ਸ. ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਸਮਾਗਮ ਮੌਕੇ ਭਾਵੁਕ ਹੋਏ ਸੁਖਬੀਰ ਬਾਦਲ

navdeep kaur
5 Min Read

ਨਿਊਜ਼ ਡੈਸਕ : :ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿਖੇ ਰੱਖੇ ਗਏ ਭੋਗ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਭਾਵੁਕ ਵਿਖਾਈ ਦਿੱਤੇ। ਸੁਖਬੀਰ ਸਿੰਘ ਬਾਦਲ ਨੇ ਆਪਣੇ ਸੰਬੋਧਨ ਦੌਰਾਨ ਮਰਹੂਮ ਪਿਤਾ ਨੂੰ ਯਾਦ ਕਰਦਿਆਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਕ ਸੱਚੇ ਦੇਸ਼ਭਗਤ ਸਨ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਦੇ ਕੋਲ ਕੋਈ ਲਫ਼ਜ਼ ਨਹੀਂ ਹਨ ਕਿ ਉਹ ਸੰਗਤ ਦਾ ਧੰਨਵਾਦ ਕਰ ਸਕਣ। ਉਨ੍ਹਾਂ ਕਿਹਾ ਕਿ ਜਿੰਨਾ ਪਿਆਰ ਸਮੁੱਚੀ ਪਾਰਟੀ ਅਤੇ ਸੰਗਤ ਨੇ ਮੇਰੇ ਪਿਤਾ ਨੂੰ ਦਿੱਤਾ ਹੈ, ਮੇਰੇ ਕੋਲ ਲਫ਼ਜ਼ ਨਹੀਂ ਹਨ ਕਿ ਮੈਂ ਧੰਨਵਾਦ ਕਰ ਸਕਾਂ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਬਾਰੇ ਕਈ ਕਹਾਣੀਆਂ ਸੁਣੀਆਂ ਹਨ। ਮੈਨੂੰ ਲੱਗਦਾ ਹੈ ਕਿ ਪੰਜਾਬ ਵਿਚ ਹਰ ਘਰ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਬ੍ਹ ਨਾਲ ਕੋਈ ਨਾ ਕੋਈ ਸੰਬੰਧ ਰਿਹਾ ਹੋਵੇਗਾ।

ਸੁਖਬੀਰ ਬਾਦਲ ਨੇ ਕਿਹਾ ਕਿ ਦੇਸ਼ ਦੇ ਕੋਨੇ-ਕੋਨੇ ਤੋਂ ਸੰਗਤ ਦੁੱਖ਼ ਵੰਡਾਉਣ ਲਈ ਸਾਡੇ ਕੋਲ ਆ ਰਹੀ ਹੈ। ਬਾਦਲ ਸਾਬ੍ਹ ਨੇ ਹਮੇਸ਼ਾ ਭਾਈਚਾਰੇ ਨਾਲ ਰਹਿਣਾ ਸਿਖਾਇਆ ਹੈ, ਉਹ ਹਰ ਧਰਮ ਦਾ ਸਤਿਕਾਰ ਕਰਦੇ ਸਨ। ਸਾਰੇ ਧਰਮ ਦੇ ਲੋਕਾਂ ਨੂੰ ਬਾਦਲ ਸਾਬ੍ਹ ਆਪਣਾ ਸਮਝਦੇ ਸਨ। ਮਹਾਪੁਰਖਾਂ ਦਾ ਹੱਥ ਹਮੇਸ਼ਾ ਹੀ ਮੇਰੇ ਪਿਤਾ ‘ਤੇ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਬਾਦਲ ਸਾਬ੍ਹ ਨੇ ਹਮੇਸ਼ਾ ਮੈਨੂੰ ਇਕੋ ਗੱਲ ਸਿਖਾਈ ਹੈ ਕਿ ਕਿਸੇ ਨਾਲ ਵੀ ਗੁੱਸਾ ਨਹੀਂ ਕਰਨਾ।

ਬੋਲਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਬਾਦਲ ਸਾਬ੍ਹ ਹਮੇਸ਼ਾ ਕਹਿੰਦੇ ਸਨ ਕਿ ਦੇਸ਼ ਤਾਂ ਹੀ ਤਕੜਾ ਹੋਵੇਗਾ ਜੇ ਪੰਜਾਬ ਤਕੜਾ ਹੋਵੇਗਾ। ਸੁਖਬੀਰ ਬਾਦਲ ਨੇ ਕਿਹਾ ਕਿ ਬਾਦਲ ਸਾਬ੍ਹ ਨੇ ਆਪਣੀ ਸਾਰੀ ਜ਼ਿੰਦਗੀ ਗ਼ਰੀਬਾਂ ਅਤੇ ਕਿਸਾਨਾਂ ਦੀ ਸੇਵਾ ਵਿਚ ਸਮਰਪਿਤ ਕੀਤੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਾਬ੍ਹ ਵਰਗੇ ਬਣਨਾ ਪਰਮਾਤਮਾ ਦੀ ਬਹੁਤ ਜ਼ਿਆਦਾ ਬਖ਼ਸ਼ੀਸ਼ ਦੀ ਲੋੜ ਹੈ। ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਬਾਦਲ ਸਾਬ੍ਹ ਦੇ ਵਿਖਾਈ ਹੋਏ ਰਸਤੇ ‘ਤੇ ਚੱਲ ਸਕਾਂ। ਮੈਂ ਬਾਦਲ ਸਾਬ੍ਹ ਵਰਗੇ ਬਣਨ ਦੀ ਪੂਰੀ ਕੋਸ਼ਿਸ਼ ਕਰਾਂਗਾ। ਭਰੀ ਸੋਗ ਸਭਾ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸੰਗਤ ਤੋਂ ਮੁਆਫ਼ੀ ਵੀ ਮੰਗੀ। ਸੁਖਬੀਰ ਬਾਦਲ ਨੇ ਸੰਬੋਧਨ ਵਿਚ ਕਿਹਾ ਕਿ ਮੈਂ ਮੁਆਫ਼ੀ ਮੰਗਦਾ ਹਾਂ ਕਿ ਜੇਕਰ ਕੋਈ ਜਾਣੇ-ਅਣਜਾਣੇ ਵਿਚ ਮੇਰੇ ਕੋਲੋਂ ਕੋਈ ਗਲਤੀ ਹੋਈ ਹੋਵੇ ਤਾਂ ਮੈਨੂੰ ਮੁਆਫ਼ ਕਰਨਾ। ਮੈਂ ਸਮੁੱਚੇ ਖ਼ਾਲਸਾ ਪੰਥ ਤੇ ਸਾਰੇ ਪੰਜਾਬੀਆਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ ਜੇ ਕਦੇ ਜਾਣੇ-ਅਣਜਾਣੇ ਵਿੱਚ ਮੈਥੋਂ, ਸਾਡੇ ਪਰਿਵਾਰ ਜਾਂ ਬਜ਼ੁਰਗਾਂ ਤੋਂ ਕਿਤੇ ਕੋਈ ਗ਼ਲਤੀ ਹੋਈ ਹੋਵੇ ਤਾਂ ਮੁਆਫ਼ ਕਰਨਾ।
ਦੂਜੇ ਪਾਸੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਮਰਹੂਮ ਬਾਦਲ ਨੇ ਹਮੇਸ਼ਾ ਰੁੱਸਿਆ ਨੂੰ ਮਨਾਇਆ। ਜਦੋਂ ਮੇਰੇ ਤੋਂ ਸਿਆਸੀ ਦੂਰੀ ਹੋ ਗਈ ਤਾਂ ਬਾਦਲ ਸਾਬ੍ਹ ਨੇ ਜੱਫੀ ਪਾ ਲਈ। ਉਹ ਹਮੇਸ਼ਾ ਪੰਜਾਬ ਨੂੰ ਹਰਿਆ ਭਰਿਆ ਦੇਖਣਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੇ ਚਚੇਰੇ ਭਰਾ ਸੁਖਬੀਰ ਬਾਦਲ ਨੂੰ ਆਪਣੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੇ ਨਕਸ਼ੇ-ਕਦਮਾਂ ‘ਤੇ ਚੱਲਣ ਲਈ ਕਿਹਾ। ਉਹਨਾਂ ਕਿਹਾ ਕਿ ਪੰਜਾਬ ਦੀ ਜਨਤਾ ਨੇ ਬਾਦਲ ਸਾਬ੍ਹ ਨੂੰ 20 ਸਾਲ ਹਕੁਮਤ ਕਰਨ ਦਾ ਮੌਕਾ ਦਿੱਤਾ ਅਤੇ ਇਨ੍ਹਾਂ 20 ਸਾਲਾਂ ‘ਚ ਬਾਦਲ ਸਾਬ੍ਹ ਨੇ 120 ਸਾਲ ਦੇ ਕੰਮ ਕੀਤੇ। ਜਿਹੜੀ ਪੱਗੜੀ ਪੰਜਾਬ ਦੇ ਲੋਕਾਂ ਨੇ ਬਾਦਲ ਸਾਹਿਬ ਦੇ ਸਿਰ ‘ਤੇ ਸਜਾਈ ਸੀ, ਬਾਦਲ ਸਾਹਿਬ ਨੇ ਆਪਣੇ ਖੂਨ-ਪਸੀਨੇ ਅਤੇ ਅਣਥੱਕ ਮਿਹਨਤ ਨਾਲ ਉਸ ਪੱਗੜੀ ਦੀ ਲਾਜ ਰੱਖੀ। ਅਖ਼ੀਰ ਮੌਕੇ ਉਨ੍ਹਾਂ ਨੇ ਸਭ ਨੂੰ ਖ਼ੁਸ਼ ਅਤੇ ਤੰਦਰੁਸਤ ਰੱਖਣ ਦੀ ਪਰਮਾਤਮਾ ਨੂੰ ਅਰਦਾਸ ਕੀਤੀ।

ਇਸ ਦੌਰਾਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੋਟਾਲਾ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਪੁੱਜੇ। ਓਪੀ ਚੋਟਾਲਾ ਨੇ ਕਿਹਾ ਕਿ ਸਰਦਾਰ ਬਾਦਲ ਵਲੋਂ ਰੋਟੀ, ਕੱਪੜਾ ਅਤੇ ਮਕਾਨ ਤਿੰਨੋਂ ਲੋੜਾਂ ਪੂਰੀਆਂ ਕਰਨ ਲਈ ਉਪਰਾਲੇ ਕੀਤੇ ਗਏ। ਉਹ ਕਿਸਾਨਾਂ ਦੀ ਭਲਾਈ ਚਾਹੁੰਦੇ ਸਨ ਅਤੇ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇ ਰਹੇ। ਇਨਸਾਫ਼ ਲਈ ਜੇਲ੍ਹਾਂ ਕੱਟੀਆਂ। ਉਨ੍ਹਾਂ ਅਕਾਲੀ ਦਲ ਨੂੰ ਭਰੋਸਾ ਦਿਵਾਇਆ ਕਿ ਉਹ ਅੰਤ ਤੱਕ ਉਨ੍ਹਾਂ ਦੇ ਨਾਲ ਖੜ੍ਹੇ ਰਹਿਣਗੇ।

- Advertisement -

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment