ਪਾਣੀਆਂ ਦੇ ਮਸਲੇ ‘ਤੇ ਇੰਨ੍ਹਾਂ ਪਾਰਟੀਆਂ ਨੇ ਕੀਤਾ ਸੀ ਪੰਜਾਬੀਆਂ ਨਾਲ ਧੋਖਾ? ਕਾਮਰੇਡ ਦੇ ਹੈਰਾਨੀਜਨਕ ਖੁਲਾਸੇ

TeamGlobalPunjab
17 Min Read

ਸਾਲ 1982 ਵਿੱਚ ਪੰਜਾਬ ਦੇ ਪਾਣੀਆਂ ਦੀ ਵੰਡ ਨੂੰ ਲੈ ਕੇ ਲਗਾਏ ਗਏ ਕਪੂਰੀ ਮੋਰਚੇ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪਣਾ ਆਪਦਾ ਰੋਲ ਅਦਾ ਕੀਤਾ। ਕੀ ਸੀ ਇਹ ਮੋਰਚਾ ਤੇ ਕਿਹੜੀਆਂ ਪਾਰਟੀਆਂ ਦਾ ਕੀ ਰਿਹਾ ਯੋਗਦਾਨ ਆਓ ਜਾਣਦੇ ਹਾਂ ਕੁਝ ਸਵਾਲਾਂ ਅਤੇ ਮੌਕੇ ‘ਤੇ ਮੌਜੂਦ ਵਿਅਕਤੀ ਜਗਦੀਸ਼ ਸਿੰਘ ਘਨੌਰ ਦੇ ਜਵਾਬਾਂ ਰਾਹੀਂ।

ਸਵਾਲ : ਜਦੋਂ ਕਪੂਰੀ ਮੋਰਚੇ ਸਮੇਂ ਅਕਾਲੀ ਤੇ ਮਾਕਰਸਵਾਦੀ ਇਕੱਠੇ ਹੋਏ, ਉਸ ਸਮੇਂ ਤੁਹਾਡਾ ਕੀ ਰੋਲ(ਅਹੁਦਾ) ਸੀ?

ਜਵਾਬ : ਉਸ ਸਮੇਂ ਮੈਂ ਨੌਜਵਾਨ ਸਭਾ(ਪੰਜਾਬ) ‘ਚ ਕੰਮ ਕਰਦਾ ਸੀ। ਪ੍ਰੋਫੈਸਰ ਦਰਬਾਰਾ ਸਿੰਘ ਨੌਜਵਾਨ ਸਭਾ(ਪੰਜਾਬ) ਦੇ ਪ੍ਰਧਾਨ ਤੇ ਚੰਦਰ ਸ਼ੇਖਰ ਜ਼ਿਲ੍ਹਾ ਸੈਕਟਰੀ ਸਨ। ਅਸੀਂ ਸਾਰੇ ਆਪਣੇ ਹਲਕੇ ‘ਚ ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਇਕੱਠ ਕੰਮ ਕਰ ਰਹੇ ਸੀ। ਉਸ ਸਮੇਂ ਕਪੂਰੀ ਮੋਰਚੇ ਦੀ ਗੱਲ ਸਾਡੇ ਸਾਹਮਣੇ ਆਈ। ਵੈਸੇ ਤਾਂ ਸ਼ੁਰੂ ਤੋਂ ਹੀ ਪੰਜਾਬ ਤੇ ਪੰਜਾਬ ਦੇ ਲੋਕਾਂ ਨਾਲ ਧੱਕਾ ਹੁੰਦਾ ਆਇਆ ਹੈ। ਜਦੋਂ ਤੋਂ ਪੰਜਾਬ ਨਵਾ ਸੂਬਾ ਬਣਿਆ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕਦੀ ਵੀ ਸੈਂਟਰ(ਕਾਂਗਰਸ) ਸਰਕਾਰ ਵੱਲੋਂ ਨਿਰਪੱਖ ਤੌਰ ਤੇ ਪੰਜਾਬ ਦੇ ਹੱਕ ਦੀ ਗੱਲ ਨਹੀਂ ਕੀਤੀ ਗਈ। ਉਸ ਕੜੀ ਦੇ ਤਹਿਤ ਹੀ ਕਪੂਰੀ ਦਾ ਮੋਰਚਾ ਸਾਡੇ ‘ਚੋਂ ਨਿਕਲਿਆ।

