ਕਿਸਾਨਾਂ ਲਈ ਕੀਮਤੀ ਨੁਕਤੇ: ਜੈਵਿਕ ਕਣਕ ਦੀ ਸਫ਼ਲ ਕਾਸ਼ਤ ਕਿਵੇਂ ਕਰੀਏ

TeamGlobalPunjab
10 Min Read

-ਚਰਨਜੀਤ ਸਿੰਘ ਔਲਖ

ਸਿਹਤਮੰਦ ਅਤੇ ਸੁਰੱਖਿਅਤ ਭੋਜਨ ਪੈਦਾ ਕਰਨ ਦਾ ਇੱਕ ਤਰੀਕਾ ਫ਼ਸਲਾਂ, ਸਬਜੀਆਂ ਅਤੇ ਫ਼ਲਾਂ ਨੂੰ ਜੈਵਿਕ ਤਰੀਕੇ ਨਾਲ ਉਗਾਉਣਾ ਹੈ। ਜੈਵਿਕ ਖੇਤੀ ਸਿਰਫ਼ ਖੇਤੀ ਰਸਾਇਣਾਂ ਦਾ ਤਿਆਗ ਹੀ ਨਹੀਂ ਬਲਕਿ ਇਨ੍ਹਾਂ ਦੀ ਵਰਤੋਂ ਤੋਂ ਬਿਨਾਂ ਫ਼ਸਲਾਂ ਦਾ ਉਤਪਾਦਨ ਕਰਨ ਲਈ ਫ਼ਾਰਮ ਦੇ ਢਾਂਚੇ ਅਤੇ ਪ੍ਰਬੰਧਨ ਦੀ ਇੱਕ ਪ੍ਰਣਾਲੀ ਹੈ। ਜੈਵਿਕ ਖੇਤੀ ਵਿੱਚ ਉਤਪਾਦਨ, ਪ੍ਰੋਸੈਸਿੰਗ, ਸਾਂਭ-ਸੰਭਾਲ ਅਤੇ ਢੋਆ-ਢੁਆਈ ਜੈਵਿਕ ਮਾਪਦੰਡਾਂ ਅਨੁਸਾਰ ਕੀਤੀ ਜਾਂਦੀ ਹੈ ਤਾਂ ਜੋ ਉਪਭੋਗਤਾ ਕੋਲ ਪਹੁੰਚਣ ਤੱਕ ਉਤਪਾਦ ਦੇ ਮਿਆਰ ਨੂੰ ਕਾਇਮ ਰੱਖਿਆ ਜਾ ਸਕੇ। ਜੈਵਿਕ ਮਾਪਦੰਡ ਰਸਾਇਣਕ ਅਤੇ ਸਿੰਥੈਟਿਕ ਖੇਤੀ ਵਸਤਾਂ ਜਿਵੇਂ ਕਿ ਖਾਦ, ਨਦੀਨਨਾਸ਼ਕ, ਕੀਟਨਾਸ਼ਕ, ਉਲੀਨਾਸ਼ਕ ਆਦਿ ਦੀ ਵਰਤੋਂ ਦੀ ਮਨਾਹੀ ਕਰਦੇ ਹਨ। ਫ਼ਸਲਾਂ ਦੇ ਜੈਵਿਕ ਉਤਪਾਦਨ ਲਈ ਹਰੀ ਖਾਦ, ਫ਼ਸਲੀ ਚੱਕਰ, ਜੈਵਿਕ ਖਾਦ, ਕੰਪੋਸਟ ਅਤੇ ਬਾਇਉ-ਕੀਟ ਪ੍ਰਬੰਧਨ ਦੀ ਵਰਤੋਂ ਕੀਤੀ ਜਾਂਦੀ ਹੈ। ਫ਼ਸਲਾਂ ਨੂੰ ਪੋਸ਼ਣ ਪ੍ਰਦਾਨ ਕਰਨ ਦੀ ਬਜਾਏ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣ ਲਈ “ਮਿੱਟੀ ਨੂੰ ਖੁਰਾਕ ਦਿਓ, ਨਾ ਕਿ ਫਸਲ ਨੂੰ” ਦੇ ਸਿਧਾਂਤ ਤੇ ਜ਼ੋਰ ਦਿੱਤਾ ਜਾਂਦਾ ਹੈ। ਪੰਜਾਬ ਵਿੱਚ ਜ਼ਿਆਦਾਤਰ ਕਿਸਾਨ ਹਾੜ੍ਹੀ ਵਿੱਚ ਜੈਵਿਕ ਕਣਕ ਦੀ ਬਿਜਾਈ ਕਰਦੇ ਹਨ ਕਿਉਂਕਿ ਇਸ ਦਾ ਮੰਡੀਕਰਨ ਸੌਖਾ ਹੈ ਅਤੇ ਇਹ ਵੱਧ ਮੁੱਲ ਤੇ ਵਿਕ ਜਾਂਦੀ ਹੈ।ਰਵਾਇਤੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਵੀ ਘਰੇਲੂ ਵਰਤੋਂ ਲਈ ਜੈਵਿਕ ਕਣਕ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ ਹੈ। ਜੈਵਿਕ ਕਣਕ ਦੀ ਖੇਤੀ ਕਰਨ ਲਈ ਕੁਝ ਧਿਆਨ ਦੇਣ ਯੋਗ ਗੱਲਾਂ ਇਸ ਤਰ੍ਹਾਂ ਹਨ :

