ਨਿਊਜ਼ ਡੈਸਕ: ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਕੇਂਦਰ ਸਰਕਾਰ ਤੋਂ ਪੁੱਛਿਆ ਹੈ ਕਿ ਕੀ ਸੈਂਸਰ ਬੋਰਡ ਨੇ ਫਿਲਮ ‘ਪ੍ਰਿਥਵੀਰਾਜ’ ਦੀ ਰਿਲੀਜ਼ ਲਈ ਸਰਟੀਫਿਕੇਟ ਦਿੱਤਾ ਹੈ।ਅਦਾਲਤ ਦਾ ਇਹ ਹੁਕਮ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ (ਪੀਆਈਐਲ) ‘ਤੇ ਆਇਆ ਹੈ।
ਅਦਾਲਤ ਨੇ ਮਾਮਲੇ ਦੀ ਸੁਣਵਾਈ 21 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਹਫ਼ਤੇ ਵਿੱਚ ਤੈਅ ਕੀਤੀ ਹੈ। ਜਸਟਿਸ ਏ.ਆਰ. ਮਸੂਦੀ ਅਤੇ ਜਸਟਿਸ ਐਨ.ਕੇ. ਜੌਹਰੀ ਨੇ ਇਹ ਹੁਕਮ ਕਰਣੀ ਸੈਨਾ ਦੀ ਉਪ ਪ੍ਰਧਾਨ ਸੰਗੀਤਾ ਸਿੰਘ ਵੱਲੋਂ ਦਾਇਰ ਜਨਹਿੱਤ ਪਟੀਸ਼ਨ ‘ਤੇ ਦਿੱਤੇ ਹਨ। ਪਟੀਸ਼ਨ ਵਿੱਚ ਫਿਲਮ ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ, ਦੋਸ਼ ਲਾਇਆ ਗਿਆ ਸੀ ਕਿ ਇਹ ਇੱਕ ਹਿੰਦੂ ਸਮਰਾਟ ਪ੍ਰਿਥਵੀਰਾਜ ਦੀ “ਝੂਠੀ ਅਤੇ ਅਸ਼ਲੀਲ” ਤਸਵੀਰ ਪੇਸ਼ ਕਰ ਰਹੀ ਹੈ, ਅਤੇ ਇਸ ਲਈ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ।ਪਟੀਸ਼ਨਕਰਤਾ ਨੇ ਕਿਹਾ ਕਿ ਫਿਲਮ ਦਾ ਪ੍ਰੀਵਿਊ ਹੀ ਦਰਸਾਉਂਦਾ ਹੈ ਕਿ ਇਹ ਵਿਵਾਦਗ੍ਰਸਤ ਹੈ।
‘ਪ੍ਰਿਥਵੀਰਾਜ’ ਇੱਕ ਅਕਸ਼ੇ ਕੁਮਾਰ ਸਟਾਰਰ ਹਿੰਦੀ ਫ਼ਿਲਮ ਹੈ । ਇਹ ਦੂਜੀ ਵਾਰ ਹੈ ਜਦੋਂ ਕਰਣੀ ਸੈਨਾ ਕਿਸੇ ਫਿਲਮ ਦੀ ਰਿਲੀਜ਼ ਦਾ ਵਿਰੋਧ ਕਰ ਰਹੀ ਹੈ। ਸਾਲ 2017 ਵਿੱਚ, ਕਰਣੀ ਸੈਨਾ ਨੇ ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਤ ਦੀਪਿਕਾ ਪਾਦੂਕੋਣ ਸਟਾਰਰ ਫਿਲਮ ‘ਪਦਮਾਵਤੀ’ ਦਾ ਸਖ਼ਤ ਵਿਰੋਧ ਕੀਤਾ ਸੀ। ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨਾਂ ਕਾਰਨ ਫਿਲਮ ਦੀ ਰਿਲੀਜ਼ ਵਿੱਚ ਦੇਰੀ ਹੋਈ ਅਤੇ ਨਿਰਮਾਤਾਵਾਂ ਨੇ ‘ਪਦਮਾਵਤੀ’ ਦਾ ਸਿਰਲੇਖ ‘ਪਦਮਾਵਤ’ ਕਰ ਦਿੱਤਾ ਸੀ।
ਇਸ ਫਿਲਮ ‘ਚ ਅਕਸ਼ੈ ਕੁਮਾਰ ਦੇ ਨਾਲ ਸੰਜੇ ਦੱਤ, ਸੋਨੂੰ ਸੂਦ ਵੀ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਮਿਸ ਵਰਲਡ ਦਾ ਖਿਤਾਬ ਜਿੱਤਣ ਵਾਲੀ ਮਾਨੁਸ਼ੀ ਛਿੱਲਰ ਫਿਲਮ ‘ਚ ਸੰਯੋਗਿਤਾ ਦੇ ਕਿਰਦਾਰ ‘ਚ ਨਜ਼ਰ ਆਉਣ ਵਾਲੀ ਹੈ। ਇਸ ਦੇ ਨਿਰਦੇਸ਼ਕ ਚੰਦਰਪ੍ਰਕਾਸ਼ ਦਿਵੇਦੀ ਹਨ। ਇਹ ਫਿਲਮ ਯਸ਼ਰਾਜ ਫਿਲਮਜ਼ ਦੇ ਬੈਨਰ ਹੇਠ ਬਣ ਰਹੀ ਹੈ।