ਪੰਜਾਬੀ ਗਾਇਕ ਕਰਨ ਔਜਲਾ ਤੇ ਉਨ੍ਹਾਂ ਦੇ ਫੈਨਸ ਵੱਲੋਂ ਮੋਹਾਲੀ ਵਿੱਚ ਟਰੈਫਿਕ ਨਿਯਮਾਂ ਦੀ ਉਲੰਘਣਾ ਦਾ ਵੀਡੀਓ ਸ਼ੁੱਕਰਵਾਰ ਨੂੰ ਬਹੁਤ ਵਾਇਰਲ ਹੋਇਆ, ਜਿਸ ‘ਤੇ ਪੁਲਿਸ ਨੇ ਵੀ ਨੋਟਿਸ ਲਿਆ ਹੈ। ਟਰੈਫਿਕ ਐਸਐਸਪੀ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਜਾਰੀ ਕੀਤੇ ਹਨ। ਇਹ ਵੀਡੀਓ ਬੁੱਧਵਾਰ ਦੀ ਹੈ ਜਿਸ ਦੇ ਵਾਇਰਲ ਹੁੰਦੇ ਹੀ ਪੰਜਾਬੀ ਸਿੰਗਰ ਕਰਨ ਔਜਲਾ ਸੁਰਖੀਆਂ ਵਿੱਚ ਆ ਗਏ ਹਨ ਜੋ ਕਿ ਆਪਣੇ ਫੈਨਸ ਤੇ ਦੋਸਤਾਂ ਦੇ ਨਾਲ ਮੋਹਾਲੀ ਦੀਆਂ ਸੜ੍ਹਕਾਂ ‘ਤੇ ਟਰੈਫਿਕ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾਉਦੇ ਨਜ਼ਰ ਆਏ।
ਲੋਕਾਂ ਦਾ ਕਹਿਣਾ ਹੈ ਕਿ ਵਿਦੇਸ਼ਾਂ ‘ਚ ਵਸੇ ਇਹ ਪੰਜਾਬੀ ਸਿੰਗਰ ਜਿੱਥੇ ਵਿਦੇਸ਼ਾਂ ਦਾ ਕਾਨੂੰਨ ਤਾਂ ਫਾਲੋ ਕਰਨਾ ਜਾਣਦੇ ਹਨ ਪਰ ਭਾਰਤ ਆਉਂਦੇ ਹੀ ਨਿਯਮਾਂ ਦੀ ਧੱਜੀਆਂ ਉਡਾ ਰਹੇ ਹਨ।
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਕਰਨ ਔਜਲਾ ਚੰਡੀਗੜ੍ਹ ਏਅਰਪੋਰਟ ‘ਤੇ ਪਹੁੰਚੇ। ਆਉਣ ਵਾਲੇ ਦਿਨਾਂ ਵਿੱਚ ਕਰਨ ਔਜਲਾ ਦਾ ਦਿੱਲੀ ਅਤੇ ਪੰਜਾਬ ਦੇ ਕੁੱਝ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਤੈਅ ਹੈ, ਜਿਸ ਦੇ ਲਈ ਉਹ ਪੰਜਾਬ ਆਏ ਹਨ। ਚੰਡੀਗੜ੍ਹ ਏਅਰਪੋਰਟ ‘ਤੇ ਉਤਰਨ ਤੋਂ ਪਹਿਲਾਂ ਹੀ ਉਨ੍ਹਾਂ ਦੇ ਹਜ਼ਾਰਾਂ ਫੈਨਸ ਏਅਰਪੋਰਟ ‘ਤੇ ਇੰਤਜ਼ਾਰ ਕਰ ਰਹੇ ਸਨ।
ਫਿਲਹਾਲ ਐਸਪੀ ਹਰਮਨ ਹੰਸ ਨੂੰ ਮਾਮਲੇ ਦੀ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦਾ ਮਾਹੌਲ ਕਿਸੇ ਵੀ ਕੀਮਤ ‘ਤੇ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਲੰਘਣਾ ਕਰਣ ਵਾਲੇ ਖਿਲਾਫ ਜਾਂਚ ਤੋਂ ਬਾਅਦ ਮਾਮਲਾ ਦਰਜ ਵੀ ਹੋਵੇਗਾ ।