ਆਪ ਦਾ 13 ਸੀਟਾਂ ਲੜਨ ਦਾ ਐਲਾਨ

Prabhjot Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ;

ਆਪ ਦੇ ਸੁਪਰੀਮੋ ਅਤੇ ਦਿੱਲ਼ੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀਆਂ ਸਾਰੀਆਂ ਤੇਰਾਂ ਅਤੇ ਚੰਡੀਗੜ੍ਹ ਦੀ ਸੀਟ ਲਈ ਇੱਕਲੇ ਚੋਣ ਲੜਨ ਦਾ ਐਲਾਨ ਕਰ ਦਿੱਤਾ ਹੈ। ਇਸ ਤਰ੍ਹਾਂ ਆਪ ਅਤੇ ਕਾਂਗਰਸ ਦੇ ਗਠਜੋੜ ਦਾ ਮੁਕੰਮਲ ਤੌਰ ਉੱਪਰ ਕਿਆਸਰਾਈਆਂ ਦਾ ਭੋਗ ਪੈ ਗਿਆ ਹੈ। ਇਹ ਐਲਾਨ ਖੰਨਾ ਵਿਖੇ ਮਾਨ ਸਰਕਾਰ ਵਲੋਂ ਘਰ ਘਰ ਰਾਸ਼ਨ ਵੰਡਣ ਦੀ ਸਕੀਮ ਦਾ ਉਦਘਾਟਨ ਕਰਨ ਮੌਕੇ ਕੀਤਾ ਗਿਆ। ਉਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰੈਲੀ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਸਣੇ 14 ਸੀਟਾਂ ਲੜਨ ਦਾ ਐਲਾਨ ਕੀਤਾ ਸੀ। ਇਹ ਐਲਾਨ ਉਸ ਵੇਲੇ ਹੋਇਆ ਹੈ ਜਦੋਂ ਇਕ ਦਿਨ ਬਾਅਦ ਸਮਰਾਲਾ ਵਿਚ ਕਾਂਗਰਸ ਪਾਰਟੀ ਵਲੋਂ ਸੂਬਾ ਪੱਧਰ ਦੀ ਰੈਲੀ ਕੀਤੀ ਜਾ ਰਹੀ ਹੈ ਅਤੇ ਉਸ ਰੈਲੀ ਨੂੰ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਸੰਬੋਧਨ ਕਰਨਗੇ।

ਇੰਡੀਆ ਗਠਜੋੜ ਹੋਣ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਆਪ ਸੁਪਰੀਮੋ ਕੇਜਰੀਵਾਲ ਨੇ ਪੰਜਾਬ ਵਿੱਚ ਰੈਲੀ ਕਰਕੇ ਲੋਕ ਸਭਾ ਚੋਣਾਂ ਲਈ ਸਾਰੀਆਂ ਸੀਟਾਂ ਉਪਰ ਇੱਕਲੇ ਤੌਰ ਤੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਲਗਾਤਾਰ ਅਟਕਲਾਂ ਲਗਦੀਆਂ ਰਹੀਆਂ ਕਿ ਪੰਜਾਬ ਵਿੱਚ ਆਪ ਅਤੇ ਕਾਂਗਰਸ ਦਾ ਗਠਜੋੜ ਹੋਏਗਾ ਜਾਂ ਨਹੀਂ। ਬੇਸ਼ਕ ਇਸ ਤੋਂ ਪਹਿਲਾਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੰਡੀਆ ਗਠਜੋੜ ਤੋਂ ਬਾਹਰ ਹੋਣ ਦਾ ਐਲਾਨ ਕਰ ਦਿੱਤਾ ਸੀ ਪਰ ਹੁਣ ਆਪ ਦੇ ਐਲਾਨ ਨੇ ਇੰਡੀਆ ਗਠਜੋੜ ਦੀ ਹੋਂਦ ਉੱਪਰ ਹੀ ਸਵਾਲ ਖੜੇ ਕਰ ਦਿੱਤੇ ਹਨ।