ਖੇਤ ਦੀ ਚੋਣ: ਜੈਵਿਕ ਖੇਤੀ ਲਈ ਸਭ ਤੋਂ ਉਪਜਾਊ ਖੇਤ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਖੇਤ ਦੀ ਚੋਣ ਇਸ ਤਰਾਂ ਕਰੋ ਤਾਂ ਜੋ ਲੋੜ ਪੈਣ ਤੇ ਆਉਣ ਵਾਲੇ ਸਾਲਾਂ ਵਿੱਚ ਰਕਬੇ ਵਿੱਚ ਵਾਧਾ ਕੀਤਾ ਜਾ ਸਕੇ। ਜੈਵਿਕ ਖੇਤ ਦੇ ਆਲੇ ਦੁਆਲੇ ਜੇ ਕੁਦਰਤੀ ਵਖਰੇਵਾਂ ਜਿਵੇਂ ਸੜਕ, ਨਹਿਰ ਜਾਂ ਖਾਲ ਆਦਿ ਹੋਵੇ ਤਾਂ ਠੀਕ ਹੈ ਨਹੀਂ ਤਾਂ ਜੈਵਿਕ ਤਸਦੀਕੀਕਰਨ ਕਰਵਾਉਣ ਲਈ ਦੂਸਰੇ ਖੇਤਾਂ ਤੋਂ ਵਖਰੇਵੇਂ ਲਈ ਕੋਈ ਹੋਰ ਫਸਲ ਜਿਵੇਂ ਸਰ੍ਹੋਂ ਜਾਂ ਸੁਬਾਬੂਲ ਦੀ ਵਾੜ ਆਦਿ ਲਗਾਉਣ ਦੀ ਲੋੜ ਪੈਂਦੀ ਹੈ। ਜੈਵਿਕ ਖੇਤੀ ਥੋੜੇ ਸਮੇਂ ਲਈ ਠੇਕੇ ਉਤੇ ਲਈ ਜ਼ਮੀਨ ‘ਤੇ ਨਹੀਂ ਸ਼ੁਰੂ ਕਰਨੀ ਚਾਹੀਦੀ ਕਿਉਂਕਿ ਖੇਤ ਨੂੰ ਜੈਵਿਕ ਪ੍ਰਮਾਣਿਤ ਹੋਣ ਵਿੱਚ ਤਿੰਨ ਸਾਲ ਲੱਗ ਜਾਂਦੇ ਹਨ।
ਕਿਸਮਾਂ ਅਤੇ ਬੀਜ ਦੀ ਚੋਣ: ਆਮ ਤੌਰ ਤੇ ਕਿਸਾਨ ਕਣਕ ਦੀਆਂ ਦੇਸੀ ਕਿਸਮਾਂ ਬਾਰੇ ਪੁੱਛਗਿੱਛ ਕਰਦੇ ਹਨ ਕਿਉਂਕਿ ਉਹ ਸੋਚਦੇ ਹਨ ਕਿ ਜੈਵਿਕ ਖੇਤੀ ਵਿੱਚ ਸੁਧਰੀਆਂ ਕਿਸਮਾਂ ਬੀਜਣ ਦੀ ਆਗਿਆ ਨਹੀਂ ਹੈ। ਕਿਸਾਨਾਂ ਦੀ ਜਾਣਕਾਰੀ ਲਈ ਹੈ ਕਿ ਇਹ ਦੱਸਣਾ ਜ਼ਰੂਰੀ ਹੈ ਕਿ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਸੁਧਰੀਆਂ ਕਿਸਮਾਂ ਵਿੱਚੋਂ ਕੋਈ ਵੀ ਕਿਸਮ ਜੈਵਿਕ ਖੇਤੀ ਅਧੀਨ ਬੀਜੀ ਜਾ ਸਕਦੀ ਹੈ ਅਤੇ ਇਹ ਕਿਸਮਾਂ ਬਿਮਾਰੀਆਂ ਦਾ ਚੰਗੀ ਤਰ੍ਹਾਂ ਟਾਕਰਾ ਕਰਕੇ ਚੰਗਾ ਝਾੜ ਦੇ ਸਕਦੀਆ ਹਨ। ਪਰ ਉਨਤ ਪੀ ਬੀ ਡਬਲਯੂ 550, ਪੀ ਬੀ ਡਬਲਯੂ 660 ਅਤੇ ਪੀ ਬੀ ਡਬਲਯੂ 1 ਜ਼ਿੰਕ ਕਿਸਮਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਇਨ੍ਹਾਂ ਦੇ ਆਟੇ ਦੀ ਰੋਟੀ ਸਵਾਦ ਬਣਦੀ ਹੈ।ਸੇਂਜੂ, ਬਰਾਨੀ, ਸਮੇਂ ਸਿਰ ਅਤੇ ਪਛੇਤੀ ਬਿਜਾਈ ਲਈ ਢੁਕਵੀਆਂ ਕਿਸਮਾਂ ਹੇਠ ਦਿੱਤੇ ਅਨੁਸਾਰ ਹਨ:

ਬੀਜ: ਬੀਜ ਜੈਵਿਕ ਹੋਣਾ ਚਾਹੀਦਾ ਹੈ ਜੋਕਿ ਪਿਛਲੇ ਸਾਲ ਦੀ ਜੈਵਿਕ ਪੈਦਾਵਾਰ ਵਿੱਚੋਂ ਹੋਵੇ।ਪਰ ਜੇ ਜੈਵਿਕ ਬੀਜ ਉਪਲੱਬਧ ਨਾ ਹੋਵੇ ਤਾਂ ਆਮ ਬੀਜ ਵੀ ਵਰਤਿਆ ਜਾ ਸਕਦਾ ਹੈ ਪਰ ਇਸ ਨੂੰ ਕਿਸੇ ਉਲੀਨਾਸ਼ਕ ਜਾਂ ਕੀਟਨਾਸ਼ਕ ਨਾਲ ਨਾ ਸੋਧਿਆ ਗਿਆ ਹੋਵੇ।
ਬੀਜ ਦੀ ਮਾਤਰਾ: ਉਨਤ ਪੀ ਬੀ ਡਬਲਯੂ 550 ਕਿਸਮ ਲਈ ਚੰਗੀ ਤਰਾਂ ਸਾਫ਼ ਕੀਤਾ ਹੋਇਆ 45 ਕਿਲੋ ਬੀਜ ਪ੍ਰਤੀ ਏਕੜ ਅਤੇ ਬਾਕੀ ਕਿਸਮਾਂ ਲਈ 40 ਕਿਲੋ ਬੀਜ ਵਰਤੋ। ਜੇ ਪੰਛੀਆਂ ਜਾਂ ਸਿਉਂਕ ਦੇ ਨੁਕਸਾਨ ਦਾ ਡਰ ਹੋਵੇ ਤਾਂ ਬੀਜ ਥੋੜ੍ਹਾ ਵੱਧ ਵਰਤਣਾ ਚਾਹੀਦਾ ਹੈ।