8 ਅਪ੍ਰੈਲ 1982 ਨੂੰ ਕਪੂਰੀ ਮੋਰਚਾ ਲੱਗਿਆ। ਜਿਸ ‘ਚ ਸਾਰੀਆਂ ਧੀਰਾਂ ਨੇ ਸ਼ਮੂਲੀਅਤ ਕੀਤੀ। ਪ੍ਰੋ. ਬਲਵੰਤ ਸਿੰਘ, ਪ੍ਰੋ ਦਰਬਾਰਾ ਸਿੰਘ ਤੇ ਜੱਥੇਦਾਰ ਕੌਲਸੇੜੀ ਸਾਡੇ ਪੁਰਾਣੇ ਕਮਿਊਨਿਸਟ ਆਗੂ ਸਨ ਤੇ ਦੂਜੇ ਪਾਸੇ ਸੰਤ ਹਰਚੰਦ ਸਿੰਘ ਲੌਂਗੋਵਾਲ ਮੁੱਖ ਆਗੂ, ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਜੱਥੇਦਾਰ ਜਗਦੇਵ ਸਿੰਘ ਤਲਵੰਡੀ, ਸੁਰਜੀਤ ਸਿੰਘ ਬਰਨਾਲਾ, ਹੋਰ ਪੁਰਾਣੇ ਆਗੂ ਵੀ ਕਪੂਰੀ ਮੋਰਚੇ ਸਮੇਂ ਮੌਜੂਦ ਸਨ। ਪੰਜਾਬ ਦੇ ਸਾਂਝੇ ਮਸਲੇ ਜਿਨ੍ਹਾਂ ‘ਚ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਮਸਲਾ ਮੁੱਖ ਸੀ ਕਿਉਂਕਿ ਸੈਂਟਰ ਸਰਕਾਰ ਨੇ “ਰਿਪੇਰੀਅਨ ਐਕਟ” ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਫੈਸਲਾ ਧੱਕੇ ਨਾਲ ਪੰਜਾਬ ਦੇ ਸਿਰ ਥੋਪ ਦਿੱਤਾ। ਪੰਜਾਬ ਦੇ ਇਨ੍ਹਾਂ ਮਸਲਿਆਂ ਨੂੰ ਮੁਖ ਰੱਖ ਕੇ ਹੀ ਸਾਡੀ ਅਕਾਲੀਆਂ ਨਾਲ ਕਪੂਰੀ ਮੋਰਚੇ ‘ਤੇ ਸਹਿਮਤੀ ਹੋਈ। ਪਾਣੀ ਦੀ ਵੰਡ ਲਈ ਕਾਂਗਰਸ ਮੁਖ ਤੌਰ ਤੇ ਭਾਈਵਾਲ ਰਹੀ ਹੈ। ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ, ਸੰਤੋਖ ਸਿੰਘ ਰੰਧਾਵਾ, ਗਿਆਨੀ ਜੈਲ ਸਿੰਘ ਤੇ ਹੋਰ ਬਹੁਤ ਸਾਰੇ ਆਗੂ ਮੌਜੂਦ ਸਨ ਜੋ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਦੇ ਪੱਖ ‘ਚ ਸਨ। ਇਸ ਤੋਂ ਪਹਿਲਾਂ ਵੀ ਜਦੋਂ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ। ਉਸ ਸਮੇਂ ਵੀ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਕੇਂਦਰ ਦੀ ਕਾਂਗਰਸ ਸਰਕਾਰ ਦੇ ਦਬਾਅ ਹੇਠਾਂ ਆ ਕੇ ਪੰਜਾਬ ਦੇ ਪਾਣੀਆਂ ‘ਤੇ ਡਾਕਾ ਮਾਰਿਆ।

- Advertisement -

ਸਵਾਲ : ਭਾਰਤੀ ਇਤਿਹਾਸ ਪਿਹਲੀ ਤੇ ਆਖਰੀ ਵਾਰ ਅਕਾਲੀ ਤੇ ਮਾਰਕਸਵਾਦੀ ਇਕੱਠੇ ਹੋਏ, ਇਸ ਪਿੱਛੇ ਕੀ ਕਾਰਨ ਸਨ?

ਜਵਾਬ : ਦੇਖੋ ਇਸ ਤੋਂ ਪਹਿਲਾਂ “ਬੱਸ ਕਿਰਾਇਆ ਘੋਲ”(ਮੋਰਚਾ) ਚੱਲਿਆ ਸੀ। ਉਸ ਸਮੇਂ ਅਸੀਂ ਅਸੈਂਬਲੀ ਦਾ ਘਿਰਾਓ ਕੀਤਾ ਸੀ, ਜਿਸ ‘ਚ ਬਾਦਲ ਸਾਹਬ ਵੀ ਸਾਡੇ ਨਾਲ ਸਨ। ਉਸ ਸਮੇਂ ਨੌਜਵਾਨ ਵਰਗ ਸਾਡੇ ਨਾਲ ਵੱਡੀ ਗਿਣਤੀ ‘ਚ ਜੁੜ ਗਿਆ ਸੀ। ਉਸ ਸਮੇਂ ਗੁਰਚਰਨ ਸਿੰਘ ਟੌਹੜਾ ਨੇ ਕਿਹਾ ਸੀ ਕਿ ਅਕਾਲੀਆਂ ਨਾਲ ਤਾਂ ਸਿਰਫ ਪੰਥਕ(ਅਕਾਲੀ) ਲੋਕ ਹੀ ਰਹਿ ਗਏ ਨੇ ਜਦੋਂ ਕਿ ਨੌਜਵਾਨਾਂ ਦੀ ਗਿਣਤੀ ਦਾ ਵੱਡਾ ਹਿੱਸਾ ਤਾਂ ਕਮਿਊਨਿਸਟਾਂ ਦੇ ਪੱਖ ‘ਚ ਚੱਲਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਅਕਾਲੀ ਲੜਾਈਆਂ ਲੜਦੇ ਰਹੇ ਕਿਉਂਕਿ ਉਨ੍ਹਾਂ ਦਾ ਪਿੱਛਲਾ ਵਿਰਸਾ ਵਧੀਆ ਸੀ। ਇਸ ਲਈ ਸੀਪੀਐੱਮ ਤੇ ਸੀਪੀਆਈ ਦਾ ਉਨ੍ਹਾਂ ਨਾਲ ਸਮਝੋਤਾ ਹੋਇਆ। ਇਹ ਸਮਝੋਤਾ ਪੰਜਾਬ ਦੀਆਂ ਮੰਗਾਂ ਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਮੁਖ ਰੱਖ ਕੇ ਕੀਤਾ ਗਿਆ ਸੀ। ਇਸ ਲਈ ਜਿੱਥੇ ਲੋਕਾਂ ਦੀ ਗੱਲ ਆਉਂਦੀ ਹੈ, ਸੂਬੇ(ਪੰਜਾਬ) ਦੀ ਗੱਲ ਆਉਂਦੀ ਹੈ ਤਾਂ ਸਾਨੂੰ ਪਿੱਛਲੀਆਂ ਗੱਲਾਂ ਨੂੰ ਭੁੱਲ ਕੇ ਸਮਝੋਤਾ ਕਰਨਾ ਚਾਹੀਦਾ ਸੀ, ਤੇ ਜੋ ਅਸੀਂ ਕੀਤਾ। ਦੂਜੀ ਗੱਲ ਜੋ “ਬੱਸ ਕਿਰਾਇਆ ਘੋਲ”(ਮੋਰਚਾ) ਲਗਾਇਆ ਗਿਆ ਸੀ ਜਿਸ ‘ਚ ਪਹਿਲਾਂ ਤਾਂ ਬਾਦਲ(ਅਕਾਲੀ ਦਲ) ਸਾਡੇ ਨਾਲ ਇਸ ਮੋਰਚੇ ਦੀ ਅਗਵਾਈ ਕਰਦਾ ਰਿਹਾ। ਪਰ ਕੁਝ ਦਿਨਾਂ ਬਾਅਦ ਬਾਦਲ ਸਾਹਬ ਖੁਦ ਮੋਰਚਾ ਛੱਡ ਕੇ ਭੱਜ ਗਏ। ਜਿਸ ਦਾ ਕਾਰਨ ਇਹ ਸੀ ਕਿ ਬਾਦਲ ਸਾਹਬ ਕੋਲ ਬੱਸਾਂ ਦੀ ਇੱਕ ਵੱਡੀ ਟਰਾਂਸਪੋਰਟ ਸੀ।

