ਕਿਮ ਜੋਂਗ ਉਨ: ਇਕ ਤਾਨਾਸ਼ਾਹ ਵਜੋਂ ਉਭਰੇ ਉੱਤਰੀ ਕੋਰੀਆ ਦੇ ਆਗੂ

TeamGlobalPunjab
7 Min Read

-ਅਵਤਾਰ ਸਿੰਘ

ਉੱਤਰੀ ਕੋਰੀਆ ਦਾ ਸ਼ਾਸ਼ਕ ਕਿਮ ਜੋਂਗ ਉਨ ਜਿਸ ਨੂੰ ਤਾਨਾਸ਼ਾਹ ਵੀ ਕਿਹਾ ਜਾਂਦਾ ਹੈ। ਕਾਫੀ ਲੰਮੇ ਸਮੇਂ ਤੋਂ ਅੰਤਰਾਸ਼ਟਰੀ ਪੱਧਰ ‘ਤੇ ਚੱਲ ਰਹੀਆਂ ਖ਼ਬਰਾਂ ਦੀਆਂ ਸੁਰਖੀਆਂ ਵਿੱਚ ਰਹਿ ਰਹੇ ਹਨ। ਉਨ੍ਹਾਂ ਨੇ ਆਪਣੇ ਰਾਜ ਭਾਗ ਦੀ ਗੱਦੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਉਤਰਾਧਿਕਾਰੀ ਹੋਣ ਕਰਕੇ ਸੰਭਾਲੀ ਸੀ। ਸ਼ਾਸ਼ਨ ਦੀ ਵਾਗਡੋਰ ਸੰਭਾਲਣ ਮਗਰੋਂ ਉਨ੍ਹਾਂ ਉਪਰ ਇਹ ਵੀ ਦੋਸ਼ ਲੱਗਦੇ ਰਹੇ ਕਿ ਸੱਤਾ ਉਪਰ ਪਕੜ ਮਜ਼ਬੂਤ ਕਰਨ ਲਈ ਉਨ੍ਹਾਂ ਨੇ ਆਪਣੇ ਚਾਚੇ ਅਤੇ ਮਤਰੇਏ ਭਰਾ ਦਾ ਕਤਲ ਕਰਵਾਇਆ।

ਕਿਮ ਨੇ ਆਪਣੇ ਸ਼ਾਸ਼ਨ ਕਾਲ ਦੌਰਾਨ ਅਮਰੀਕਾ ਨਾਲ ਰਿਸ਼ਤੇ ਸੁਧਾਰਨ ਦੀ ਬਿਨਾ ਸ਼ਰਤ ਕੋਸ਼ਿਸ਼ ਤਾਂ ਕੀਤੀ ਪਰ ਆਪਣੇ ਦੇਸ਼ ਲਈ ਆਧੁਨਿਕ ਹਥਿਆਰ ਵਿਕਸਤ ਕਰਨ ਤੋਂ ਕਦੇ ਵੀ ਪਿਛੇ ਨਹੀਂ ਹਟੇ।

ਕੁਝ ਸਮਾਂ ਪਹਿਲਾਂ ਕਿਮ ਜੋਂਗ ਉਨ ਦੇ ਹਿਰਦੇ ਦੇ ਆਪ੍ਰੇਸ਼ਨ ਮਗਰੋਂ ਸਖਤ ਬਿਮਾਰ ਹੋਣ ਦੀਆਂ ਕੌਮਾਂਤਰੀ ਮੀਡੀਆ ਵਿੱਚ ਰਿਪੋਰਟਾਂ ਸਾਹਮਣੇ ਆਈਆਂ ਹਨ। ਜਿਹੜੀਆਂ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੇ ਇਨ੍ਹਾਂ ਰਿਪੋਰਟਾਂ ਨੂੰ ਰੱਦ ਕੀਤਾ ਹੈ। ਇਹ ਵੀ ਕਿਹਾ ਗਿਆ ਕਿ ਉੱਤਰੀ ਕੋਰੀਆ ਦੇ ਸ਼ਾਸਕ ਠੀਕ ਠਾਕ ਹਨ। ਕਿਮ ਜੋਂਗ ਉਨ ਬਾਰੇ ਬਿਮਾਰੀ ਦੀਆ ਅਜਿਹੀਆਂ ਖ਼ਬਰਾਂ ਕਈ ਵਾਰ ਪਹਿਲਾਂ ਵੀ ਉਡੀਆਂ, ਪਰ ਹਰ ਵਾਰ ਰੱਦ ਕਰ ਦਿੱਤੀਆਂ ਗਈਆਂ ਹਨ।
ਆਮ ਧਾਰਨਾ ਹੈ ਕਿ ਕਿਮ ਨੂੰ ਉੱਤਰੀ ਕੋਰੀਆ ਦਾ ਸ਼ਾਸ਼ਕ ਕੇਵਲ ਕਿਮ ਜੋਂਗ ਇਲ ਦੇ ਪੁੱਤਰ ਹੋਣ ਕਾਰਨ ਹੀ ਚੁਣ ਲਿਆ ਗਿਆ ਸੀ। ਪਰ ਅਜਿਹਾ ਨਹੀਂ ਸਗੋਂ ਉਹ ਦੇਸ਼ ਦੀ ਅਗਵਾਈ ਵਾਲੀ ਸਿਆਸੀ ਅਤੇ ਫੌਜੀ ਸੂਝ ਬੂਝ ਵੀ ਰੱਖਦੇ ਹਨ।

