ਲਾਸ ਐਂਜਲਸ : ਮਸ਼ਹੂਰ ਹਾਲੀਵੁੱਡ ਟੀਵੀ ਸ਼ੋਅ “ਫ੍ਰੈਂਡਜ਼” ਫੇਮ ਮੈਥਿਊ ਪੈਰੀ ਦੀ ਮੌਤ ਨਾਲ ਜੁੜੇ ਡਰੱਗ ਮਾਮਲੇ ਵਿੱਚ ਇੱਕ ਅਦਾਲਤ ਨੇ ਭਾਰਤੀ ਮੂਲ ਦੀ ਔਰਤ ਜਸਵੀਨ ਸੰਘਾ ਨੂੰ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।ਜਸਵੀਨ ਸੰਘਾ ਨੂੰ “ਕੇਟਾਮਾਈਨ ਕਵੀਨ” ਵੀ ਕਿਹਾ ਜਾਂਦਾ ਹੈ। ਜਸਵੀਨ ਸੰਘਾ ਨੇ ਪਿਛਲੇ ਸਾਲ ਸਤੰਬਰ ਵਿੱਚ ਪੰਜ ਦੋਸ਼ਾਂ ਨੂੰ ਸਵਿਕਾਰ ਕੀਤਾ ਸੀ, ਜਿਸ ਵਿੱਚ ਕੇਟਾਮਾਈਨ ਵੇਚਣਾ ਵੀ ਸ਼ਾਮਲ ਸੀ। ਕੇਟਾਮਾਈਨ ਨੂੰ ਮੈਥਿਊ ਪੈਰੀ ਦੀ ਮੌਤ ਦਾ ਕਾਰਨ ਮੰਨਿਆ ਗਿਆ ਸੀ। ਕੇਟਾਮਾਈਨ ਇੱਕ ਬੇਹੋਸ਼ ਕਰਨ ਵਾਲੀ ਦਵਾਈ ਹੈ ਜਿਸਦੀ ਵਰਤੋਂ ਸਿਰਫ ਡਾਕਟਰੀ ਨਿਗਰਾਨੀ ਹੇਠ ਕੀਤੀ ਜਾਣੀ ਚਾਹੀਦੀ ਹੈ।
ਮੈਥਿਊ ਪੈਰੀ ਅਕਤੂਬਰ 2023 ਵਿੱਚ ਆਪਣੇ ਘਰ ਦੇ ਹੌਟ ਟੱਬ ਵਿੱਚ ਮ੍ਰਿਤਕ ਪਾਈ ਗਈ ਸੀ। ਇੱਕ ਜਾਂਚ ਵਿੱਚ ਪਤਾ ਲੱਗਿਆ ਕਿ ਉਸਦੀ ਮੌਤ ਕੇਟਾਮਾਈਨ ਦੀ ਓਵਰਡੋਜ਼ ਨਾਲ ਹੋਈ ਸੀ। ਸਰਕਾਰੀ ਵਕੀਲ ਦੇ ਅਨੁਸਾਰ ਉੱਤਰੀ ਹਾਲੀਵੁੱਡ ਵਿੱਚ ਜਸਵੀਨ ਦਾ ਘਰ ਇੱਕ ਡਰੱਗ ਸਪਲਾਈ ਹੱਬ ਸੀ, ਜਿੱਥੇ ਅਮੀਰ ਗਾਹਕਾਂ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਵੇਚੀਆਂ ਜਾਂਦੀਆਂ ਸਨ।
ਇਸਤੋਂ ਇਲਾਵਾ ਜਾਂਚ ਦੌਰਾਨ ਜਸਵੀਨ ਦੇ ਘਰੋਂ ਵੱਡੀ ਮਾਤਰਾ ਵਿੱਚ ਕੇਟਾਮਾਈਨ, ਮੇਥਾਮਫੇਟਾਮਾਈਨ, ਕੋਕੀਨ ਅਤੇ ਹੋਰ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ। ਅਦਾਲਤ ਨੇ ਇਹ ਵੀ ਨੋਟ ਕੀਤਾ ਕਿ ਦੋਸ਼ੀ ਨੂੰ ਲੰਬੇ ਸਮੇਂ ਤੋਂ ਆਪਣੇ ਕੰਮਾਂ ਲਈ ਕੋਈ ਪਛਤਾਵਾ ਨਹੀਂ ਸੀ ਅਤੇ ਇਸ ਲਈ ਇੱਕ ਸਖ਼ਤ ਸਜ਼ਾ ਜ਼ਰੂਰੀ ਸੀ। ਇਸ ਲਈ ਅਦਾਕਾਰ ਮੈਥਿਊ ਪੈਰੀ ਦੀ ਕੇਟਾਮਾਈਨ ਦੀ ਜ਼ਿਆਦਾ ਮਾਤਰਾ (ਓਵਰਡੋਜ਼) ਲੈਣ ਕਾਰਨ ਹੋਈ ਮੌਤ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਕੀਤੀ ਗਈ 42 ਸਾਲਾ ਭਾਰਤੀ ਮੂਲ ਦੀ ਮਹਿਲਾ ਨੂੰ, ਪਿਛਲੇ ਸਾਲ ਸਤੰਬਰ ਵਿੱਚ ਆਪਣਾ ਜ਼ੁਰਮ ਕਬੂਲ ਕਰਨ ਤੋਂ ਬਾਅਦ 15 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ।
ਸੰਘਾ ਦਾ ਜਨਮ ਲੰਡਨ ਵਿੱਚ ਨੀਲਮ ਸਿੰਘ ਅਤੇ ਬਲਜੀਤ ਸਿੰਘ ਛੋਕਰ ਦੇ ਘਰ ਹੋਇਆ ਸੀ। ਉਨ੍ਹਾਂ ਦੇ ਦਾਦਾ-ਦਾਦੀ, ਬੁੱਧ ਅਤੇ ਹਰਭਜਨ ਸਿੰਘ ਪੰਜਾਬ ਤੋਂ ਸਨ ਅਤੇ ਪੂਰਬੀ ਲੰਡਨ ਵਿੱਚ ਫੈਸ਼ਨ ਰਿਟੇਲ ਦੇ ਕਰੋੜਪਤੀ ਬਣ ਗਏ ਸਨ, ਜਿਨ੍ਹਾਂ ਨੇ ਲਗਜ਼ਰੀ ਡਿਪਾਰਟਮੈਂਟ ਸਟੋਰਾਂ ਨੂੰ ਸਾਮਾਨ ਦੀ ਸਪਲਾਈ ਕਰਕੇ ਬੇਅੰਤ ਦੌਲਤ ਕਮਾਈ ਸੀ।
ਜਦੋਂ ਸੰਘਾ ਮਹਿਜ਼ ਤਿੰਨ ਸਾਲਾਂ ਦੀ ਸੀ ਤਾਂ ਉਹ ਅਮਰੀਕਾ ਚਲੀ ਗਈ ਸੀ, ਅਤੇ 10 ਸਾਲ ਦੀ ਉਮਰ ਤੱਕ ਪਹੁੰਚਦੇ-ਪਹੁੰਚਦੇ ਉਸਦਾ ਜੀਵਨ ਕੈਲੀਫੋਰਨੀਆ ਵਿੱਚ ਪੂਰੀ ਤਰ੍ਹਾਂ ਸੈੱਟ ਹੋ ਗਿਆ ਸੀ। ਅਮਰੀਕਾ ਅਤੇ ਯੂਨਾਈਟਿਡ ਕਿੰਗਡਮ ਦੀ ਦੋਹਰੀ ਨਾਗਰਿਕਤਾ ਰੱਖਣ ਵਾਲੀ ਸੰਘਾ ਨੇ 2001 ਵਿੱਚ ਕੈਲਾਬਾਸਸ ਦੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਸੀ।
ਆਪਣੀ ਸਜ਼ਾ ਸੁਣਾਏ ਜਾਣ ਤੋਂ ਠੀਕ ਪਹਿਲਾਂ, ਸੰਘਾ ਨੇ ਜੱਜ ਸ਼ੇਰਿਲਿਨ ਪੀਸ ਗਾਰਨੇਟ ਨੂੰ ਕਿਹਾ, “ਇਹ ਗਲਤੀਆਂ ਨਹੀਂ ਸਨ। ਇਹ ਭਿਆਨਕ ਫੈਸਲੇ ਸਨ,” ਜਿਨ੍ਹਾਂ ਨੇ “ਲੋਕਾਂ ਦੇ ਜੀਵਨ ਅਤੇ ਉਨ੍ਹਾਂ ਦੇ ਪਰਿਵਾਰਾਂ ਤੇ ਦੋਸਤਾਂ ਦੀਆਂ ਜ਼ਿੰਦਗੀਆਂ ਨੂੰ ਤਬਾਹ ਕਰ ਦਿੱਤਾ।”