ਸਵਾਲ : ਉਸ ਸਮੇਂ ਦੌਰਾਨ ਕੋਈ ਹੋਰ ਘਟਨਾ ਹੋਈ ਹੋਵੇ, ਜਿਸ ਤੋਂ ਤੁਹਾਨੂੰ ਲਗਿਆ ਕਿ ਕਾਮਰੇਡਾਂ ਦੀ ਸਥਿਤੀ ਘਨੌਰ ਇਲਾਕੇ ਬਹੁਤ ਜ਼ਿਆਦਾ ਮਜ਼ਬੂਤ ਸੀ?

ਜਵਾਬ : ਸਾਡੀ ਨੌਜਵਾਨ ਸਭਾ ਦੇ ਪ੍ਰਧਾਨ ਪ੍ਰੋ. ਦਰਬਾਰਾ ਸਿੰਘ ਮੰਡੋਲੀ(ਘਨੌਰ) ਦੇ ਰਹਿਣ ਵਾਲੇ ਸਨ, ਜੋ ਉਸ ਸਮੇਂ ਦੇ ਇੱਕ ਸੂਝਵਾਨ ਵਿਅਕਤੀ ਤੇ ਉੱਘੇ ਲੀਡਰ ਵੀ ਸਨ। ਪ੍ਰੋ. ਦਰਬਾਰਾ ਸਿੰਘ ਨੂੰ ਅਸੀਂ ਤੇ ਘਨੌਰ ਦੇ ਲੋਕ ਆਪਣਾ ਆਦਰਸ਼ ਮੰਨਦੇ ਸਨ। ਜਦੋਂ ਪ੍ਰੋ. ਦਰਬਾਰਾ ਸਿੰਘ ਪਿੰਡ-ਪਿੰਡ ਜਾਂਦੇ ਸਨ ਤਾਂ ਉਨ੍ਹਾਂ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾਂਦਾ ਸੀ। ਇਸ ਲਈ ਉਨ੍ਹਾਂ ਦੇ ਵਿਚਾਰਾਂ ਦਾ ਘਨੌਰ ਦੇ ਲੋਕਾਂ ਤੇ ਸਾਡੇ ਤੇ ਬਹੁਤ ਡੂੰਘਾ ਪ੍ਰਭਾਵ ਸੀ। ਉਨ੍ਹਾਂ ਦਿਨਾਂ ‘ਚ ਬੋਹੜਪੁਰ ਝਨੇੜੀ ਦੀ ਘਟਨਾ ਵਾਪਰੀ। ਇਹ ਵੀ ਲਗਭਗ ਉਸ ਸਮੇਂ ਦੀ ਹੀ ਗੱਲ ਹੈ ਜਦੋਂ ਕਪੂਰੀ ਮੋਰਚੇ ਦਾ ਬੋਲਬਾਲਾ ਸੀ। ਪੰਜਾਬ ਪੁਲਿਸ ਵੱਲੋਂ ਆਪਣੇ ਲੰਗਰੀ(ਰੋਟੀ ਬਣਾਉਣ ਵਾਲਾ) ਦੀ ਬੜੀ ਬੇ-ਰਹਿਮੀ ਨਾਲ ਕੁੱਟਮਾਰ ਕੀਤੀ ਗਈ ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਮੇਰੇ ਮਿੱਤਰ ਉਜਾਗਰ ਸਿੰਘ ਨੇ ਮੈਨੂੰ ਇਸ ਘਟਨਾ ਬਾਰੇ ਦੱਸਿਆ। ਅਸੀਂ ਇਕੱਠੇ ਹੋ ਕੇ ਥਾਣੇ ਗਏ ਤੇ ਪਰਮਜੀਤ ਸਿੰਘ(ਇੰਸਪੈਕਟਰ) ਨਾਲ ਗੱਲਬਾਤ ਕੀਤੀ ਜਿਸ ‘ਤੇ ਥਾਣੇ ਵਾਲਿਆ ਵੱਲੋਂ ਸਾਨੂੰ ਕੋਈ ਸਹਿਯੋਗ ਨਹੀਂ ਦਿੱਤਾ ਗਿਆ। ਫਿਰ ਅਸੀਂ ਲੋਕਾਂ ਦਾ ਇੱਕ ਵੱਡਾ ਇਕੱਠ ਲੈ ਕੇ ਡੀਸੀ ਸਾਹਬ ਦੇ ਦਫਤਰ ਅੱਗੇ ਧਰਨਾ ਲਗਾ ਦਿੱਤਾ। ਡੀਸੀ ਸਾਹਬ ਨੂੰ ਮਿਲਕੇ ਅਸੀਂ ਸਾਰੀ ਗੱਲਬਾਤ ਦੱਸੀ। ਸਾਡੇ ਕਹਿਣ ਤੇ ਇੱਕ ਮੈਡੀਕਲ ਬੋਰਡ ਬਿਠਾਇਆ ਗਿਆ ਜਿਸ ‘ ਡਾ. ਵਿੱਜ, ਡਾ. ਅਜਮੇਰ ਸਿੰਘ ਤੇ ਤਿੰਨ ਹੋਰ ਡਾਕਟਰ ਸ਼ਾਮਿਲ ਸਨ। ਮੈਡੀਕਲ ਬੋਰਡ ਨੇ ਰਿਪੋਰਟ ਦਿੱਤੀ ਕਿ ਲੰਗਰੀ ਨੂੰ ਮਾਰ ਕੁਟਾਈ ਦੌਰਾਨ 26 ਸੱਟਾਂ ਲੱਗਿਆ ਸਨ ਜਿਸ ਕਾਰਨ ਉਸਦੀ ਹੋਈ ਸੀ। ਇਸ ਤੋਂ ਪਹਿਲਾਂ ਡਾ. ਦੁਨੀ ਚੰਦ ਜੋ ਭਾਮਣਮਾਜਰਾ(ਸਮਾਣਾ) ਦਾ ਰਹਿਣ ਵਾਲਾ ਸੀ, ਨੇ ਗਲਤ ਰਿਪੋਰਟ ਦਿੱਤੀ ਸੀ ਕਿ ਲੰਗਰੀ ਦੀ ਮੌਤ ਬੁਖਾਰ ਕਾਰਨ ਹੋਈ ਹੈ। ਸਾਡੀਆਂ ਤੇ ਘਨੌਰ ਦੇ ਲੋਕਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਉਸ ਵਿਅਕਤੀ ਦੇ ਵਿਰੁੱਧ ਪਰਚਾ ਦਰਜ ਹੋਇਆ। ਜਿਸ ਨਾਲ ਉਸ ਲੰਗਰੀ ਦੇ ਪਰਿਵਾਰ ਨੂੰ ਇਨਸਾਫ ਮਿਲਿਆ।