- Advertisement -

ਕਿਮ ਜੋਂਗ ਉਨ ਦੇ ਪਿਤਾ ਕਿਮ ਜੋਂਗ ਇਲ ਉੱਤਰੀ ਕੋਰੀਆ ਦੇ ਹਰਮਨ ਪਿਆਰੇ ਨੇਤਾ ਸਨ। ਦਸੰਬਰ 2011 ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਕਿਮ ਜੋਂਗ ਉਨ ਨੂੰ ਉੱਤਰਾਧਿਕਾਰੀ ਬਣਾਉਣ ਦੀ ਤਿਆਰੀ ਚਲ ਹੀ ਰਹੀ ਸੀ। ਚਾਚੇ ਅਤੇ ਮਤਰੇਅ ਭਰਾ ਦੇ ਕਤਲ ਤੋਂ ਬਾਅਦ ਉਹ ਇੱਕ ਬੇਰਹਿਮ ਆਗੂ ਵਜੋਂ ਉੱਭਰੇ।

ਕਿਮ ਜੋਂਗ ਉਨ, ਕਿਮ ਜੋਂਗ ਇਲ ਦੇ ਸਭ ਤੋਂ ਛੋਟੇ ਪੁੱਤਰ ਹਨ। ਕਿਮ ਜੋਂਗ ਉਨ ਦਾ ਜਨਮ ਆਪਣੇ ਪਿਤਾ ਦੀ ਤੀਜੀ ਪਤਨੀ, ਕੋ ਜੋਂਗ ਹੂਈ ਤੋਂ ਹੋਇਆ।

ਪਹਿਲਾਂ ਕਿਮ ਜੋਂਗ ਉਨ ਨੂੰ ਉਨ੍ਹਾਂ ਦੇ ਪਿਤਾ ਦੇ ਉੱਤਰਾਧਿਕਾਰੀ ਨਹੀਂ ਸਮਝਦੇ ਸਨ। ਰਿਪੋਰਟਾਂ ਮੁਤਾਬਿਕ ਉਨ੍ਹਾਂ ਦੇ ਮਤਰੇਏ ਭਰਾ ਕਿਮ ਜੋਂਗ-ਨੈਮ ਅਤੇ ਸਕੇ ਵੱਡੇ ਭਰਾ ਕਿਮ ਜੋਂਗ-ਚੋਲ ਕਿਮ ਤੋਂ ਉਪਰ ਸਨ। ਕਿਮ ਜੋਂਗ-ਨੈਮ ਦੇ ਮਈ 2001 ਵਿੱਚ ਜਾਪਾਨ ਤੋਂ ਜਲਾਵਤਨ ਕਰਨ ਅਤੇ ਵਿਚਕਾਰਲੇ ਭਰਾ ਜੋਂਗ ਚੋਲ ਨੂੰ ਨਾਕਾਬਲ ਸਮਝ ਕੇ ਹੀ ਕਿਮ ਜੋਂਗ ਉਨ ਦੇ ਸਿਆਸਤ ਵਿੱਚ ਆਉਣ ਦੇ ਹਾਲਾਤ ਬਣੇ ਸਨ। ਇਸ ਤੋਂ ਬਾਅਦ ਕਿਮ ਨੇ ਜਦੋਂ ਲਗਾਤਾਰ ਉੱਚ ਅਹੁਦਿਆਂ ਨੂੰ ਹੱਥ ਪਾਇਆ ਤਾਂ ਹੀ ਉਹ ਚਮਕੇ ਅਤੇ ਉਨ੍ਹਾਂ ਨੂੰ ਪਿਤਾ ਦੇ ਵਾਰਸ ਵਜੋਂ ਦੇਖਿਆ ਜਾਣ ਲੱਗਿਆ। ਕਿਮ ਨੇ ਸਵਿੱਟਜ਼ਰਲੈਂਡ ਤੋਂ ਪੜ੍ਹਾਈ ਕੀਤੀ ਸੀ ਪਰ ਪੱਛਮੀ ਪ੍ਰਭਾਵ ਨਾ ਕਬੂਲਿਆ। ਕਿਮ ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ਵਿੱਚ ਮਿਲਟਰੀ ਯੂਨੀਵਰਸਿਟੀ ਵੀ ਗਏ। ਕਿਮ ਦੀ ਮਾਂ ਨੂੰ ਕਿਮ ਜੋਂਗ ਇਲ ਦੀ ਚਹੇਤੀ ਪਤਨੀ ਕਿਹਾ ਜਾਂਦਾ ਸੀ।

