ਨਿਊਜ਼ ਡੈਸਕ: ਤਾਈਵਾਨ ਜਾ ਰਹੀ ਕੋਰੀਅਨ ਏਅਰ ਫਲਾਈਟ ਵਿੱਚ ਉਸ ਸਮੇ ਭਾਜੜ ਪੈ ਗਈ ਜਦੋ ਤਕਨੀਕੀ ਖਰਾਬੀ ਕਾਰਨ ਯਾਤਰੀਆਂ ਨੂੰ ਨੱਕ ਅਤੇ ਕੰਨ ਵਿੱਚ ਦਰਦ ਦੀ ਸ਼ਿਕਾਇਤ ਹੋਣ ਲਗ ਪਈ। ਇਸ ਤੋ ਬਾਅਦ ਪਾਇਲਟ ਨੇ ਜਹਾਜ਼ ਨੂੰ ਵਾਪਸ ਮੋੜਨ ਦਾ ਫੈਸਲਾ ਕੀਤਾ ਅਤੇ ਇੰਚੀਓਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕਰਵਾਈ। ਬਾਅਦ ਵਿੱਚ 13 ਯਾਤਰੀਆਂ ਨੂੰ ਹਸਪਤਾਲ ਲਿਜਾਇਆ ਗਿਆ।
ਦੱਖਣੀ ਕੋਰੀਆ ਦੀ ਯੋਨਹਾਪ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਸ਼ਨੀਵਾਰ ਨੂੰ ਕੋਰੀਆਈ ਏਅਰ ਦੇ ਜਹਾਜ਼ ਕੇਈ-189 ਦੇ ਕੈਬਿਨ ਪ੍ਰੈਸ਼ਰਾਈਜ਼ੇਸ਼ਨ ਸਿਸਟਮ ‘ਚ ਅਚਾਨਕ ਖਰਾਬੀ ਆ ਗਈ ਅਤੇ ਜਹਾਜ਼ ਤੇਜ਼ੀ ਨਾਲ 30 ਹਜ਼ਾਰ ਫੁੱਟ ਤੋਂ ਕਰੀਬ 9 ਹਜ਼ਾਰ ਫੁੱਟ ਤੱਕ ਡਿੱਗ ਗਿਆ। ਇਸ ਕਾਰਨ ਕੁਝ ਯਾਤਰੀਆਂ ਦੀ ਸਿਹਤ ਖਰਾਬ ਹੋ ਗਈ। ਦੋ ਯਾਤਰੀਆਂ ਦੇ ਕਥਿਤ ਤੌਰ ‘ਤੇ ਉਚਾਈ ਤੋਂ ਅਚਾਨਕ ਡਿੱਗਣ ਕਾਰਨ ਨੱਕ ਚੋ ਲਹੂ ਵੱਗਣ ਲੱਗ ਗਿਆ ਜਦੋਂ ਕਿ 15 ਹੋਰਾਂ ਨੂੰ ਕੰਨਾਂ ‘ਚ ਦਰਦ ਅਤੇ ਸਾਹ ਘੁੱਟਣ ਦਾ ਅਨੁਭਵ ਹੋਇਆ।
ਇੱਕ ਤਾਈਵਾਨੀ ਯਾਤਰੀ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਖਾਣਾ ਪਰੋਸਣ ਤੋਂ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਹੇਠਾਂ ਵੱਲ ਜਾਣ ਲਗ ਪਿਆ ਅਤੇ ਕੈਬਿਨ ਵਿਚ ਹਫੜਾ-ਦਫੜੀ ਮਚ ਗਈ। ਇਕ ਮੀਡੀਆ ਰਿਪੋਰਟ ਮੁਤਾਬਕ ਯਾਤਰੀ ਨੇ ਦੱਸਿਆ ਕਿ ਉਸ ਨੂੰ ਕੰਨਾਂ ਅਤੇ ਸਿਰ ‘ਚ ਤੇਜ਼ ਦਰਦ ਦੇ ਨਾਲ ਚੱਕਰ ਆ ਰਿਹਾ ਸੀ, ਜਦਕਿ ਜਹਾਜ਼ ‘ਚ ਸਵਾਰ ਬੱਚੇ ਡਰ ਰਹੇ ਸਨ ਅਤੇ ਰੋ ਰਹੇ ਸਨ।
ਕੋਰੀਅਨ ਏਅਰ ਨੇ ਇਸ ਘਟਨਾ ਲਈ ਮੁਆਫੀ ਮੰਗੀ ਹੈ ਅਤੇ ਤਕਨੀਕੀ ਖਰਾਬੀ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਏਅਰਲਾਈਨ ਨੇ ਯਾਤਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਰੱਖ-ਰਖਾਅ ਦੇ ਸਾਰੇ ਜ਼ਰੂਰੀ ਉਪਾਅ ਕੀਤੇ ਜਾਣਗੇ।