ਸਵਾਲ : ਜਦੋਂ ਕਪੂਰੀ ਦਾ ਮੋਰਚਾ ਲੱਗਿਆ, ਉਸ ਸਮੇਂ ਤੁਸੀਂ ਰੈਲੀ ਮੌਜੂਦ ਸੀ?

- Advertisement -

ਜਵਾਬ : ਜਦੋਂ ਕਪੂਰੀ ਮੋਰਚਾ ਲੱਗਿਆ, ਉਸ ਸਮੇਂ ਮੈਂ ਰੈਲੀ ‘ਚ ਮੌਜੂਦ ਸੀ। ਉਸ ਸਮੇਂ ਘਨੌਰ ਹਲਕੇ ਦੀ ਪੁਲਿਸ ਵੱਲੋਂ ਸੋਹਣ ਸਿੰਘ ਨਾਮ ਦੇ ਵਿਅਕਤੀ ਦੀ ਕੁੱਟਮਾਰ ਕਰਕੇ ਉਸ ਦੀ ਲਾਸ਼ ਨੂੰ ਨਹਿਰ ‘ਚ ਸੁੱਟ ਦਿੱਤਾ ਗਿਆ ਸੀ। ਇਸ ‘ਤੇ ਅਸੀਂ ਇਕੱਠੇ ਹੋ ਕੇ ਥਾਣੇ ਗਏ। ਜਿਸ ‘ਤੇ ਥਾਣੇਦਾਰ ਨੇ ਸਾਨੂੰ ਉਲਟਾ ਗੋਲੀ ਮਾਰਨ ਦੀ ਧਮਕੀ ਦੇ ਕੇ ਥਾਣੇ ਤੋਂ ਬਾਹਰ ਕੱਢ ਦਿੱਤਾ। ਫਿਰ ਅਸੀਂ ਹਲਕੇ ਦੇ ਘੱਟੋਂ ਘੱਟ ਚਾਰ ਪੰਜ ਹਜ਼ਾਰ ਨੌਜਵਾਨਾਂ ਨਾਲ ਮਿਲਕੇ ਥਾਣੇ ਅੱਗੇ ਇਕੱਠੇ ਹੋ ਗਏ। ਉਸ ਸਮੇਂ ਦੌਰਾਨ ਕਿਸੇ ਨੇ ਵਿਚੋਂ ਇੱਟ ਮਾਰ ਦਿੱਤੀ ਜਿਸ ਨਾਲ ਲੋਕ ਭੜਕ ਉੱਠੇ। ਜਿਸ ਨਾਲ ਘਨੌਰ ਪੁਲਿਸ ਤੇ ਲੋਕਾਂ ਦਾ ਆਹਮੋਂ ਸਾਹਮਣੇ ਮੁਕਾਬਲਾ ਹੋਇਆ। ਲਗਭਗ 2 ਘੰਟੇ ਉੱਥੇ ਗੋਲੀ ਚੱਲਦੀ ਰਹੀ। ਅਸੀਂ ਲੋਕਾਂ ਨੂੰ ਸ਼ਾਂਤੀ ਰੱਖਣ ਦੀ ਅਪੀਲ ਕੀਤੀ। ਉਸ ਸਮੇਂ ਦੌਰਾਨ ਸਾਡੇ ਦੋ ਸਾਥੀ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਇਹ ਦੋਵੇਂ ਕਪੂਰੀ ਤੇ ਘਨੌਰ ਦੇ ਰਹਿਣ ਵਾਲੇ ਸਨ। ਉਨ੍ਹਾਂ ਨੂੰ ਅਸੀਂ ਰਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ।

