ਜਾਖੜ ਕੈਪਟਨ ਦੇ ਪਿੰਜਰੇ ਦਾ ਤੋਤਾ, ਜਿੰਨੀ ਚੂਰੀ ਮਿਲਦੀ ਓਨਾ ਹੀ ਬੋਲਦਾ: ਬਾਜਵਾ

TeamGlobalPunjab
2 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ ):ਸੀਨੀਅਰ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਇੱਕ ਵਾਰ ਫਿਰ ਆੜੇ ਹੱਥੀਂ ਲਿਆ ਹੈ।

ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਦੋਵੇਂ ਆਗੂ ਪੰਜਾਬ ਵਿੱਚ ਕਾਂਗਰਸੀ ਬੇੜੀ ਨੂੰ ਬਿਲਕੁਲ ਡੋਬ ਦੇਣਗੇ ਜਿਸ ਕਾਰਨ ਸਮੇਂ ਦੀ ਮੰਗ ਇਹ ਹੈ ਕਿ ਇਨ੍ਹਾਂ ਨੂੰ ਇਨ੍ਹਾਂ ਦੇ ਅਹੁਦਿਆਂ ਤੋਂ ਲਾਂਭੇ ਕੀਤਾ ਜਾਵੇ। ਬਾਜਵਾ ਨੇ ਕਿਹਾ ਕਿ ਮੌਜੂਦਾ ਸਮੇਂ ਮਾਫੀਆ ਪਹਿਲਾਂ ਨਾਲੋਂ ਵਧਿਆ ਫੁੱਲਿਆ ਹੈ ਅਤੇ ਇਸ ਮਾਫ਼ੀਆ ਰਾਜ ਪਿੱਛੇ ਅਕਾਲੀਆਂ ਦਾ ਹੱਥ ਹੈ। ਮਾਫੀਆ ਕਾਰਨ ਹੀਂ ਸਰਹੱਦੀ ਜ਼ਿਲ੍ਹਿਆਂ ਦੇ 121 ਵਿਅਕਤੀ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ।

ਉਨ੍ਹਾਂ ਕਿਹਾ ਕਿ ਜੇਕਰ ਮੇਰੇ ਅਤੇ ਸ਼ਮਸ਼ੇਰ ਸਿੰਘ ਦੂਲੋਂ ਵੱਲੋਂ ਮੁੱਖ ਮੰਤਰੀ ਨੂੰ ਲਿਖੀਆਂ ਚਿੱਠੀਆਂ ਵੱਲ ਧਿਆਨ ਦਿੱਤਾ ਜਾਂਦਾ ਤਾਂ ਇਹ ਭਾਣਾ ਨਾ ਵਾਪਰਦਾ। ਜ਼ਹਿਰੀਲੀ ਸ਼ਰਾਬ ਮਾਮਲੇ ਵਿੱਚ ਕੀਤੀਆਂ ਗ੍ਰਿਫਤਾਰੀਆਂ ‘ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਕਿਹਾ ਕਿ ਵੱਡੇ ਮਗਰਮੱਛਾਂ ਨੂੰ ਅਜੇ ਵੀ ਹੱਥ ਨਹੀਂ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਸ਼ਰਾਬ ਤਸਕਰੀ ਮਾਮਲੇ ਦੀ ਗੰਭੀਰ ਜਾਂਚ ਦੀ ਲੋੜ ਹੈ ਤਾਂ ਕਿ ਇਹ ਪਤਾ ਲੱਗ ਸਕੇ ਕਿ ਸ਼ਰਾਬ ਮਾਫੀਆ ਵਿੱਚ ਕਿਹੜੇ ਸਿਆਸੀ ਆਗੂਆਂ ਦਾ ਹੱਥ ਹੈ।

ਬਾਜਵਾ ਨੇ ਸੁਨੀਲ ਜਾਖੜ ਨੂੰ ਕੈਪਟਨ ਦੇ ਪਿੰਜਰੇ ਦਾ ਤੋਤਾ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਜਿੰਨਾ ਤੋਤੇ ਨੂੰ ਚੂਰੀ ਦਿੰਦਾ ਹੈ ਅਤੇ ਤੋਤਾ ਓਨਾ ਹੀ ਬੋਲਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਰਾਜ ਵਿੱਚ ਕਾਂਗਰਸੀ ਆਗੂਆਂ ਦੀ ਸੁਣਵਾਈ ਨਹੀਂ ਤਾਂ ਆਮ ਲੋਕਾਂ ਦੀ ਕੀ ਸੁਣਵਾਈ ਹੋਵੇਗੀ। ਹੁਣ ਤਾਂ ਕਾਂਗਰਸ ਦੇ ਆਗੂ ਤੇ ਵਰਕਰ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਉਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਪੰਜਾਬ ਵਿਚ ਕਾਂਗਰਸ ਦਾ ਰਾਜ ਹੈ।

- Advertisement -

ਬਾਜਵਾ ਨੇ ਕਿਹਾ ਕਿ ਉਨ੍ਹਾਂ ਜ਼ਹਿਰੀਲੀ ਸ਼ਰਾਬ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਗਵਰਨਰ ਨੂੰ ਮਿਲ ਕੇ ਕੋਈ ਗਲਤੀ ਨਹੀਂ ਕੀਤੀ। ਹੁਣ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਗੱਲਾਂ ‘ਤੇ ਗੌਰ ਕਰਕੇ ਹਰ ਤਰ੍ਹਾਂ ਦੇ ਮਾਫੀਆ ‘ਤੇ ਨਕੇਲ ਕਸੀ ਜਾਵੇ ਅਤੇ ਜ਼ਹਿਰੀਲੀ ਸ਼ਰਾਬ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

Share this Article
Leave a comment