ਧਨੇਰ ਕੇਸ: ਇਸ ਸਖ਼ਸ਼ ਨੂੰ ਇਨਸਾਫ ਦੀ ਮੰਗ ਕਰਦਿਆਂ ਕਿਉਂ ਹੋ ਗਈ ਸਜਾ

TeamGlobalPunjab
4 Min Read

ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਨਾਅਰਾ ਅੱਜ ਕੱਲ੍ਹ ਦੇਸ਼ ਦੇ ਕਈ ਹਿੱਸਿਆਂ ਵਿੱਚ ਕੰਧਾਂ ‘ਤੇ ਉਕਰਿਆ ਨਜ਼ਰ ਆ ਰਿਹਾ ਹੈ। ਇਹ ਸਰਕਾਰੀ ਨਾਅਰਾ ਹੈ। ਕਿਸੇ ਨਾ ਕਿਸੇ ਰੂਪ ਵਿੱਚ ਹਰ ਘਰ ਵਿੱਚ ਬੇਟੀ ਮੌਜੂਦ ਹੈ। ਇਹਨਾਂ ਨਾਲ ਬੇਇਨਸਾਫ਼ੀ ਅਤੇ ਵਿਤਕਰਾ ਕਰਨਾ ਪਾਪ ਅਤੇ ਅਪਰਾਧ ਮੰਨਿਆ ਜਾਂਦਾ ਹੈ। ਇਸ ਕਲਯੁਗੀ ਧਰਤੀ ਉਪਰ ਕਈ ਇਨਸਾਨ ਹੈਵਾਨੀਅਤ ਇਸ ਕਦਰ ਕਰਦੇ ਹਨ, ਕਿ ਉਹ ਸਭ ਕੁਝ ਭੁੱਲ ਜਾਂਦੇ ਹਨ। ਗੁਰੂਆਂ ਪੀਰਾਂ ਦੀਆਂ ਸਿੱਖਿਆਵਾਂ ਵਿੱਚੋਂ ਤਾਂ ਇਹ ਸਿੱਖਿਆ ਮਿਲਦੀ ਹੈ ਕਿ ਹਰ ਧੀ ਭੈਣ ਦੀ ਰਾਖੀ ਕੀਤੀ ਜਾਵੇ ਅਤੇ ਉਸ ਵਿਰੁੱਧ ਹੋ ਰਹੀ ਬੇਇਨਸਾਫ਼ੀ ਖਿਲਾਫ ਦਾ ਡਟ ਕੇ ਸੰਘਰਸ਼ ਕਰਨਾ ਹਰ ਚੰਗੇ ਇਨਸਾਨ ਦਾ ਫਰਜ਼ ਹੈ। ਕਈ ਵਾਰ ਅਦਾਲਤਾਂ ਸਰਕਾਰੀ ਨੀਤੀਆਂ ਦੇ ਖਿਲਾਫ ਵੀ ਫੈਸਲੇ ਸੁਣਾ ਦਿੰਦੀਆਂ ਹਨ। ਸਾਡੇ ਦੇਸ਼ ਦੇ ਲੋਕਤੰਤਰੀ ਢਾਂਚੇ ਵਿੱਚ ਕਈ ਵਾਰ ਇਨਸਾਫ ਦੀ ਮੰਗ ਕਰਨ ਵਾਲਿਆਂ ਨੂੰ ਇਸਦਾ ਉਲਟਾ ਖਮਿਆਜ਼ਾ ਵੀ ਭੁਗਤਣਾ ਪੈ ਜਾਂਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਵਾਪਰਿਆ ਪੰਜਾਬ ਦੇ ਮਾਲਵਾ ਖੇਤਰ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੇਰ ਦੇ ਮਨਜੀਤ ਸਿੰਘ ਧਨੇਰ ਨਾਲ। 22 ਸਾਲ ਪਹਿਲਾਂ ਮਹਿਲ ਕਲਾਂ ਦੀ ਇਕ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਬੱਚੀ ਕਿਰਨਜੀਤ ਕੌਰ ਨਾਲ ਵਾਪਰੀ ਅਣਹੋਣੀ ਖਿਲਾਫ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਮਨਜੀਤ ਸਿੰਘ ਧਨੇਰ ਉਦੋਂ ਤਕ ਘਰ ਟਿੱਕ ਕੇ ਨਹੀਂ ਬੈਠੇ ਜਦੋਂ ਤਕ ਕਿਰਨਜੀਤ ਅਗਵਾ ਅਤੇ ਕਤਲ ਕਾਂਡ ਦੇ ਦੋਸ਼ੀਆਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਨਹੀਂ ਕਰਵਾ ਦਿੱਤਾ। ਉਸ ਨੂੰ ਇਸ ਗੱਲ ਦੀ ਤਾਂ ਤਸੱਲੀ ਹੋ ਗਈ ਪਰ ਕੁਝ ਦੇਰ ਬਾਅਦ ਆਪ ਫਸ ਗਏ। ਲੋਕ ਰਾਇ ਹੈ ਕਿ ਉਹਨਾਂ ਨਾਲ ਸਰਾਸਰ ਧੱਕਾ ਹੋਇਆ ਹੈ।

ਗੌਰਤਲਬ ਹੈ ਕਿ ਸਾਲ 2001 ਵਿੱਚ ਕਿਰਨਜੀਤ ਕਤਲ ਕੇਸ ਵਿੱਚ ਦੋਸ਼ੀ ਧਿਰ ਦੇ ਇਕ ਵਿਅਕਤੀ ਦਲੀਪ ਸਿੰਘ ਉਪਰ ਬਰਨਾਲਾ ਵਿਚ ਕੁਝ ਲੋਕਾਂ ਨੇ ਕਾਤਲਾਨਾ ਹਮਲਾ ਕਰ ਦਿੱਤਾ ਜਿਸ ਵਿੱਚ ਦਲੀਪ ਸਿੰਘ ਦੀ ਕੁਝ ਦਿਨ ਬਾਅਦ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਕੇਸ ਵਿੱਚ ਸੱਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ। ਇਹਨਾਂ ਵਿਚ ਪ੍ਰੇਮ ਕੁਮਾਰ, ਨਰੈਣ ਦੱਤ ਅਤੇ ਮਨਜੀਤ ਸਿੰਘ ਧਨੇਰ ਅਤੇ ਕਿਰਨਜੀਤ ਅਗਵਾ ਤੇ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਵੀ ਸ਼ਾਮਿਲ ਸਨ। 11 ਫਰਵਰੀ, 2008 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਰੈਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਤੇ ਮਨਜੀਤ ਸਿੰਘ ਧਨੇਰ ਦੀ ਸਜਾ ਬਰਕਰਾਰ ਰੱਖੀ। ਮਨਜੀਤ ਸਿੰਘ ਧਨੇਰ ਕੋਲ ਪੰਜਾਬ ਦੇ ਰਾਜਪਾਲ ਕੋਲ ਸਜਾ ਰੱਦ ਕਰਨ ਦਾ ਬਦਲ ਮੌਜੂਦ ਹੈ।

ਹੁਣ ਪਿਛਲੇ 16 ਦਿਨਾਂ ਤੋਂ ਮਨਜੀਤ ਸਿੰਘ ਧਨੇਰ ਦੀ ਸਜਾ ਰੱਦ ਕਰਵਾਉਣ ਲਈ ਬਰਨਾਲਾ ਦੀ ਜੇਲ਼੍ਹ ਅੱਗੇ ਪੱਕਾ ਮੋਰਚਾ ਲੱਗਿਆ ਹੋਇਆ ਹੈ। ਇਸ ਵਿੱਚ ਹਰ ਵਰਗ ਦੇ ਲੋਕ ਸ਼ਾਮਿਲ ਹੋ ਰਹੇ ਹਨ।  ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਜਥੇਬੰਦੀਆਂ ਦੇ ਕਾਫਲੇ ਇਸ ਬੇਇਨਸਾਫ਼ੀ ਖਿਲਾਫ ਪੂਰੇ ਜੋਸ਼ ਨਾਲ ਸ਼ਮੂਲੀਅਤ ਕਰ ਰਹੇ ਹਨ। ਧਨੇਰ ਦੇ ਹੱਕ ਵਿਚ ਇਲਾਕੇ ਦਾ ਬੱਚਾ ਬੱਚਾ ਸ਼ਾਮਿਲ ਹੋ ਰਿਹਾ ਹੈ। ਮਨਜੀਤ ਸਿੰਘ ਧਨੇਰ ਜਦੋਂ ਜੇਲ੍ਹ ਜਾਣ ਲੱਗਿਆ ਤਾਂ ਇਲਾਕੇ ਦੀਆਂ ਸਕੂਲਾਂ ਵਿੱਚ ਪੜ੍ਹਦੀਆਂ ਕੁੜੀਆਂ ਦੀਆਂ ਅੱਖਾਂ ਨਮ ਸਨ ਤੇ ਉਹਨਾਂ ਦੇ ਚੇਹਰੇ ਕਹਿ ਰਹੇ ਸੀ ਕਿ ਹੁਣ ਸਾਡੀ ਰਾਖੀ ਕੌਣ ਕਰੇਗਾ। ਲੋਕਾਂ ਦਾ ਕਹਿਣਾ ਹੈ ਕਿ ਸੱਚ ਕਦੇ ਹਾਰਦਾ ਨਹੀਂ ਅਤੇ ਝੂਠ ਕਦੇ ਜਿੱਤਦਾ ਨਹੀਂ। ਲੋਕ ਹਿਤਾਂ ਦੀ ਗੱਲ ਕਰਨ ਵਾਲੇ ਮਨਜੀਤ ਸਿੰਘ ਧਨੇਰ ਨੂੰ ਇਨਸਾਫ ਮਿਲ ਕੇ ਰਹੇਗਾ ਇਹ ਉਹਨਾਂ ਦਾ ਯਕੀਨ ਹੈ।

-ਅਵਤਾਰ ਸਿੰਘ, (ਸੀਨੀਅਰ ਪੱਤਰਕਾਰ)

- Advertisement -

Share this Article
Leave a comment