- Advertisement -

ਬੀਜ ਦੀ ਸੋਧ: ਬੀਜ ਦੀ ਸੋਧ ਲਈ ਕਿਸੇ ਵੀ ਉਲੀਨਾਸ਼ਕ ਜਾਂ ਕੀਟਨਾਸ਼ਕ ਦੀ ਵਰਤੋਂ ਨਾ ਕਰੋ। ਅਗਲੇ ਸਾਲ ਦੀ ਜੈਵਿਕ ਕਣਕ ਵਿੱਚ ਕਾਂਗਿਆਰੀ ਦੀ ਰੋਕਥਾਮ ਲਈ ਮਈ-ਜੂਨ ਦੇ ਮਹੀਨੇ ਕਣਕ ਦੇ ਬੀਜ ਨੂੰ ਧੁੱਪ ਵਾਲੇ ਦਿਨ ਸਵੇਰੇ 8 ਵਜੇ ਤੋਂ ਲੈ ਕੇ ਦੁਪਿਹਰ ਦੇ 12 ਵਜੇ ਤੱਕ ਪਾਣੀ ਵਿੱਚ ਭਿਉਂ ਕੇ ਰੱਖੋ। ਫਿਰ ਬੀਜ ਨੂੰ ਪਾਣੀ ਵਿੱਚੋ ਕੱਢ ਕੇ ਪੱਕੇ ਫਰਸ਼ ਉਤੇ ਚਟਾਈ ਜਾਂ ਤਰਪਾਲ ਉਪਰ ਧੁੱਪ ਵਿੱਚ ਸੁੱਕਣੇ ਪਾ ਦਿਓ। ਬੀਜ ਦੀ ਤਹਿ ਪਤਲੀ ਰੱਖੋ। ਕਣਕ ਨੂੰ ਚੰਗੀ ਤਰ੍ਹਾਂ ਸੁਕਾ ਕੇ ਬਿਜਾਈ ਤੱਕ ਸੰਭਾਲ ਲਵੋ।

ਜੀਵਾਣੂੰ ਖਾਦ ਦੀ ਵਰਤੋਂ: ਇੱਕ ਏਕੜ ਦੇ ਬੀਜ ਨੂੰ 500 ਗ੍ਰਾਮ ਕਨਸ਼ੋਰਸ਼ੀਅਮ ਜਾਂ 250 ਗ੍ਰਾਮ ਅਜ਼ੋਟੋਬੈਕਟਰ ਅਤੇ 250 ਗ੍ਰਾਮ ਸਟਰੈਪਟੋਮਾਈਸੀਜ਼ ਜੀਵਾਣੂੰ ਖਾਦਾਂ (ਐਜ਼ੋ-ਐਸ) ਨਾਲ ਪੱਕੇ ਫ਼ਰਸ਼ ਤੇ ਇਕ ਲਿਟਰ ਪਾਣੀ ਵਰਤ ਕੇ ਚੰਗੀ ਤਰ੍ਹਾਂ ਮਿਲਾ ਲਉ।ਸੋਧੇ ਬੀਜ ਨੂੰ ਪੱਕੇ ਫ਼ਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਬੀਜ ਨੂੰ ਜੀਵਾਣੂੰ ਟੀਕਾ ਲਾਉਣ ਨਾਲ ਝਾੜ ਵੱਧਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਇਹ ਟੀਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਅਤੇ ਵੱਖੋ-ਵੱਖਰੇ ਜ਼ਿਲ੍ਹਿਆਂ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰਾਂ/ਫਾਰਮ ਸਲਾਹਕਾਰ ਕੇਂਦਰਾਂ ਤੋਂ ਮਿਲਦੇ ਹਨ ।