ਕਿਮ ਜੋਂਗ ਇਲ ਨੇ ਅਗਸਤ 2010 ਵਿੱਚ ਚੀਨ ਦਾ ਦੌਰਾ ਵੀ ਕੀਤਾ ਸੀ। ਇਸ ਦੌਰੇ ਦੌਰਾਨ ਕਿਮ ਆਪਣੇ ਪਿਤਾ ਦੇ ਨਾਲ ਸਨ। ਉਦੋਂ ਤੱਕ ਉਨ੍ਹਾਂ ਨੂੰ ਪਿਤਾ ਦਾ ਵਾਰਿਸ ਸਮਝਿਆ ਜਾਣ ਲੱਗਾ ਸੀ। ਪਿਤਾ ਦੀ ਮੌਤ ਤੋਂ ਬਾਅਦ ਕਿਮ ਨੂੰ ਤੁਰੰਤ ਉਤਰਾਧਿਕਾਰੀ ਐਲਾਨ ਦਿੱਤਾ ਗਿਆ ਸੀ।

ਕਿਮ ਨੇ ਜਨਤਕ ਤੌਰ ‘ਤੇ ਆਪਣਾ ਪਹਿਲਾ ਭਾਸ਼ਣ ਕਿਮ ਇਲ 2-ਸੰਗ ਦੇ 100ਵੇਂ ਜਨਮ ਦਿਨ ਉਪਰ 15 ਅਪ੍ਰੈਲ 2012 ਨੂੰ ਉੱਤਰੀ ਕੋਰੀਆ ਵਿੱਚ ਹੀ ਦਿੱਤਾ ਸੀ। ਉਨ੍ਹਾਂ ਨੇ ਆਪਣੇ ਭਾਸ਼ਣ ਵਿਚ ਕਿਹਾ ਸੀ ਕਿ ਉਹ ਸਮਾਂ ਲੱਦ ਚੁੱਕਾ ਹੈ, ਜਦੋਂ ਉੱਤਰੀ ਕੋਰੀਆ ਕੋਈ ਧਮਾਕਾ ਨਹੀਂ ਕਰ ਸਕਦਾ ਸੀ।

- Advertisement -

ਕਿਮ ਦੀ ਅਗਵਾਈ ਵਿੱਚ ਉੱਤਰੀ ਕੋਰੀਆ ਵਿੱਚ ਪਰਮਾਣੂ ਅਤੇ ਮਿਜ਼ਾਇਲ ਪਰੀਖਣ ਹੋਏ ਤੇ ਹਥਿਆਰਾਂ ਦਾ ਤੇਜ਼ੀ ਨਾਲ ਵਿਕਾਸ ਵੀ ਹੋਇਆ। ਇਹ ਦਾਅਵਾ ਹੈ ਕਿ ਦੇਸ਼ ਨੇ ਲੰਬੀ ਦੂਰੀ ਦੀ ਮਿਜ਼ਾਇਲ ’ਚ ਲੋਡ ਕੀਤੇ ਜਾਣ ਵਾਲੇ ਛੋਟੇ ਹਾਈਡ੍ਰੋਜਨ ਬੰਬ ਦੀ ਪਰਖ ਵੀ ਕੀਤੀ ਹੈ।

ਕੌਮਾਂਤਰੀ ਰਿਪੋਰਟਾਂ ਅਨੁਸਾਰ 2017 ਵਿੱਚ ਉੱਤਰ ਕੋਰੀਆ ਨੇ ਕਈ ਮਿਜ਼ਾਇਲਾਂ ਦੀ ਪਰਖ ਕੀਤੀ। ਦਾਅਵਾ ਕੀਤਾ ਗਿਆ ਸੀ ਕਿ ਇਸ ਮਿਜ਼ਾਈਲ ਦੀ ਪਹੁੰਚ ਅਮਰੀਕਾ ਤੱਕ ਹੈ। ਇਸ ਮਗਰੋਂ ਅਮਰੀਕਾ ਅਤੇ ਉੱਤਰੀ ਕੋਰੀਆ ਵਿਚਕਾਰ ਦੁਸ਼ਮਣੀ ਵਧ ਗਈ। ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਕਿਮ ਜੋਂਗ ਦਰਮਿਆਨ ਸ਼ਬਦੀ ਜੰਗ ਵੀ ਸ਼ੁਰੂ ਹੋਈ। ਡੋਨਾਲਡ ਟਰੰਪ ਨੇ ਕਿਮ ਜੋਂਗ ਨੂੰ ‘ਸੁਸਾਇਡ ਮਿਸ਼ਨ ’ਤੇ ਰੌਕੇਟ ਮੈਨ’ ਕਿਹਾ। ਉਧਰ ਕਿਮ ਨੇ ਟਰੰਪ ਨੂੰ ‘ਬੁੱਢਾ ਦਿਮਾਗ’ ਦੱਸਿਆ ਸੀ।
ਕਿਮ ਨੇ ਓਲੰਪਿਕ ਉਦਘਾਟਨ ਤੋਂ ਪਹਿਲਾਂ ਉੱਤਰੀ ਅਤੇ ਦੱਖਮੀ ਕੋਰੀਆ ਵਿਚਕਾਰ ਉੱਚ ਪੱਧਰੀ ਮੀਟਿੰਗਾਂ ਕੀਤੀਆਂ ਤੇ ਕਿਮ ਜੋਂਗ ਨੇ ਦੱਖਣੀ ਕੋਰੀਆ ਦੇ ਆਗੂ ਵਜੋਂ ਪਹਿਲੀ ਯਾਤਰਾ ਚੀਨ ਦੀ ਰਾਜਧਾਨੀ ਬੀਜਿੰਗ ਤੱਕ ਕੀਤੀ।

ਕਿਮ ਦੇ ਸਫ਼ਰ ਸਬੰਧੀ ਵੀ ਦਿਲਚਸਪ ਕਿੱਸੇ ਹਨ ਕਿ ਉਹ ਆਪਣੀ ਵਿਸ਼ੇਸ਼ ਰੇਲੇ ਗੱਡੀ ਵਿੱਚ ਹੀ ਸਫ਼ਰ ਕਰਦੇ ਹਨ। ਉਹ ਕਦੇ ਵੀ ਹਵਾਈ ਜਹਾਜ਼ ਦਾ ਸਫ਼ਰ ਨਹੀਂ ਕਰਦੇ। ਕਿਮ ਨੇ ਰਾਸ਼ਟਰਪਤੀ ਟਰੰਪ ਨਾਲ ਵੀ ਰਿਸ਼ਤੇ ਸੁਧਾਰਨ ਦੀ ਕੋਸ਼ਿਸ਼ ਕੀਤੀ ਅਤੇ ਅਪ੍ਰੈਲ 2018 ਵਿੱਚ ਦੋਵਾਂ ਆਗੂਆਂ ਨੇ ਸਿੰਗਾਪੁਰ ਵਿੱਚ ਇਤਿਹਾਸਕ ਮੁਲਾਕਾਤ ਕੀਤੀ। ਅਮਰੀਕਾ ਮੁਤਾਬਕ ਇਸ ਮੁਲਾਕਾਤ ਦਾ ਮਕਸਦ ਉੱਤਰੀ ਕੋਰੀਆ ਨੂੰ ਹੋਰ ਪਰਮਾਣੂ ਪਰੀਖਣ ਕਰਨ ਤੋਂ ਰੋਕਣਾ ਸੀ।