ਮੁੱਖ ਮੰਤਰੀ ਮਾਨ ਅਤੇ ਮੁੱਖ ਮੰਤਰੀ ਕੇਜਰੀਵਾਲ ਵਲੋਂ ਕੀਤੀ ਰੈਲੀ ਵਿੱਚ ਵਿਰੋਧੀਆਂ ਨੂੰ ਪੂਰੀ ਤਰਾਂ ਨਿਸ਼ਾਨੇ ਉੱਪਰ ਲਿਆ ਗਿਆ। ਖਾਸ ਤੌਰ ਤੇ ਕੇਜਰੀਵਾਲ ਨੇ ਆਪਣੇ ਭਾਸ਼ਨ ਵਿਚ ਕਾਂਗਰਸ ਦੀ ਵੀ ਦੱਬ ਕੇ ਅਲੋਚਨਾ ਕੀਤੀ ਤਾਂ ਉਸ ਤੋਂ ਸਾਫ ਹੋ ਗਿਆ ਹੈ ਕਿ ਇੰਡੀਆ ਗਠਜੋੜ ਦਾ ਭਵਿਖ ਡਾਵਾਂਡੋਲ ਹੈ। ਇੰਡੀਆ ਗਠਜੋੜ ਹੋਂਦ ਵਿੱਚ ਆਇਆ ਸੀ ਤਾਂ ਭਾਜਪਾ ਦੇ ਮੁਕਾਬਲੇ ਵਿੱਚ ਇਕ ਧਿਰ ਬਣਦੀ ਨਜਰ ਆ ਰਹੀ ਸੀ ਪਰ ਛੇਤੀ ਹੀ ਇਹ ਸਾਰਾ ਕੁਝ ਖਿੰਡ ਗਿਆ। ਅੱਜ ਕੇਜਰੀਵਾਲ ਇਹ ਆਖ ਗਏ ਕਿ 75 ਸਾਲ ਵਿੱਚ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੇ ਕੀ ਕੀਤਾ? ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਉਨਾਂ ਦਾਅਵਿਆਂ ਦਾ ਕੀ ਬਣੇਗਾ ਜਦੋਂ ਇਹ ਗਿਆ ਕਿ ਦੇਸ਼ ਦੇ ਫੈਡਰਲ ਢਾਂਚੇ ਅਤੇ ਜਮਹੂਰੀਅਤ ਨੂੰ ਬਚਾਉਣ ਲਈ ਭਾਜਪਾ ਨੂੰ ਹਰਾਉਣਾ ਜਰੂਰੀ ਹੈ। ਇਹ ਵੀ ਕਿਹਾ ਗਿਆ ਕਿ ਇੱਕਠੇ ਹੋਕੇ ਲੜਾਈ ਲੜਨ ਦੀ ਲੋੜ ਹੈ।

- Advertisement -

ਬੇਸ਼ੱਕ ਪੰਜਾਬ ਕਾਂਗਰਸ ਦੇ ਕਈ ਵੱਡੇ ਨੇਤਾ ਪਹਿਲਾਂ ਹੀ ਆਪ ਨਾਲ ਗਠਜੋੜ ਦਾ ਵਿਰੋਧ ਕਰ ਰਹੇ ਸਨ ਪਰ ਭਲਕ ਦੀ ਕਾਂਗਰਸ ਦੀ ਸਮਰਾਲਾ ਰੈਲੀ ਵੀ ਸਥਿਤੀ ਸਾਫ ਕਰ ਦੇਵੇਗੀ ਅਤੇ ਰੈਲੀ ਵਿੱਚ ਮਾਨ ਸਰਕਾਰ ਵਿਰੁੱਧ ਤਿੱਖੀ ਅਲੋਚਨਾ ਹੋਵੇਗੀ। ਵੱਡੇ ਮਾਮਲਿਆਂ ਵਿਚ ਅਸਫਲਤਾ ਲਈ ਸਰਕਾਰ ਉੱਤੇ ਦੋਸ਼ ਲੱਗਣਗੇ।

ਅਸਲ ਵਿਚ ਹੁਣ ਪੰਜਾਬ ਦੀ ਸਥਿਤੀ ਇਹ ਬਣ ਗਈ ਹੈ ਕਿ ਚਾਹੇ ਲੋਕ ਸਭਾ ਲਈ ਵੋਟਾਂ ਮੰਗੀਆਂ ਜਾਣਗੀਆਂ ਪਰ ਇਹ ਮਾਨ ਸਰਕਾਰ ਦੀ ਕਾਰਗੁਜਾਰੀ ਲਈ ਵੋਟ ਹੋਵੇਗੀ। ਪੰਜਾਬ ਵਿਚ ਆਮ ਲੋਕਾਂ ਲਈ ਭਾਜਪਾ ਨਾਲ ਬਹੁਤਾ ਸਰੋਕਾਰ ਨਹੀ ਹੈਂ ਪਰ ਇਹ ਮਾਨ ਸਰਕਾਰ ਦਾ ਇਮਤਿਹਾਨ ਹੋਵੇਗਾ। ਇਹ ਵੀ ਸਹੀ ਹੈ ਕਿ ਲੋਕ ਸਭਾ ਚੋਣ ਦਾ ਪੰਜਾਬੀਆਂ ਦਾ ਫਤਵਾ ਹੀ ਕਿਸੇ ਧਿਰ ਲਈ ਅਗਲੀ 2027 ਦੀ ਵਿਧਾਨ ਸਭਾ ਚੋਣ ਦੀ ਜਿੱਤ ਲਈ ਰਾਹ ਖੋਲੇਗਾ।

ਸੰਪਰਕਃ 9814002186

Share this Article
Leave a comment