ਧਾਮੀ ਦੀ ਪੰਥਕ ਮੁੱਦਿਆਂ ਤੇ ਅਹਿਮ ਭੂਮਿਕਾ

Global Team
3 Min Read

ਜਗਤਾਰ ਸਿੰਘ ਸਿੱਧੂ;

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਅੰਤ੍ਰਿਗ ਕਮੇਟੀ ਦੀ ਹੋਈ ਮੀਟਿੰਗ ਵਿੱਚ ਨਰਾਇਣ ਸਿੰਘ ਚੌੜਾ ਨੂੰ ਪੰਥ ਵਿਚੋਂ ਛੇਕਣ ਬਾਰੇ ਪਿਛਲੀ ਮੀਟਿੰਗ ਵਿੱਚ ਹੋਇਆ ਮਤਾ ਰੱਦ ਕਰ ਦਿੱਤਾ ਗਿਆ ਹੈ। ਇੱਕ ਹੋਰ ਅਹਿਮ ਫੈਸਲਾ ਲੈਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁਧ ਲੱਗੇ ਦੋਸ਼ਾਂ ਦੀ ਜਾਂਚ ਲਈ ਇਕ ਮਹੀਨੇ ਦਾ ਸਮਾਂ ਵਧਾ ਦਿੱਤਾ ਗਿਆ ਹੈ। ਪਹਿਲਾਂ ਦੀ ਮੀਟਿੰਗ ਵਿੱਚ ਜਾਂਚ ਪੰਦਰਾਂ ਦਿਨਾਂ ਵਿੱਚ ਮੁਕੰਮਲ ਕਰਨ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਸੀ। ਇਹ ਸਾਰੇ ਮਾਮਲੇ ਸਿੱਧੇ ਤੌਰ ਉਤੇ ਪੰਥ ਨਾਲ ਜੁੜੇ ਹੋਏ ਹਨ ਅਤੇ ਦੋਵੇਂ ਹੀ ਅਹਿਮ ਮਾਮਲੇ ਹਨ। ਅੱਜ ਦੀ ਮੀਟਿੰਗ ਦੀ ਪ੍ਰਧਾਨਗੀ ਪ੍ਰਧਾਨ ਐਡ ਹਰਜਿੰਦਰ ਸਿੰਘ ਧਾਮੀ ਵਲੋਂ ਕੀਤੀ ਗਈ।

