ਬਹਿਬਲ ਕਲਾਂ: ਸਪੀਕਰ ਸੰਧਵਾਂ ਹੋਰ ਸਮਾਂ ਮੰਗਣਗੇ ਜਾਂ ….?

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਨਾਲ ਜੁੜੇ ਮੁੱਦੇ ਲਈ ਸਰਕਾਰਾਂ ਦੇ ਭਰੋਸੇ ਅਜੇ ਕਿਸੇ ਸਿਰੇ ਲੱਗਦੇ ਨਜ਼ਰ ਨਹੀਂ ਆ ਰਹੇ । ਜੇਕਰ ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਭਰੋਸਾ ਆਪਣੇ ਆਪ ‘ਚ ਮੂੰਹੋਂ ਬੋਲਦੀ ਤਸਵੀਰ ਹੈ।14 ਅਕਤੂਬਰ ਨੂੰ ਬਹਿਬਲ ਕਲਾਂ ਵਿਖੇ ਨਿਆਂ ਦੀ ਮੰਗ ਕਰ ਰਹੇ ਮੋਰਚੇ ਦੀ ਸੰਗਤ ਨੂੰ ਸੰਬੋਧਨ ਕਰਦਿਆਂ ਸਪੀਕਰ ਸੰਧਵਾਂ ਨੇ ਭਰੋਸਾ ਦਿੱਤਾ ਸੀ ਕਿ ਇਹ ਮਾਮਲਾ ਤਾਂ ਹੁਣ ਗਿਣਤੀ ਦੇ ਦਿਨਾਂ ਦੀ ਗੱਲ ਹੈ । ਸੰਧਵਾਂ ਨੇ ਇਹ ਵੀ ਕਿਹਾ ਸੀ ਕਿ ਮਹੀਨੇ ਜਾਂ ਡੇਢ ਮਹੀਨੇ ਤੱਕ ਇਸ ਮਾਮਲੇ ‘ਚ ਨਿਆਂ ਮਿਲ ਜਾਵੇਗਾ ਅਤੇ ਸਾਰਿਆਂ ਵਲੋਂ ਰਲ ਕੇ ਅਕਾਲ ਪੁਰਖ ਦਾ ਸ਼ੁੱਕਰਾਨਾ ਕੀਤਾ ਜਾਵੇਗਾ।ਉਨ੍ਹਾਂ ਵਲੋਂ ਇਹ ਭਰੋਸਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਇਸ ਮੁੱਦੇ ਬਾਰੇ ਗੱਲਬਾਤ ਕਰਨ ਤੋਂ ਬਾਅਦ ਦਿੱਤਾ ਗਿਆ ਸੀ। ਇਸ ਸਾਰੇ ਮਾਮਲੇ ‘ਚ ਸਪੀਕਰ ਸੰਧਵਾਂ ਦਾ ਇਹ ਬਿਆਨ ਵਧੇਰੇ ਅਹਿਮ ਹੋ ਜਾਂਦਾ ਹੈ ਜਦੋਂ ਉਨ੍ਹਾਂ ਨੇ ਇਹ ਕਿਹਾ ਕਿ ਜੇਕਰ ਨਿਆਂ ਨਾ ਮਿਲਿਆ ਤਾਂ ੳੇੁਹ ਆਪ ਧਰਨੇ ‘ਚ ਸ਼ਾਮਿਲ ਹੋਣਗੇ।ਅਸਲ ‘ਚ ਕੇਵਲ ਸਪੀਕਰ ਸੰਧਵਾਂ ਦਾ ਉਪਰੋਕਤ ਬਿਆਨ ਹੀ ਨਿਆਂ ਲਈ ਭਰੋਸਾ ਨਹੀਂ ਦਿੰਦਾ ਸਗੋਂ ਸਰਕਾਰ ਬਣਨ ਤੋਂ ਪਹਿਲਾਂ ‘ਆਪ’ ਵਲੋਂ ਪੰਜਾਬੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ‘ਚ ਸਰਕਾਰ ਬਣਦਿਆਂ ਹੀ ਨਿਆਂ ਦਾ ਭਰੋਸਾ ਦਿਤਾ ਸੀ।ਸਪੀਕਰ ਸੰਧਵਾਂ ਆਪ ਅੰਮ੍ਰਿਤਧਾਰੀ ਸਿੱਖ ਹਨ ਅਤੇ ਉਹ ਆਪਣੇ ਵਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ‘ਚ ਦਿੱਤੇ ਭਰੋਸੇ ਦਾ ਅਰਥ ਚੰਗੀ ਤਰ੍ਹਾਂ ਸਮਝਦੇ ਹਨ।ਸਪੀਕਰ ਹੋਣ ਦੇ ਨਾਤੇ ‘ਤੇ ਵੀ ਉਨ੍ਹਾਂ ਦੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ।