ਪ੍ਰੋ. ਦਰਬਾਰਾ ਸਿੰਘ ਵੀ ਮੌਕੇ ਤੇ ਪਹੁੰਚੇ ਤੇ ਉਨ੍ਹਾਂ ਦੇ ਕਹਿਣ ਤੇ ਅਸੀਂ ਉੱਥੋਂ ਨਿਕਲ ਗਏ ਤੇ ਬਾਅਦ ‘ਚ ਸਾਡੇ ਕੁਝ ਸਾਥੀਆਂ ਸਮੇਤ ਬਲਵੀਰ ਚਮਾਰੂ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ। ਮੌਕੇ ਦੀ ਸਰਕਾਰ ਵੱਲੋਂ ਦੋਸ਼ੀਆਂ ਤੇ ਪਰਚਾ ਦਰਜ ਕਰਨ ਦੀ ਬਜਾਏ ਉਲਟਾ ਸਾਡੇ ਤੇ 307 ਦਾ ਪਰਚਾ ਦਰਜ ਕਰਵਾਇਆ ਗਿਆ। ਉਸ ਸਮੇਂ ਰਾਜ ਸਭਾ ਦੀ ਮੈਂਬਰ ਅਮਰਜੀਤ ਕੌਰ ਸੀ ਜੋ ਮਹਾਰਾਜਾ ਪਟਿਆਲਾ ਦੀ ਚਾਚੀ ਸੀ। ਮਨਮੋਹਣ ਸਿੰਘ ਜੋ ਪਿੰਡ ਭੋਬਗਿਆਲ ਦੇ ਐੱਸਡੀਐੱਮ ਸਨ ਨੇ ਬਹੁਤ ਵਧੀਆ ਰਿਪੋਰਟ ਤਿਆਰ ਕੀਤੀ। ਜਿਸ ‘ਚ ਉਨ੍ਹਾਂ ਨੇ ਕਿਹਾ ਸੀ ਕਿ ਲੋਕਾਂ ਵੱਲੋਂ ਇਕੱਠ ਨੂੰ ਨਹੀਂ ਭੜਕਾਇਆ ਗਿਆ ਬਲਕਿ ਪੁਲਿਸ ਨੇ ਹੀ ਲੋਕਾਂ ਨੂੰ ਉਕਸਾਇਆ ਹੈ। ਉਸ ਰਿਪੋਰਟ ਨੂੰ ਅੱਖੋਂ ਪਰੋਖੇ ਕਰਕੇ ਡੀਸੀ(ਪਟਿਆਲਾ) ‘ਤੇ ਦਬਾਅ ਪਾਇਆ ਗਿਆ ਕਿ ਸਾਡੇ ਵਿਰੁੱਧ ਪਰਚਾ ਦਰਜਾ ਕੀਤਾ ਜਾਵੇ। ਇਸ ਕਰਕੇ ਕਪੂਰੀ ਮੋਰਚੇ ਸਮੇਂ ਵੀ ਪੁਲਿਸ ਸਾਡੀ ਭਾਲ ਕਰਦੀ ਰਹੀ ਪਰ ਅਸੀਂ ਲੁਕ ਛਿਪ ਕੇ ਰੈਲੀ ‘ਚ ਹਿੱਸਾ ਲੈਂਦੇ ਰਹੇ।

ਸਵਾਲ : ਤੁਹਾਡੇ ਵੱਲੋਂ ਲੋਕਾਂ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਗਿਆ ਕੀ ਅੱਜ ਤੋਂ 40 ਸਾਲ ਪਹਿਲਾਂ ਵੀ ਲੋਕਾਂ ਦੀਆਂ ਇਹੀ ਮੰਗਾਂ ਸਨ?