ਮੀਟਿੰਗ ਤੋਂ ਬਾਅਦ ਪੱਤਰਕਾਰਾਂ ਵੱਲੋਂ ਪ੍ਰਧਾਨ ਧਾਮੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਧਾਮੀ ਨੇ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਸੰਕੋਚ ਕੀਤਾ। ਇਸ ਮੀਟਿੰਗ ਬਾਰੇ ਪਹਿਲਾਂ ਕਈ ਤਰ੍ਹਾਂ ਦੀ ਚਰਚਾ ਸੀ ਪਰ ਮੀਟਿੰਗ ਬਾਅਦ ਕਈ ਨਵੇਂ ਫੈਸਲੇ ਵੀ ਸਾਹਮਣੇ ਆਏ ਹਨ।ਜਾਣਕਾਰ ਸੂਤਰਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਪੰਥਕ ਮੁੱਦਿਆਂ ਦੇ ਮਾਮਲਿਆਂ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਅੱਜ ਦੇ ਫੈਸਲੇ ਨੂੰ ਇਸੇ ਕੜੀ ਵਿੱਚ ਜੋੜ ਕੇ ਵੇਖਿਆ ਜਾ ਰਿਹਾ ਹੈ। ਹਾਲ ਦੀ ਘੜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਕਈ ਸੀਨੀਅਰ ਅਕਾਲੀ ਆਗੂਆਂ ਦੇ ਅਸਤੀਫਿਆਂ ਦਾ ਮਾਮਲਾ ਨਵੇਂ ਸਾਲ ਜਨਵਰੀ ਦੇ ਪਹਿਲੇ ਹਫਤੇ ਪਾਰਟੀ ਦੀ ਕੋਰ ਕਮੇਟੀ ਦੀ ਹੋਣ ਜਾ ਰਹੀ ਮੀਟਿੰਗ ਤੱਕ ਅੱਗੇ ਪੈ ਗਿਆ ਹੈ। ਇਸ ਮਾਮਲੇ ਬਾਰੇ ਵੀ ਅਕਾਲੀ ਸੁਧਾਰ ਲਹਿਰ ਦੇ ਆਗੂਆਂ ਵਲੋੰ ਸਵਾਲ ਉਠਾਏ ਜਾ ਰਹੇ ਹਨ। ਅਜਿਹੇ ਸਾਰੇ ਮਾਮਲਿਆਂ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਜਾਂਦੇ ਰਹੇ ਹਨ ਤਾਂ ਬਹੁਤ ਵਾਰ ਪ੍ਰਧਾਨ ਧਾਮੀ ਨਾਲ ਜਾਂਦੇ ਰਹੇ ਹਨ। ਐਡ ਧਾਮੀ ਇੰਨਾਂ ਸਾਰੇ ਮਾਮਲਿਆਂ ਵਿੱਚ ਸੰਜਮ ਨਾਲ ਚੱਲ ਰਹੇ ਹਨ। ਪੰਥਕ ਅਤੇ ਰਾਜਸੀ ਹਲਕਿਆਂ ਵਿੱਚ ਚਰਚਾ ਹੈ ਕਿ ਹਾਸ਼ੀਏ ਤੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਨੂੰ ਪੈਰਾਂ ਤੇ ਖੜਾ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਹਿਮ ਭੂਮਿਕਾ ਨਿਭਾ ਰਹੀ ਹੈ। ਪਿਛਲੇ ਦਿਨੀ ਕਿਸਾਨਾ ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਅਤੇ ਮਰਹੂਮ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਦੇ ਸਤਿਕਾਰ ਬਾਰੇ ਬਿਆਨ ਇਸੇ ਭੂਮਿਕਾ ਦੀ ਕੜੀ ਦਾ ਹਿੱਸਾ ਕਹੇ ਜਾ ਸਕਦੇ ਹਨ।

ਹਾਲਾਂਕਿ ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਅਪਸ਼ਬਦ ਬੋਲਣ ਦੇ ਦੋਸ਼ ਕਾਰਨ ਧਾਮੀ ਵੀ ਨਿਸ਼ਾਨੇ ਉਤੇ ਆ ਗਏ ਸਨ ਪਰ ਉਨਾਂ ਨੇ ਪੰਜ ਪਿਆਰਿਆਂ ਅੱਗੇ ਪੇਸ਼ ਹੋਕੇ ਨਿਮਾਣੇ ਸਿੱਖ ਵਜੋਂ ਲੱਗੀ ਸੇਵਾ ਨੂੰ ਪੂਰਾ ਕੀਤਾ ।ਧਾਮੀ ਸ਼੍ਰੋਮਣੀ ਕਮੇਟੀ ਦੇ ਰਹੇ ਸਿਰਮੌਰ ਆਗੂ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਨਜ਼ਦੀਕੀ ਸਾਥੀ ਰਹੇ ਹਨ ਅਤੇ ਜਾਤੀ ਤੌਰ ਤੇ ਕਿਸੇ ਤਰ੍ਹਾਂ ਦੇ ਵਿਵਾਦਾਂ ਦੇ ਘੇਰੇ ਤੋਂ ਪਾਸੇ ਹਨ। ਨਵੇਂ ਸਾਲ ਵਿਚ ਪੰਥਕ ਮੁਦਿਆਂ ਦੇ ਨਿਪਟਾਰੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਹੋਰ ਵੀ ਅਹਿਮੀਅਤ ਰੱਖਦੇ ਹਨ।

ਸੰਪਰਕ/ 9814002186

Share This Article
Leave a Comment