Home / ਓਪੀਨੀਅਨ / ਕਰਤਾਰਪੁਰ ਲਾਂਘਾ: ਕੌਣ ਸਨ ਕੁਲਦੀਪ ਸਿੰਘ ਵਡਾਲਾ

ਕਰਤਾਰਪੁਰ ਲਾਂਘਾ: ਕੌਣ ਸਨ ਕੁਲਦੀਪ ਸਿੰਘ ਵਡਾਲਾ

ਅੱਜ ਤੋਂ ਸਾਢੇ ਅਠਾਰਾਂ ਸਾਲ ਪਹਿਲਾਂ ਲਾਂਘਾ ਖੁੱਲ੍ਹਣ ਲਈ ਜਦੋਂ ਗੁਰੂ ਨਾਨਕ ਨਾਮ ਲੇਵਾ ਮਰਹੂਮ ਕੁਲਦੀਪ ਸਿੰਘ ਵਡਾਲਾ ਨੇ 14 ਅਪਰੈਲ 2001 ਨੂੰ ਮੱਸਿਆ  ਦੇ ਦਿਹਾੜੇ ‘ਤੇ ਸੰਗਤ ਦੀ ਹਾਜ਼ਰੀ ਵਿੱਚ ਪਹਿਲੀ ਅਰਦਾਸ ਕੀਤੀ ਤਾਂ ਕੁਝ ਲੋਕ ਇਸ ਦਾ ਮਜ਼ਾਕ ਉਡਾਉਣ ਲੱਗ ਪਏ ਕਿ ਅਜਿਹਾ ਕਿਵੇਂ ਹੋ ਸਕਦਾ ਹੈ। ਉਹਨਾਂ ਦੀ ਅਰਦਾਸ ਦੀ ਖ਼ਬਰ ਹਰ ਸਾਲ ਅਖਬਾਰਾਂ ਦੀ ਸੁਰਖੀ ਬਣਦੀ ਰਹੀ। ਗੁਰੂ ਨਾਨਕ ਦੇਵ ਦੇ ਸੱਚੇ ਸ਼ਰਧਾਲੂ ਵਜੋਂ ਉਹ ਲਗਾਤਾਰ ਆਪਣਾ ਫਰਜ਼ ਨਿਭਾਉਂਦੇ ਰਹੇ। ਉਹਨਾਂ ਦੀ ਇਸ ਲਗਨ ਸਦਕਾ ਹਰ ਸਾਲ ਸੰਗਤ ਜੁੜਦੀ ਗਈ। ਇਸ ਤਰ੍ਹਾਂ ਸੱਚੇ ਸ਼ਰਧਾਲੂਆਂ ਦਾ ਕਾਫ਼ਿਲਾ ਵਧਦਾ ਗਿਆ। ਉਹਨਾਂ ਦੀ ਅਰਦਾਸ ਵਿਚ ਗੁਰੂ ਦੇ ਦਰਸ਼ਨਾਂ ਦੀ ਤਾਂਘ ਸੀ ਜਿਸ ਨੇ ਉਹ ਦਿਨ ਲੈ ਆਂਦਾ ਜਿਸ ਦੀ ਉਡੀਕ ਸੀ। ਉਹਨਾਂ ਨੇ ਕਰਤਾਰਪੁਰ ਰਾਵੀ ਦਰਸ਼ਨ ਅਭਿਲਾਸ਼ੀ ਸੰਸਥਾ ਵੀ ਬਣਾਈ। ਹੁਣ ਗੁਰੂ ਨਾਨਕ ਦੇਵ ਦੀ ਚਰਨ ਛੋਹ ਕਰਤਾਰਪੁਰ ਲਈ ਲਾਂਘਾ ਖੁੱਲ੍ਹ ਰਿਹਾ ਹੈ ਤੇ ਸੰਗਤ ਵਿੱਚ ਅਥਾਹ ਉਤਸ਼ਾਹ ਹੈ। ਕੁਲਦੀਪ ਸਿੰਘ ਵਡਾਲਾ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ।

ਸੰਸਥਾ ਦੇ ਸਰਪ੍ਰਸਤ ਮਰਹੂਮ ਕੁਲਦੀਪ ਸਿੰਘ ਵਡਾਲਾ ਦੇ ਨਾਮ ’ਤੇ ਇੱਕ ਸੜਕ ਬਣਾਈ ਜਾ ਰਹੀ ਹੈ ਜਿਸ ਦਾ ਨੀਂਹ ਪੱਥਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਰੱਖਿਆ ਗਿਆ। ਮੰਤਰੀ ਨੇ ਦੱਸਿਆ ਕਿ ਜਥੇਦਾਰ ਵਡਾਲਾ ਸਾਢੇ ਅਠਾਰਾਂ ਸਾਲ ਹਰ ਮੱਸਿਆ ਦਿਹਾੜੇ ਜਿਵੇਂ ਅਰਦਾਸ ਸਮਾਗਮ ’ਚ ਸੰਸਥਾ ਦੀ ਅਗਵਾਈ ਕਰਦਿਆਂ ਸ਼ਾਮਲ ਹੁੰਦੇ ਰਹੇ, ਉਸ ਨੂੰ ਨਾਨਕ ਨਾਮ ਲੇਵਾ ਸੰਗਤ ਕਦੇ ਨਹੀਂ ਭੁਲਾ ਸਕਦੀ। ਇਸ ਲਈ ਪੰਜਾਬ ਸਰਕਾਰ ਨੇ ਉਨ੍ਹਾਂ ਦੀ  ਦੇਣ ਸਦਕਾ ਇੱਕ ਸੜਕ ਦਾ ਨਾਮ ਜਥੇਦਾਰ ਕੁਲਦੀਪ ਸਿੰਘ ਵਡਾਲਾ ਮਾਰਗ ਰੱਖਿਆ ਹੈ। ਇਹ ਮਾਰਗ ਡੇਰਾ ਬਾਬਾ ਨਾਨਕ ਤੋਂ ਕੰਡਿਆਲੀ ਤਾਰ, ਧੁੱਸੀ ਸੜਕ ਤੱਕ ਹੋਵੇਗਾ।

ਮਰਹੂਮ ਵਡਾਲਾ ਦੇ ਪੁੱਤਰ ਤੇ ਨਕੋਦਰ ਤੋਂ ਅਕਾਲੀ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ, ਪਰਿਵਾਰਕ ਮੈਂਬਰ ਅਤੇ ਸੰਸਥਾ ਦੇ ਸਕੱਤਰ ਗੁਰਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਨਾਨਕ ਨਾਮ ਲੇਵਾ ਸੰਗਤ ਦੀਆਂ ਅਰਦਾਸਾਂ ਸਦਕਾ ਹੀ ਲਾਂਘਾ ਖੁੱਲ੍ਹ ਰਿਹਾ ਹੈ। ਜਥੇਦਾਰ ਵਡਾਲਾ ਭਾਵੇਂ ਅੱਜ ਨਹੀਂ ਹਨ ਪਰ ਉਹਨਾਂ ਦੀ ਪਹਿਲੀ ਪਾਤਸ਼ਾਹੀ ਦੇ ਦਰਸ਼ਨਾਂ ਲਈ ਨਿਭਾਈ ਸੇਵਾ ਜਿਸ ਨੂੰ ਸਮੁੱਚੀ ਟੀਮ ਨੇ ਸ਼ਰਧਾ ਨਾਲ ਅਖ਼ੀਰ ਤੱਕ ਸਿਰੇ ਲਗਾਇਆ, ਨੂੰ ਸਿੱਖ ਭਾਈਚਾਰਾ ਹਮੇਸ਼ਾਂ ਯਾਦ ਰੱਖੇਗਾ।

ਅਵਤਾਰ ਸਿੰਘ -ਸੀਨੀਅਰ ਪੱਤਰਕਾਰ

Check Also

ਅਰੁਣ ਸੂਦ ਬਣੇ ਚੰਡੀਗੜ੍ਹ ਭਾਜਪਾ ਦੇ ਨਵੇਂ ਪ੍ਰਧਾਨ

ਚੰਡੀਗੜ੍ਹ : ਭਾਜਪਾ ਦੇ ਕੌਂਸਲਰ ਤੇ ਸਾਬਕਾ ਮੇਅਰ ਅਰੁਣ ਸੂਦ ਚੰਡੀਗੜ੍ਹ ਭਾਜਪਾ ਦੇ ਨਵੇਂ ਪ੍ਰਧਾਨ …

Leave a Reply

Your email address will not be published. Required fields are marked *