ਜਵਾਬ : ਅਸੀਂ ਦੇਰ ਰਾਤ ਪਿੰਡਾਂ ‘ਚ ਜਾਂਦੇ ਸੀ। ਜਿਸ ਦੌਰਾਨ ਅਸੀਂ ਪਾਣੀ ਦਾ ਮਸਲਾ, ਬੇਰੁਜ਼ਗਾਰੀ ਦਾ ਮਸਲਾ ਤੇ ਲੋਕਾਂ ਦੇ ਹੋਰ ਮਸਲਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਸੀ। ਲੋਕਾਂ ਦੀਆਂ ਇਨ੍ਹਾਂ ਸਾਂਝੀਆਂ ਸਮੱਸਿਆਵਾਂ ਦੇ ਹੱਲ ਲਈ ਅਸੀਂ ਪਿੰਡਾ-ਪਿੰਡਾਂ ‘ਚ ਨੌਜਵਾਨ ਵਰਗ ਦੀਆਂ ਕਲਾਸਾਂ ਲਗਾਉਂਦੇ ਸੀ। ਉਨ੍ਹਾਂ ਦਿਨਾਂ ‘ਚ ਵੀ ਪੁਲਿਸ ਸਾਡੇ ਪਿੱਛੇ ਲੱਗੀ ਹੁੰਦੀ ਸੀ ਪਰ ਅਸੀਂ ਬਚ ਕੇ ਨਿਕਲ ਜਾਂਦੇ। ਇੱਕ ਗੱਲ ਹੋਰ ਵੀ ਹੈ ਕਿ ਅੱਜ ਤੋਂ 40 ਸਾਲ ਪਹਿਲਾਂ ਵੀ ਲੋਕਾਂ ਦੀਆਂ ਉਹੀ ਮੰਗਾਂ ਸਨ ਜੋ ਅੱਜ ਨੇ। ਕਿਉਂਕਿ ਰਾਜਨੀਤਿਕ ਪਾਰਟੀਆਂ ਤੇ ਰਾਜਨੀਤਿਕ ਲੋਕਾਂ ਨੇ ਸਿਰਫ ਸਿਆਸੀ ਰੋਟੀਆਂ ਹੀ ਸੇਕੀਆਂ ਹਨ। ਉਨ੍ਹਾਂ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਜਾਂਦਾ। ਕਿਉਂ ਕਿ ਅਕਸਰ ਪੂੰਜੀਵਾਦੀ ਪਾਰਟੀਆਂ ਤੇ ਜ਼ਗੀਰਦਾਰੀ ਪਾਰਟੀਆਂ ਦਾ ਖਾਸਾ ਇਹ ਹੀ ਹੈ ਕਿ ਇਸ ਤਰ੍ਹਾਂ ਦੇ ਭਖਦੇ ਮੁੱਦੇ ਵੋਟਾਂ ਲਈ ਸੰਭਾਲ ਕੇ ਰੱਖੇ ਜਾਣ, ਜੋ ਅੱਜ ਵੀ ਸੰਭਾਲ ਕੇ ਰੱਖੇ ਜਾਂਦੇ ਹਨ। ਇਹ ਸ਼ਿਲਸ਼ਿਲਾ ਅੱਜ ਵੀ ਜਿਓ ਦਾ ਤਿਓਂ ਬਰਕਰਾਰ ਹੈ।

ਸਵਾਲ : ਕਪੂਰੀ ਮੋਰਚੇਤੇ ਸ੍ਰੋਮਣੀ ਅਕਾਲੀ ਦਲ ਤੇ ਤੁਹਾਡੇ ਵਿਚਕਾਰ ਆਪਸੀ ਸਮਝੋਤੇ ਤੋਂ ਬਾਅਦ ਵਖਰੇਵਾ ਕਿਉਂ?

ਜਵਾਬ : ਉਸ ਸਮੇਂ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੇ ਅਕਾਲੀ ਦਲ ਦੇ ਆਗੂਆਂ ਨੂੰ ਉੱਪਰੋਂ ਪਤਾ ਨਹੀਂ ਕੀ ਹਦਾਇਤ ਹੋਈ ਸੀ ਜਿਸ ਕਾਰਨ ਬਾਅਦ ‘ਚ ਉਹ ਧਰਮ-ਯੁੱਧ ਮੋਰਚਾ(ਅਮ੍ਰਿਤਸਰ) ਵਿੱਚ ਚਲੇ ਗਏ। ਕਿਉਂਕਿ ਇਹ ਆਗੂ ਕਪੂਰੀ ਮੋਰਚੇ ਤੋਂ ਅੱਕ ਚੁੱਕੇ ਸਨ। ਬਾਅਦ ‘ਚ ਜੱਥੇਦਾਰਾਂ ਨੇ ਪਤਾ ਨਹੀਂ ਕੀ ਯੋਜਨਾ ਬਣਾਈ ਜਿਸ ਦੌਰਾਨ ਉਨ੍ਹਾਂ ਨੇ ਕਪੂਰੀ ਮੋਰਚੇ ਨੂੰ ਧਰਮ-ਯੁੱਧ ਮੋਰਚਾ(ਅਮ੍ਰਿਤਸਰ)’ਚ ਤਬਦੀਲ ਕਰ ਦਿੱਤਾ। ਇਸ ਪਿੱਛੇ ਕੀ ਕਾਰਨ ਸੀ ਇਹ ਤਾਂ ਅਕਾਲੀ ਦਲ ਦੇ ਆਗੂ ਜਾਂ ਜੱਥੇਦਾਰ ਹੀ ਦੱਸ ਸਕਦੇ ਹਨ। ਇੱਕ ਗੱਲ ਹੋਰ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਹਰਿਆਣਾ ਦੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਉਸ ਸਮੇਂ ਹਰਿਆਣਾ ਸਰਕਾਰ ਦਾ ਸਾਥ ਦਿੱਤਾ ਜਦੋਂ ਕਿ ਸਿਰਫ ਸੀਪੀਆਈ, ਸੀਪੀਐੱਮ ਤੇ ਅਕਾਲੀ ਦਲ ਤਿੰਨਾਂ ਪਾਰਟੀਆਂ ਨੇ ਕਪੂਰੀ ਮੋਰਚਾ ਲਗਾਇਆ। ਜਦੋਂ ਕਿ ਕਾਂਗਰਸ ਪਾਰਟੀ ਨੂੰ ਚਾਹੀਦਾ ਸੀ ਕਿ ਉਹ ਸਾਡੀ ਹਮਾਇਤ ਕਰਦੀ ਪਰ ਉਸ ਕਾਂਗਰਸ ਨੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਤੇ ਡਾਕਾ ਮਾਰਿਆ।

ਸਵਾਲ : ਹਰ ਰੋਜ਼ ਕਿੰਨੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ, ਤੁਹਾਨੂੰ ਇਸ ਸਮੇਂ ਦੌਰਾਨ ਕਿੰਨੀ ਵਾਰ ਗ੍ਰਿਫਤਾਰ ਕੀਤਾ ਗਿਆ?

ਜਵਾਬ : ਹੋਲੀ ਹੋਲੀ ਅਕਾਲੀ ਦਲ ਦੀ ਕਪੂਰੀ ਮੋਰਚੇ ਪ੍ਰਤੀ ਦਿਲਚਸਪੀ ਘੱਟ ਗਈ। ਜਿਸ ਕਾਰਨ ਹੋਲੀ-ਹੋਲੀ ਕਪੂਰੀ ਮੋਰਚਾ ‘ਚ ਲੋਕਾਂ ਦਾ ਇਕੱਠ ਘਟਣਾ ਸ਼ੁਰੂ ਹੋ ਗਿਆ। ਕਿਉਂਕਿ ਇਨ੍ਹਾਂ ਦੀ ਮਾਨਸਿਕਤਾ ਬਣ ਗਈ ਸੀ ਕਿ ਅਸੀਂ ਧਰਮ ਯੁੱਧ ‘ਚ ਭਾਗ ਲੈਣਾ ਹੈ ਤੇ ਹੋਇਆ ਵੀ ਬਿਲਕੁਲ ਇਸ ਤਰ੍ਹਾਂ ਹੀ।

ਸਵਾਲ : 8 ਅਪ੍ਰੈਲ 1982 ਜਦੋਂ ਇੰਧਰਾ ਗਾਂਧੀ ਨੇ ਉਦਘਾਟਨ ਕੀਤਾ, ਉਸ ਸਮੇਂ ਦੇ ਹਾਲਾਤ ਕੀ ਸਨ?

ਜਵਾਬ : 8 ਅਪ੍ਰੈਲ ਵਾਲੇ ਦਿਨ ਇੰਧਰਾ ਗਾਂਧੀ ਨੇ ਸਤਲੁਜ-ਯਮੁਨਾ ਲਿੰਕ ਨਹਿਰ ਦਾ ਉਦਘਾਟਨ ਕਰਨ ਆਉਣਾ ਸੀ। ਜਦੋਂ ਅਸੀਂ ਸਭ ਮਿਲ ਕੇ ਇੰਧਰਾ ਗਾਂਧੀ ਵੱਲ ਵਧੇ ਤਾਂ ਸਾਡੇ ‘ਤੇ ਲਾਠੀਚਾਰਜ ਕੀਤੀ ਗਈ। ਉਸ ਮੌਕੇ ਸਾਡੀਆਂ ਮਾਵਾਂ, ਧੀਆਂ ਤੇ ਭੈਣਾ ਦੀਆਂ ਚੁੰਨੀਆਂ ਰੁਲੀਆ। ਲੋਕਾਂ ਦੇ ਕੇਸ਼ ਪੱਟੇ ਗਏ। ਇੱਥੋਂ ਤੱਕ ਕਿ ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ। ਦੇਸ਼ ਨੂੰ ਅਜ਼ਾਦ ਹੋਇਆ 70 ਸਾਲ ਹੋ ਗਏ ਹਨ ਪਰ ਜਿਸ ਤਰ੍ਹਾਂ ਦਾ ਭਿਆਨਕ ਦ੍ਰਿਸ਼ ਮੈਂ ਕਪੂਰੀ ਮੋਰਚੇ ਮੌਕੇ ਵੇਖਿਆ ਉਹ ਅੱਜ ਤੱਕ ਕਦੀ ਨਹੀਂ ਵੇਖਿਆ।

ਸਵਾਲ : ਕਪੂਰੀ ਮੋਰਚੇ ਸਮੇਂ ਕਿਹੜਾ ਲੀਡਰ ਜ਼ਿਆਦਾ ਪ੍ਰਭਾਵਸ਼ਾਲੀ ਸੀ ਜਿਨ੍ਹਾਂ ਦੇ ਬੋਲਾਂ ਨੇ ਲੋਕਾਂ ਨੂੰ ਬੰਨ ਕੇ ਰੱਖਿਆ? ਕਪੂਰੀ ਮੋਰਚੇ ਦੌਰਾਨ ਕਿਹੜੇਕਿਹੜੇ ਇਲਾਕਿਆਂਚੋਂ ਲੋਕ ਪਹੁੰਚੇ

ਜਵਾਬ : ਕਪੂਰੀ ਮੋਰਚੇ ਸਮੇਂ ਸੰਤ ਹਰਚੰਦ ਸਿੰਘ ਲੌਂਗੋਵਾਲ ਸਭ ਤੋਂ ਪ੍ਰਭਾਵਸ਼ਾਲੀ ਵਿਅਕਤੀ ਰਹੇ।  ਜਿਨ੍ਹਾਂ ਦੇ ਬੋਲਾਂ ਨੇ ਲੋਕਾਂ ਨੂੰ ਬਹੁਤ ਪ੍ਰਭਾਵਿਤ ਕੀਤਾ। ਸੰਤ ਲੌਂਗੋਵਾਲ ਹੀ ਸੈਂਟਰ ਸਰਕਾਰ ਨਾਲ ਕਪੂਰੀ ਮੋਰਚੇ ‘ਤੇ ਗੱਲਬਾਤ ਕਰ ਰਹੇ ਸਨ। ਆਖਿਰ ਦੇ ਵਿੱਚ ਜਦੋਂ ਮੋਰਚਾ ਖਤਮ ਹੋਇਆ ਉਸ ਸਮੇਂ ਕਾਂਗਰਸ ਦੀ ਤਰ੍ਹਾਂ ਅਕਾਲੀਆਂ ਦੀ ਲੀਡਰਸ਼ਿਪ ‘ਚ ਵੀ ਆਪਸੀ ਖਿੱਚੋਤਾਣ ਚੱਲ ਰਹੀ ਸੀ। ਮੇਰੇ ਖਿਆਲ ‘ਚ ਘਨੌਰ ਹਲਕੇ ਦਾ ਕੋਈ ਵੀ ਪਿੰਡ ਅਜਿਹਾ ਨਹੀਂ ਸੀ ਜਿੱਥੋਂ 5-10 ਵਿਅਕਤੀ ਕਪੂਰੀ ਮੋਰਚੇ ‘ਚ ਸ਼ਾਮਿਲ ਹੋਏ ਹੋਣ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ‘ਚੋਂ ਵੀ ਵੱਡੀ ਗਿਣਤੀ ‘ਚ ਲੋਕ ਕਪੂਰੀ ਮੋਰਚੇ ‘ਚ ਸ਼ਾਮਿਲ ਹੋਏ। ਕੁਲ ਮਿਲਾ ਕੇ ਲੋਕਾਂ ਦੀ ਗਿਣਤੀ 50 ਹਜ਼ਾਰ ਤੋਂ ਉੱਪਰ ਹੀ ਸੀ।