ਬਿਜਾਈ ਦਾ ਤਰੀਕਾ : ਫ਼ਸਲ ਨੂੰ ਬੀਜ ਡਰਿੱਲ ਨਾਲ 4-6 ਸੈਂਟੀਮੀਟਰ ਦੀ ਡੂੰਘਾਈ ‘ਤੇ 22.5 ਸੈਂਟੀਮੀਟਰ ਦੀ ਵਿੱਥ ‘ਤੇ ਬੀਜੋ। ਪਿਛੇਤੀ ਬੀਜੀ ਕਣਕ ਦੀ ਉਗਣ ਸ਼ਕਤੀ ਵਧਾਉਣ ਲਈ ਬੀਜ ਨੂੰ 4-6 ਘੰਟੇ ਪਾਣੀ ਵਿੱਚ ਭਿਉਂ ਕੇ ਅਤੇ ਫਿਰ ਸੁਕਾ ਕੇ ਬੀਜੋ। ਇਸ ਬੀਜ ਨੂੰ ਭਿਉਂਣ ਤੋਂ 24 ਘੰਟੇ ਬਾਅਦ ਬੀਜ ਡਰਿੱਲ ਵਿੱਚ ਕੁਝ ਤਕਨੀਕੀ ਬਦਲਾਅ ਕਰਕੇ ਬੀਜੋ।

ਦਰਮਿਆਨੀਆਂ ਅਤੇ ਭਾਰੀਆਂ ਜ਼ਮੀਨਾਂ ਵਿਚ ਕਣਕ ਨੂੰ ਬੈਡਾ ਉਤੇ ਬੀਜਣ ਨਾਲ ਨਦੀਨ ਘੱਟ ਹੁੰਦੇ ਹਨ ਅਤੇ ਪਾਣੀ ਦੀ ਵੀ ਬੱਚਤ ਹੁੰਦੀ ਹੈ। ਬੈਡ ਪਲਾਂਟਰ ਨਾਲ 37.5 ਸੈਟੀਮੀਟਰ ਚੌੜੇ ਬੈਡ ਤੇ 20 ਸੈਂਟੀਮੀਟਰ ਦੀ ਵਿੱਥ ਤੇ ਕਣਕ ਦੀਆਂ ਦੋ ਕਤਾਰਾਂ ਬੀਜੀਆਂ ਜਾ ਸਕਦੀਆਂ ਹਨ।

