ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਈਡੀ ਆਹਮੋ ਸਾਹਮਣੇ ਆ ਗਏ ਹਨ। ਪਾਰਟੀ ਸੁਪਰੀਮੋ ਕੇਜਰੀਵਾਲ ਨੇ ਅੱਜ ਤੀਜੀ ਵਾਰ ਈਡੀ ਦੇ ਸੰਮਨ ਲੈ ਕੇ ਪੇਸ਼ੀ ਭੁਗਤਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਕਿਹਾ ਗਿਆ ਹੈ ਕਿ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਗਈ ਹੈ। ਆਪ ਆਗੂ ਨੇ ਲਗਾਤਾਰ ਤੀਜੀ ਪੇਸ਼ੀ ਭੁਗਤਣ ਨੂੰ ਰੱਦ ਕਰਦੇ ਹੋਏ ਸੁਨੇਹਾ ਦਿੱਤਾ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਰਾਜਸੀ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਹੈ। ਵਿਰੋਧੀ ਧਿਰਾਂ ਲਗਾਤਾਰ ਇਹ ਸਵਾਲ ਉਠਾ ਰਹੀਆਂ ਹਨ ਕਿ ਮੋਦੀ ਸਰਕਾਰ ਈਡੀ , ਸੀਬੀਆਈ ਅਤੇ ਹੋਰ ਕੇਂਦਰੀ ਏਜੰਸੀਆਂ ਦਾ ਵਿਰੋਧੀਆਂ ਨੂੰ ਦਬਾਉਣ ਲਈ ਇਸਤੇਮਾਲ ਕਰ ਰਹੀ ਹੈ। ਇਸ ਤੋਂ ਪਹਿਲਾਂ ਕਈ ਹੋਰਾਂ ਪਾਰਟੀਆਂ ਦੇ ਆਗੂ ਵੀ ਈਡੀ ਅਤੇ ਹੋਰ ਕੇਂਦਰੀ ਏਜੰਸੀਆਂ ਦੇ ਸੰਮਨ ਅਤੇ ਛਾਪਿਆਂ ਦਾ ਸਾਹਮਣਾ ਕਰ ਚੁੱਕੇ ਹਨ। ਕੇਜਰੀਵਾਲ ਵਲੋਂ ਲਗਾਤਾਰ ਤੀਜੀ ਵਾਰ ਨਾਂਹ ਕਰਨ ਨਾਲ ਸਥਿਤੀ ਅਜਿਹੀ ਬਣ ਗਈ ਹੈ ਕਿ ਹੁਣ ਈਡੀ ਨੇ ਫੈਸਲਾ ਲੈਣਾ ਹੈ ਕਿ ਕੇਜਰੀਵਾਲ ਨੂੰ ਇਕ ਹੋਰ ਸੰਮਨ ਜਾਣਗੇ ਕਿ ਕੋਈ ਹੋਰ ਕਾਨੂੰਨੀ ਕਾਰਵਾਈ ਜਾਂ ਪ੍ਰਸ਼ਾਸਕੀ ਕਦਮ ਉਠਾਇਆ ਜਾਣਾ ਹੈ। ਮੌਜੂਦਾ ਸਥਿਤੀ ਨੂੰ ਵਿਰੋਧੀ ਚਾਹੇ ਕਿਸੇ ਨਜ਼ਰੀਏ ਨਾਲ ਵੇਖਣ ਪਰ ਇਹ ਸਾਫ ਹੈ ਕਿ ਕੇਜਰੀਵਾਲ ਅਤੇ ਉਸ ਦੀ ਪਾਰਟੀ ਨੇ ਇਹ ਮਨ ਬਣਾ ਲਿਆ ਹੈ ਕਿ ਉਹ ਹਰ ਸਥਿਤੀ ਦਾ ਟਾਕਰਾ ਕਰਨ ਕਈ ਤਿਆਰ ਹਨ।
ਦੇਸ਼ ਦੀ ਰਾਜਸੀ ਸਥਿਤੀ ਪਾਰਲੀਮੈਂਟ ਚੋਣ ਤੋਂ ਪਹਿਲਾਂ ਨਵੀਂ ਕਰਵਟ ਲੈਂਦੀ ਨਜ਼ਰ ਆ ਰਹੀ ਹੈ। ਮੁੱਖ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਗਲੇ ਦਿਨਾਂ ਵਿੱਚ ਨਿਆਂ ਯਾਤਰਾ ਸ਼ੁਰੂ ਕਰ ਰਹੇ ਹਨ। ਉਸ ਯਾਤਰਾ ਵਿੱਚ ਦੇਸ਼ ਦੇ ਲੋਕਾਂ ਦੇ ਮਸਲੇ ਉਠਾਏ ਜਾਣਗੇ। ਅਗਲੇ ਹੀ ਦਿਨਾਂ ਅੰਦਰ ਇੰਡੀਆ ਗਠਜੋੜ ਦੇ ਆਗੂਆਂ ਦੀ ਮੀਟਿੰਗ ਹੋਣ ਜਾ ਰਹੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇੰਡੀਆ ਗਠਜੋੜ ਮੀਟਿੰਗ ਕਰਕੇ ਸੀਟਾਂ ਦੀ ਵੰਡ ਦਾ ਮਾਮਲਾ ਵੀ ਨਿਪਟਾ ਲਏਗਾ। ਇਸ ਵੰਡ ਵਿੱਚ ਪੰਜਾਬ ਦੀਆਂ ਸੀਟਾਂ ਦੀ ਵੰਡ ਬਹੁਤ ਅਹਿਮ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਵਿਸ਼ਾਖਾਪਟਨਮ ਯੋਗ/ ਧਿਆਨ ਲਾਉਣ ਲਈ ਚਾਰ ਦਿਨ ਵਾਸਤੇ ਚਲੇ ਗਏ ਹਨ। ਇਸ ਤੋਂ ਪਹਿਲਾਂ ਕੇਜਰੀਵਾਲ ਹੁਸ਼ਿਆਰਪੁਰ ਦੱਸ ਦਿਨ ਵਿਪਾਸਨਾ ਕੇਂਦਰ ਲਗਾ ਕੇ ਗਏ ਹਨ। ਮਾਨ ਅਤੇ ਕੇਜਰੀਵਾਲ ਦੀ ਜੋੜੀ ਅਗਲੇ ਦਿਨਾਂ ਵਿੱਚ ਹੀ ਗੁਜਰਾਤ ਪਾਰਲੀਮੈਂਟ ਚੋਣ ਮੁਹਿੰਮ ਲਈ ਜਾ ਰਹੀ ਹੈ। ਇਸ ਤਰਾਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਰੋਧੀ ਧਿਰ ਭਾਜਪਾ ਨੂੰ ਮੈਦਾਨ ਵਿੱਚ ਟੱਕਰਨ ਲਈ ਤਿਆਰ ਹੈ । ਕੇਜਰੀਵਾਲ ਦਾ ਸੁਨੇਹਾ ਹੈ ਕਿ ਈਡੀ ਦੇ ਸੰਮਨ ਨਾਲ ਵਿਰੋਧੀ ਧਿਰ ਦੇ ਨੇਤਾ ਨਾਂ ਰੁਕਣਗੇ ਅਤੇ ਨਾਂ ਝੁਕਣਗੇ।
ਸੰਪਰਕਃ 9814002186