸਵਾਲ ਖੜ੍ਹੇ ਕੀਤੇ ਜਾਂਦੇ ਤਾਂ ਸਮਝ ਲਗਦੀ ਸੀ ਕਿ ਇਸ ਮਾਮਲੇ ‘ਤੇ ਰਾਜਨੀਤੀ ਹੋ ਰਹੀ ਹੈ। ਘਟੋਂ-ਘਟ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਰਾਜਨੀਤੀ ਦੇ ਘੇਰੇ ‘ਚ ਲਿਆ ਕੇ ਇਨ੍ਹਾਂ ਸਵਾਲਾਂ ਬਾਰੇ ਝੂਠਾ ਸਾਬਤ ਕਰਨਾ ਮੁਸ਼ਕਲ ਜ਼ਰੂਰ ਹੈ। ਆਖਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕਿਹਾ ਕੀ ਹੈ? ਕੁੰਵਰ ਵਿਜੈ ਪ੍ਰਤਾਪ ਨੇ ਇੰਨਾ ਹੀ ਆਖਿਆ ਹੈ ਕਿ 1988 ਬੈਚ ਦੇ ਆਈਪੀਐੱਸ ਪ੍ਰਬੋਧ ਕੁਮਾਰ ਨੂੰ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਕਿਉਂ ਲਾਇਆ ਗਿਆ ਹੈ? ਦੂਜਾ ਸਵਾਲ ਆਪ ਦੇ ਵਿਧਾਇਕ ਨੇ ਇਹ ਕੀਤਾ ਹੈ ਕਿ 1997 ਦੇ ਬੈਚ ਦੇ ਆਈ ਪੀਐੱਸ ਅਧਿਕਾਰੀ ਅਰੁਨ ਪਾਲ ਸਿੰਘ ਨੂੰ ਪੁਲੀਸ ਕਮਿਸ਼ਨਰ ਅੰਮ੍ਰਿਤਸਰ ਕਿਉਂ ਲਾਇਆ ਗਿਆ ਹੈ ? ਕੁੰਵਰ ਵਿਜੈ ਪ੍ਰਤਾਪ ਨੇ ਇਤਰਾਜ਼ ਪ੍ਰਗਟ ਕੀਤਾ ਹੈ ਕਿ ਇਹ ਦੋਵੇਂ ਪੁਲੀਸ ਅਧਿਕਾਰੀ ਇੱਕ ਸਾਲ ਪਹਿਲਾਂ ਇਨ੍ਹਾ ਮਾਮਲਿਆ ਦੀ ਜਾਂਚ ਕਰ ਰਹੀ ਸਿੱਟ ‘ਚ ਪਹਿਲੇ ਤੇ ਦੂਜੇ ਨੰਬਰ ‘ਤੇ ਸਨ ਅਤੇ ਤੀਜੇ ਨੰਬਰ ‘ਤੇ ਉਹ ਆਪ ਸਨ, ਪਰ ਇਨ੍ਹਾਂ ਦੋਹਾਂ ਅਧਿਕਾਰੀਆਂ ਨੇ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਨਾਲ ਜੁੜੇ ਰਾਜਸੀ ਪਰਿਵਾਰਾਂ ਨੂੰ ਬਚਾਇਆ ਅਤੇ ਇਨਸਾਫ ਦੇਣ ਦੇ ਰਾਹ ‘ਚ ਮੁਸ਼ਕਲ ਖੜੀ ਕੀਤੀ। ਇਹ ਵੱਖਰੀ ਗੱਲ ਹੈ ਕਿ ਆਪ ਦੇ ਵਿਧਾਇਕ ਵਲੋਂ ਪਾਈ ਗਈ ਇਹ ਪੋਸਟ ਬਾਅਦ ‘ਚ ਹਟਾ ਦਿੱਤੀ ਗਈ ਪਰ ਉਸ ਵੇਲੇ ਤੱਕ ਇਹ ਮਾਮਲਾ ਮੀਡੀਆ, ਰਾਜਸੀ ਆਗੂਆਂ ਅਤੇ ਆਮ ਲੋਕਾਂ ‘ਚ ਜਾ ਚੁੱਕਿਆ ਸੀ।

ਕਾਂਗਰਸ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਮਾਮਲੇ ਬਾਰੇ ਪੰਜਾਬ ਦੇ ਲੋਕਾਂ ਨੂੰ ਸਪਸ਼ਟੀਕਰਨ ਦਿੱਤਾ ਜਾਵੇ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ, ਕੀ ਇਹ ਹੀ ਆਮ ਆਦਮੀ ਪਾਰਟੀ ਦਾ ਬਦਲਾਵ ਹੈ? ਸੁਭਾਵਿਕ ਹੈ ਕਿ ਦੁਨੀਆਂ ਭਰ ‘ਚ ਬੈਠੇ ਪੰਜਾਬੀਆਂ ਅਤੇ ਸਿੱਖ ਭਾਈਚਾਰੇ ਲਈ ਇਹ ਮੁੱਦਾ ਬਹੁਤ ਗੰਭੀਰ ਹੈ। ਇਸ ਮੁੱਦੇ ਨਾਲ ਨਿਆਂ ਕਰਨ ਦਾ ਵਾਅਦਾ ਕਰਨ ਵਾਲੇ ਤਿੰਨ ਮੁੱਖ ਮੰਤਰੀ ਪੰਜਾਬੀਆਂ ਨੇ ਇਸ ਵਿਧਾਨ ਸਭਾ ਦੀ ਚੋਣ ਵੇਲੇ ਬੁਰੀ ਤਰ੍ਹਾਂ ਹਰਾ ਕੇ ਘਰੇ ਬਿਠਾ ਦਿੱਤੇ। ਇਨ੍ਹਾਂ ਮੁੱਖ ਮੰਤਰੀਆਂ ਵਿੱਚ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਸ਼ਾਮਲ ਹਨ। ਪ੍ਰਕਾਸ਼ ਸਿੰਘ ਬਾਦਲ ਵੇਲੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ ਵਾਪਰੀਆਂ ਸਨ ਅਤੇ ਨਿਆਂ ਦੀ ਮੰਗ ਕਰਨ ਵਾਲੇ ਦੋ ਸਿੰਘ ਪੁਲੀਸ ਗੋਲੀ ਦਾ ਸ਼ਿਕਾਰ ਹੋ ਗਏ ਸਨ। ਉਸ ਵੇਲੇ ਗ੍ਰਹਿ ਮੰਤਰੀ ਸੁਖਬੀਰ ਸਿੰਘ ਬਾਦਲ ਸਨ। ਪੰਜਾਬ ‘ਚ ਬਹੁਤ ਵੱਡੇ ਰੋਸ ਪ੍ਰਗਟਾਵੇ ਹੋਏ ਸਨ। ਚੋਣਾਂ ਵੇਲੇ ਲੋਕਾਂ ਨੇ ਅਕਾਲੀ ਦਲ ਨੂੰ ਰੱਦ ਕਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਇਨਸਾਫ ਦੇਣ ਦਾ ਵਾਅਦਾ ਕਰਕੇ ਆਏ ਸਨ ਪਰ ਬਗੈਰ ਕੁਝ ਕੀਤਿਆਂ ਮੁੱਖ ਮੰਤਰੀ ਦੇ ਅਹੁਦੇ ਤੋਂ ਵੱਖ ਹੋ ਗਏ। ਚਰਨਜੀਤ ਸਿੰਘ ਚੰਨੀ ਨੇ ਵਾਅਦੇ ਤਾਂ ਬੜੇ ਕੀਤੇ ਪਰ ਤਿੰਨ ਮਹੀਨੇ ‘ਚ ਚੰਨੀ ਵੀ ਕੋਈ ਇਨਸਾਫ ਨਾਂ ਦੇ ਸਕੇ। ਹੁਣ ਭਗਵੰਤ ਮਾਨ ਦੀ ਸਰਕਾਰ ਆਈ ਹੈ ਤਾਂ ਹਾਕਮ ਧਿਰ ਦੇ ਅੰਦਰੋਂ ਹੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਮਾਨ ਚੌਥੇ ਮੁੱਖ ਮੰਤਰੀ ਹਨ ਜਿਸ ਲਈ ਇਹ ਵੱਡੇ ਇਮਤਿਹਾਨ ਦੀ ਘੜੀ ਹੈ। ਆਉਣ ਵਾਲਾ ਸਮਾਂ ਦੱਸੇਗਾ ਕਿ ਪੰਜਾਬੀਆਂ ਨਾਲ ਕੀਤੇ ਵਾਅਦੇ ‘ਤੇ ਮਾਨ ਕਿੰਨਾਂ ਪੂਰਾ ਉੱਤਰਦੇ ਹਨ?

- Advertisement -

ਸੰਪਰਕ: 98140-02186

Share this Article
Leave a comment