ਖ਼ੁਰਾਕ ਪ੍ਰਬੰਧ: ਖ਼ੁਰਾਕੀ ਤੱਤਾਂ ਦੀ ਪੂਰਤੀ ਲਈ ਵੱਖ-ਵੱਖ ਜੈਵਿਕ ਖਾਦ ਦੇ ਸੋਮੇ ਜਿਵੇਂ ਕਿ ਰੂੜੀ, ਗੰਡੋਆ ਖਾਦ ਅਤੇ ਕੰਪੋਸਟ ਆਦਿ ਵਰਤੇ ਜਾ ਸਕਦੇ ਹਨ।8, 12 ਅਤੇ 16 ਟਨ ਰੂੜੀ ਪ੍ਰਤੀ ਏਕੜ ਕ੍ਰਮਵਾਰ ਜੈਵਿਕ ਮਾਦੇ ਦੇ ਪੱਖੋਂ ਭਾਰੀ, ਦਰਮਿਆਨੀ ਅਤੇ ਹਲਕੀ ਜ਼ਮੀਨ ਵਿੱਚ ਪਾਉ ਜਾਂ 17 ਕੁਇੰਟਲ ਸੁੱਕੀ ਰੂੜੀ ਦੀ ਖਾਦ (1.0 ਪ੍ਰਤੀਸ਼ਤ ਨਾਈਟ੍ਰੋਜਨ), 11 ਕੁਇੰਟਲ ਗੰਡੋਆ ਖਾਦ (1.5 ਪ੍ਰਤੀਸ਼ਤ ਨਾਈਟ੍ਰੋਜਨ) ਅਤੇ 6.6 ਕੁਇੰਟਲ ਰਿੰਡ ਦੀ ਖਲ (2.5 ਪ੍ਰਤੀਸ਼ਤ ਨਾਈਟ੍ਰੋਜਨ) ਪ੍ਰਤੀ ਏਕੜ ਦੀ ਵਰਤੋਂ ਕੀਤੀ ਜਾ ਸਕਦੀ ਹੈ।ਸਾਰੀਆਂ ਜੈਵਿਕ ਖਾਦਾਂ ਕਿਸੇ ਵੀ ਨੁਕਸਾਨਦਾਇਕ ਰਸਾਇਣ ਤੋਂ ਰਹਿਤ ਹੋਣੀਆਂ ਚਾਹੀਦੀਆਂ ਹਨ। ਜੈਵਿਕ ਖਾਦਾਂ ਨੂੰ ਕਣਕ ਦੀ ਬਿਜਾਈ ਤੋਂ ਪਹਿਲਾਂ ਖੇਤ ਵਿੱਚ ਚੰਗੀ ਤਰਾਂ ਮਿਲਾ ਦੇਣਾ ਚਾਹੀਦਾ ਹੈ। ਇਨ੍ਹਾਂ ਖਾਦਾਂ ਦੀ ਮਾਤਰਾ ਇਨ੍ਹਾਂ ਵਿਚਲੀ ਨਾਈਟ੍ਰੋਜਨ ਦੀ ਮਾਤਰਾ ਦੇ ਹਿਸਾਬ ਨਾਲ ਘਟਾਈ ਜਾਂ ਵਧਾਈ ਜਾ ਸਕਦੀ ਹੈ। ਜੈਵਿਕ ਮੱਕੀ ਜਾਂ ਸੋਇਆਬੀਨ ਤੋਂ ਬਾਅਦ ਇਨ੍ਹਾਂ ਫ਼ਸਲਾਂ ਦਾ ਨਾੜ ਜ਼ਮੀਨ ਵਿੱਚ ਵਾਹ ਦਿਉ ਅਤੇ ਕਣਕ ਨੂੰ ਜੈਵਿਕ ਖੇਤੀ ਸ਼ੁਰੂ ਕਰਨ ਦੇ ਪਹਿਲੇ ਪੰਜ ਸਾਲ 8 ਟਨ ਸੁੱਕੀ ਹੋਈ ਗਲੀ ਸੜੀ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ ਤੇ ਬਾਅਦ ਵਿੱਚ ਰੂੜੀ ਦੀ ਇਹ ਮਾਤਰਾ 25 ਫ਼ੀਸਦੀ ਘਟਾ ਦਿਉ।

- Advertisement -

ਨਦੀਨ ਪ੍ਰਬੰਧ: ਨਦੀਨਨਾਸ਼ਕਾਂ ਦੀ ਵਰਤੋਂ ਬਿਲਕੁਲ ਨਹੀਂ ਕਰਨੀ। ਕਾਸ਼ਤਕਾਰੀ ਢੰਗਾਂ ਜਿਵੇਂਕਿ ਕਣਕ ਦੀ ਥਾਂ ਤੇ ਬਰਸੀਮ, ਆਲੂ, ਰਾਇਆ, ਗੋਭੀ ਸਰ੍ਹੋਂ ਆਦਿ ਬੀਜ ਕੇ, ਸਮੇਂ ਸਿਰ ਬਿਜਾਈ ਕਰਕੇ (ਅਕਤੂਬਰ ਦੇ ਅਖੀਰਲੇ ਜਾਂ ਨਵੰਬਰ ਦੇ ਪਹਿਲੇ ਹਫ਼ਤੇ) ਜਾਂ ਮਿੱਟੀ ਦੀ ਉਪਰਲੀ ਤਹਿ ਨੂੰ ਸੁਕਾ ਕੇ ਨਦੀਨਾਂ (ਖਾਸ ਕਰਕੇ ਗੁੱਲੀ ਡੰਡੇ) ਦੀ ਰੋਕਥਾਮ ਕੀਤੀ ਜਾ ਸਕਦੀ ਹੈ।ਬੈਡਾਂ ਤੇ ਬੀਜੀ ਕਣਕ ਵਿੱਚ ਟਰੈਕਟਰ ਵਾਲੇ ਬੈਡ ਪਲਾਂਟਰ ਨੂੰ ਚਲਾ ਕੇ ਨਦੀਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ। ਬਚੇ ਹੋਏ ਨਦੀਨਾਂ ਨੂੰ ਬੀਜ ਬਣਨ ਤੋਂ ਪਹਿਲਾਂ ਖੇਤ ਵਿੱਚੋਂ ਪੁੱਟ ਕੇ ਬਾਹਰ ਕੱਢ ਦੇਣਾ ਚਾਹੀਦਾ ਹੈ।