ਕਿਮ ਨੇ ਕਹਿ ਦਿੱਤਾ ਸੀ ਕਿ ਉਨ੍ਹਾਂ ਨੇ ਆਪਣੇ ਦੇਸ਼ ਦੇ ਹਥਿਆਰਾਂ ਦਾ ਪ੍ਰੋਗਰਾਮ ਪੂਰਾ ਕਰ ਲਿਆ ਹੈ। ਉਹ ਪਰੀਖਣ ਅਤੇ ਟੈਸਟ ਸਾਈਟਾਂ ਬੰਦ ਕਰਨ ਲਈ ਤਿਆਰ ਹਨ। ਇਸ ਫੈਸਲੇ ਦਾ ਸਵਾਗਤ ਵੀ ਕੀਤਾ ਗਿਆ ਪਰ ਵਿਸ਼ਲੇਸ਼ਕਾਂ ਅਨੁਸਾਰ ਉੱਤਰੀ ਕੋਰੀਆ ਆਪਣੇ ਵਾਅਦੇ ਤੋਂ ਮੁਕਰ ਚੁੱਕਿਆ ਹੈ। ਉੱਤਰੀ ਕੋਰੀਆ ਤੇ ਅਮਰੀਕਾ ਦੇ ਰਿਸ਼ਤੇ ਖ਼ਰਾਬ ਹੋ ਗਏ। ਕਿਮ ਨੇ 2011 ਤੱਕ 6 ਵਾਰ ਆਪਣੇ ਰੱਖਿਆ ਮੰਤਰੀਆਂ ਨੂੰ ਬਦਲਿਆ।

ਉੱਤਰੀ ਕੋਰੀਆ ਦੇ ਸਭ ਤੋਂ ਵੱਡੇ ਸ਼ਕਤੀ ਸੰਘਰਸ਼ ਦਸੰਬਰ 2013 ਵਿੱਚ ਸਾਹਮਣੇ ਆਇਆ ਸੀ, ਜਦੋਂ ਕਿਮ ਜੋਂਗ-ਉਨ ਨੇ ਆਪਣੇ ਚਾਚੇ ਚਾਂਗ ਸੋਂਗ-ਥੀਕ ਨੂੰ ਫਾਂਸੀ ਦੇ ਹੁਕਮ ਦਿੱਤੇ ਸਨ। ਰਿਪੋਰਟਾਂ ਅਨੁਸਾਰ ਉਹ ਤਖ਼ਤਾ ਪਲਟਣ ਦੀ ਸਾਜਿਸ਼ ਰਚ ਰਹੇ ਸਨ। ਕਿਮ ਨੇ ਫਰਵਰੀ 2017 ਵਿੱਚ ਆਪਣੇ ਮਤਰੇਏ ਭਰਾ ਕਿਮ ਜੋਂਗ ਨੈਮ ਨੂੰ ਕੁਆਲਾਲੰਮਪੁਰ ਏਅਰਪੋਰਟ ’ਤੇ ਕਤਲ ਕਰਨ ਦਾ ਹੁਕਮ ਦਿੱਤਾ ਸੀ।

ਕਿਮ ਦੀ ਵਿਅਕਤੀਗਤ ਜ਼ਿੰਦਗੀ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਜੁਲਾਈ 2012 ਵਿੱਚ, ਸਟੇਟ ਮੀਡੀਆ ਨੇ ਐਲਾਨ ਕੀਤਾ ਕਿ ਕਿਮ ਦਾ ਵਿਆਹ ਕਾਮਰੇਡ ਰੀ ਸੋਲ ਜੂ ਨਾਲ ਹੋ ਗਿਆ ਹੈ। ਰੀ ਸੰਬੰਧੀ ਕੋਈ ਜਾਣਕਾਰੀ ਨਹੀਂ ਹੈ ਪਰ ਪਹਿਰਾਵੇ ਤੋਂ ਉਸ ਨੂੰ ਕਿਸੇ ਉੱਚ ਵਰਗ ਦੇ ਖਾਨਦਾਨ ਨਾਲ ਜੋੜਿਆ ਜਾ ਰਿਹਾ ਹੈ। ਦੱਖਣੀ ਕੋਰੀਆ ਦੀ ਖੁਫੀਆ ਏਜੇਂਸੀ ਮੁਤਾਬਕ ਜੋੜੇ ਦੇ ਤਿੰਨ ਬੱਚੇ ਹਨ।

ਕਿਮ ਦੀ ਭੈਣ ਕਿਮ ਯੋ ਜੋਂਗ ਵਰਕਰ ਪਾਰਟੀ ਵਿੱਚ ਉੱਚ ਅਹੁਦੇ ’ਤੇ ਹੈ। ਉਹ ਉਸ ਵਿੰਟਰ ਓਲੰਪਿਕਸ ਸਮੇਂ ਸੁਰਖੀਆਂ ਵਿੱਚ ਆਈ ਸੀ ਜਦੋਂ ਉਸ ਨੇ ਆਪਣੇ ਭਰਾ ਦੀ ਥਾਂ ਨੁਮਾਇੰਦਗੀ ਕੀਤੀ ਸੀ।

Share this Article
Leave a comment