ਅਜਿਹਾ ਵੀ ਨਹੀਂ ਹੈ ਕਿ ਸਪੀਕਰ ਸੰਧਵਾਂ ਇਸ ਸੰਵੇਦਨਸ਼ੀਲ ਮੁੱਦੇ ਉੱਪਰ ਭਰੋਸਾ ਦੇਣ ਵਾਲੇ ਪਹਿਲੇ ਰਾਜਸੀ ਨੇਤਾ ਹਨ।ਇਸ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਲੋਂ ਵਾਪਰੀਆਂ ਗੈਰ ਮਾਨਵੀ ਘਟਨਾਵਾਂ ਲਈ ਦੋਸ਼ੀਆਂ ਨੂੰ ਕਾਬੂ ਕਰਕੇ ਸੱਚ ਸਾਹਮਣੇ ਲੈ ਕੇ ਆਉਣ ਦਾ ਭਰੋਸਾ ਦਿੱਤਾ ਗਿਆ ਸੀ। ਬਾਦਲ ਸਰਕਾਰ ਇਸ ਮੁੱਦੇ ਉੱਪਰ ਕੋਈ ਨਿਆਂ ਨਹੀਂ ਦੇ ਸਕੀ ਪਰ ਅਕਾਲੀ ਦਲ ਨੂੰ ਪੰਜਾਬੀਆਂ ਨੇ ਸਤਾ ਤੋਂ ਪਾਸੇ ਕਰ ਦਿਤਾ।ਇਸੇ ਮੁੱਦੇ ਉੱਪਰ ਇਨਸਾਫ਼ ਦਾ ਭਰੋਸਾ ਦੇਣ ਦੇ ਵਾਅਦੇ ਨਾਲ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਪਰ ਕੈਪਟਨ ਵਲੋਂ ਵੀ ਇਸ ਮੁੱਦੇ ਉਪਰ ਕੋਈ ਠੋਸ ਕਾਰਵਾਈ ਨਾ ਕੀਤੀ ਗਈ।ਕੁਝ ਮਹੀਨਿਆਂ ਲਈ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਆਏ ਉਹ ਵੀ ਪਹਿਲੀਆਂ ਸਰਕਾਰਾਂ ਵਾਂਗ ਆਪਣੇ ਵਾਅਦੇ ਨੂੰ ਅਮਲੀ ਰੂਪ ਦੇਣ ਤੋਂ ਬਗੈਰ ਹੀ ਸਰਕਾਰ ਤੋਂ ਪਾਸੇ ਹੋ ਗਏ।ਇਸ ਸਾਰੇ ਸਮੇਂ ਦੌਰਾਨ ਵੱਖ-ਵੱਖ ਪੁਲਿਸ ਅਧਿਕਾਰੀਆਂ ਦੀਆਂ ਵਿਸ਼ੇਸ਼ ਜਾਂਚ ਟੀਮਾਂ ਵੀ ਬਣੀਆਂ ਪਰ ਇਸ ਮਾਮਲੇ ਦਾ ਸੱਚ ਸਾਹਮਣੇ ਨਾ ਆਇਆ। ਸਥਿਤੀ ਇਹ ਬਣੀ ਹੋਈ ਹੈ ਕਿ ਸੱਤ ਸਾਲ ਬੀਤ ਜਾਣ ਬਾਅਦ ਵੀ ਜਾਂਚ ਟੀਮਾਂ ਅਜੇ ਘਟਨਾ ਵਾਲੀਆਂ ਥਾਵਾਂ ਦਾ ਦੌਰਾ ਕਰ ਰਹੀਆਂ ਹਨ। ਇਸੇ ਤਰ੍ਹਾਂ ਅਜੇ ਵੀ ਗਵਾਹਾਂ ਦੇ ਬਿਆਨ ਇੱਕਠੇ ਕੀਤੇ ਜਾ ਰਹੇ ਹਨ। ਇਹ ਸਾਰੇ ਸਿਲਸਿਲੇ ਦੇ ਚਲਦਿਆਂ ਰਾਜਸੀ ਧਿਰਾਂ ਵਲੋਂ ਇਕ ਦੂਜੇ ਲਈ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ। ਸਵਾਲ ਤਾਂ ਸਿਸਟਮ ਦੀ ਕਾਰਗੁਜ਼ਾਰੀ ਬਾਰੇ ਵੀ ਉੱਠਦੇ ਹਨ। ਆਖਿਰ ਚੌਥੀ ਸਰਕਾਰ ਆਉਣ ਬਾਅਦ ਵੀ ਸਿੱਖ ਜੱਥੇਬੰਦੀਆਂ ਨੂੰ ਨਿਆਂ ਲੈਣ ਲਈ ਧਰਨਾ ਕਿਉਂ ਲਗਾਉਣਾ ਪਏ ? ਬਹਿਬਲ ਕਲਾਂ ‘ਚ ਪਿਛਲੇ ਇਕ ਸਾਲ ਤੋਂ ਇਨਸਾਫ਼ ਲੈਣ ਲਈ ਧਰਨਾ ਚਲ ਰਿਹਾ ਹੈ।ਇਸੇ ਧਰਨੇ ‘ਚ ਹੀ ਸਪੀਕਰ ਸੰਧਵਾਂ ਨੇ ਪਿਛਲੀ ਵਾਰ ਭਰੋਸਾ ਦਿੱਤਾ ਸੀ।ਉਸ ਭਰੋਸੇ ਨੂੰ ਲੈ ਕੇ ਹੀ ਸਵਾਲ ਉੱਠ ਰਿਹਾ ਹੈ ਕਿ ਕੀ ਹੁਣ ਸਪੀਕਰ ਸੰਧਵਾਂ ਹੋਰ ਸਮਾਂ ਮੰਗਣਗੇ ਜਾਂ ….?

 

- Advertisement -

Share this Article
Leave a comment