ਪਾਣੀ ਪ੍ਰਬੰਧ: ਸਿੰਚਾਈ ਵਾਲਾ ਪਾਣੀ ਚੰਗੀ ਕੁਆਲਿਟੀ ਦਾ ਹੋਣਾ ਚਾਹੀਦਾ ਹੈ। ਸੀਵਰੇਜ ਜਾਂ ਦੂਸ਼ਿਤ ਪਾਣੀ ਨਾਲ ਸਿੰਚਾਈ ਨਾ ਕਰੋ।ਪਹਿਲਾਂ ਪਾਣੀ ਹਲਕਾ ਲਾਉ ਅਤੇ ਅਕਤੂਬਰ ਵਿੱਚ ਬੀਜੀ ਫ਼ਸਲ ਨੂੰ ਤਿੰਨ ਹਫ਼ਤੇ ਬਾਅਦ ਅਤੇ ਉਸ ਤੋਂ ਬਾਅਦ ਵਿੱਚ ਬੀਜੀ ਫ਼ਸਲ ਨੂੰ ਚਾਰ ਹਫ਼ਤੇ ਬਾਅਦ ਪਾਣੀ ਲਗਾਉ।ਹਲਕੀਆਂ ਜ਼ਮੀਨਾਂ ਵਿੱਚ ਪਹਿਲੀ ਸਿੰਚਾਈ ਕੁਝ ਅਗੇਤੀ ਅਤੇ ਭਾਰੀਆਂ ਜਾਂ ਝੋਨੇ ਵਾਲੀਆਂ ਜ਼ਮੀਨਾਂ ਵਿੱਚ ਪਛੇਤੀ ਕਰ ਦਿਓ।ਸਮੇਂ ਸਿਰ ਬੀਜੀ ਕਣਕ ਨੂੰ ਦਾਣੇ ਪੈਣ ਵੇਲੇ ਤਾਪਮਾਨ ਦੇ ਲੋੜ ਤੋਂ ਜ਼ਿਆਦਾ ਵਾਧੇ ਦੇ ਨੁਕਸਾਨ ਤੋਂ ਬਚਾਉਣ ਲਈ ਮੀਂਹ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਰਚ ਦੇ ਅਖੀਰ ਤੱਕ ਪਾਣੀ ਲਾਉ।ਪੰਜ ਦਸੰਬਰ ਤੋਂ ਬਾਅਦ ਬੀਜੀ ਗਈ ਫ਼ਸਲ ਨੂੰ 10 ਅਪ੍ਰੈਲ ਤੱਕ ਪਾਣੀ ਲਗਾਇਆ ਜਾ ਸਕਦਾ ਹੈ।
ਕੀਟ ਅਤੇ ਬਿਮਾਰੀ ਪ੍ਰਬੰਧ: ਕਿਸੇ ਵੀ ਰਸਾਇਣਕ ਕੀਟ ਅਤੇ ਉਲੀਨਾਸ਼ਕ ਦੀ ਵਰਤੋਂ ਨਹੀਂ ਕਰਨੀ। ਤੇਲਾ ਆਉਣ ਤੇ ਮਿੱਤਰ ਕੀੜੇ ਉਸਨੂੰ ਕਾਬੂ ਕਰ ਲੈਂਦੇ ਹਨ।ਜੇਕਰ ਹਮਲਾ 5 ਚੇਪੇ ਪ੍ਰਤੀ ਸਿੱਟਾ ਤੋ ਜਿਆਦਾ ਹੋਵੇ (ਇੱਕ ਏਕੜ ਖੇਤ ਦੇ ਹਰੇਕ ਚਾਰ ਹਿੱਸਿਆਂ ਵਿੱਚੋਂ ਚੁਣੇ 10-10 ਸਿੱਟਿਆਂ ਦੇ ਆਧਾਰ ਤੇ) ਤਾਂ ਘਰ ਬਨਾਏ ਨਿੰਮ ਦੇ ਘੋਲ ਦੇ 2 ਲਿਟਰ ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਹਫ਼ਤੇ-ਹਫ਼ਤੇ ਦੇ ਵਕਫੇ ਤੇ ਨੈਪਸੈਕ ਪੰਪ ਨਾਲ ਦੋ ਛਿੜਕਾਅ ਕਰੋ।

ਘਰ ਬਣਾਏ ਨਿੰਮ ਦਾ ਘੋਲ ਤਿਆਰ ਕਰਨ ਦੀ ਵਿਧੀ: ਚਾਰ ਕਿੱਲੋ ਨਿੰਮ ਦੀਆਂ ਕਰੂੰਬਲਾਂ (ਪੱਤੇ, ਹਰੀਆਂ ਟਹਿਣੀਆਂ ਅਤੇ ਨਿਮੋਲੀਆਂ) ਨੂੰ 10 ਲਿਟਰ ਪਾਣੀ ਵਿੱਚ 30 ਮਿੰਟ ਲਈ ਉਬਾਲੋ। ਇਸ ਘੋਲ ਨੂੰ ਕੱਪੜ ਛਾਣ ਕਰ ਲਓ ਅਤੇ ਸਿਫਾਰਸ਼ ਕੀਤੀ ਮਾਤਰਾ ਮੁਤਾਬਕ ਛਿੜਕਾਅ ਕਰੋ।

ਮੰਡੀਕਰਨ: ਜੈਵਿਕ ਕਣਕ ਲਈ ਕੋਈ ਸੰਗਿਠਤ ਮੰਡੀ ਨਹੀਂ ਹੈ।ਕਿਸਾਨਾਂ ਨੂੰ ਸੁਰੂਆਤੀ ਦੌਰ ਵਿੱਚ ਜੈਵਿਕ ਕਣਕ ਦੀ ਕਾਸ਼ਤ ਥੋੜੇ ਰਕਬੇ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਅਤੇ ਆਪਣੇ ਪੱਧਰ ਤੇ ਨੇੜੇ ਦੇ ਕਸਬਿਆਂ ਅਤੇ ਸ਼ਹਿਰਾਂ ਵਿੱਚ ਮੰਡੀਕਰਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਮੰਗ ਦੇ ਹਿਸਾਬ ਨਾਲ ਰਕਬਾ ਵਧਾਉਣਾ ਚਾਹੀਦਾ ਹੈ।ਅੰਤਰਰਾਸ਼ਟਰੀ ਅਤੇ ਦੂਰ-ਦੁਰਾਡੇ ਸ਼ਹਿਰਾਂ ਵਿੱਚ ਮੰਡੀਕਰਣ ਕਰਨ ਲਈ, ਖੇਤ ਨੂੰ ਸਰਕਾਰ ਦੁਆਰਾ ਪ੍ਰਮਾਣਿਤ ਕਿਸੇ ਵੀ ਪ੍ਰਮਾਣੀਕਰਨ ਏਜੰਸੀ ਤੋਂ ਪ੍ਰਮਾਣਿਤ ਕਰਵਾਉਣਾ ਚਾਹੀਦਾ ਹੈ।

ਸੰਪਰਕ :98883-50044

Share this Article
Leave a comment