ਸਵਾਲ : ਕਿਹੜੇਕਿਹੜੇ ਲੋਕਲ ਲੀਡਰ ਸੀ ਜਿਨ੍ਹਾਂ ਨੇ ਇੰਧਰਾ ਗਾਂਧੀ ਦੇ ਸਮਰਥਨ ਰੈਲੀ ਦੌਰਾਨ ਆਪਣਾ ਯੋਗਦਾਨ ਪਾਇਆ?

ਜਵਾਬ : ਦੇਖੋ ਕੈਪਟਨ ਅਮਰਿੰਦਰ ਸਿੰਘ ਤਾਂ ਕਪੂਰੀ ਮੋਰਚੇ ਮੌਕੇ ਮੌਜੂਦ ਹੈ ਹੀ ਸਨ। ਦੂਜਾ ਘਨੌਰ ਹਲਕੇ ਦੇ ਲੋਕਲ ਕਾਂਗਰਸੀ ਲੀਡਰ ਰਵੀ ਸ਼ਰਮਾ ਤੇ ਬਿਆਸ ਸਿੰਘ ਕਪੂਰੀ ਮੋਰਚੇ ਮੌਕੇ ਮੌਜੂਦ ਰਹੇ। ਇਸ ਤੋਂ ਬਿਨ੍ਹਾ ਇਲਾਕੇ ਦੇ ਪੁਰਾਣੇ ਕਾਂਗਰਸੀ ਵੀ ਉੱਥੇ ਮੌਜੂਦ ਸਨ।

ਸਵਾਲ : ਕੋਈ ਖਾਸ ਗੱਲ ਜਿਸ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਦਾ ਝੁਕਾਅ ਤੁਹਾਡੇ ਵੱਲ ਸੀ ਜਾਂ ਕਾਂਗਰਸ ਵੱਲ?

ਜਵਾਬ : ਦੇਖੋ ਖਾਸ ਗੱਲ ਤਾਂ ਇਹ ਸੀ ਕਿ ਜਿਹੜੇ ਪੰਜਾਬ ਦੇ ਮੁੱਦੇ ਅਸੀਂ ਚੁੱਕੇ ਉਹ ਬਿਲਕੁਲ ਸਹੀ ਸਨ। ਅਸੀਂ ਉਨ੍ਹਾਂ ਮੁਦਿਆਂ ਲਈ ਅਵਾਜ ਉਠਾ ਰਹੇ ਸੀ, ਜੋ ਗੱਲ ਲੋਕਾਂ ਨੂੰ ਟੁੰਬਦੀ ਸੀ। ਜਿਸ ਕਰਕੇ ਲੋਕਾਂ ਦਾ ਝੁਕਾਅ ਸਾਡੇ ਮੋਰਚੇ ਵੱਲ ਜ਼ਿਆਦਾ ਸੀ ਨਾ ਕਿ ਕਾਂਗਰਸ ਵੱਲ। ਕਿਉਂਕਿ ਕਾਂਗਰਸ ਦਾ ਅਸਲੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਸੀ।

ਸਵਾਲ : ਪਾਰਟੀਆਂ ਦੇ ਦੋਗਲੇਪਣਤੇ ਤੁਹਾਡਾ ਕੀ ਕਹਿਣਾ ਹੈ?

ਜਵਾਬ : ਦੇਖੋ ਇੱਥੇ ਬਾਦਲ ਸਾਹਬ ਨੇ ਦੋਗਲੀ ਨੀਤੀ ਅਪਣਾਈ ਹੈ। ਇੱਕ ਪਾਸੇ ਤਾਂ ਅਕਾਲੀ ਦਲ (ਬਾਦਲ ਸਾਹਬ) 1977 ‘ਚ ਹਰਿਆਣਾ ਵਿਧਾਨ ਸਭਾ ‘ਚ ਧੰਨਵਾਦ ਦਾ ਮਤਾ ਪਾਉਂਦਾ ਹੈ ਤੇ ਦੂਜੇ ਪਾਸੇ 1981-82 ‘ਚ  ਅਕਾਲੀ ਦਲ ਵੱਲੋਂ ਧੰਨਵਾਦ ਮਤੇ ਦੇ ਵਿਰੋਧ ‘ਚ ਹੀ ਮੋਰਚਾ ਲਾਇਆ ਜਾਂਦਾ ਹੈ। ਬਾਦਲ ਦੀ ਇਸ ਦੋਗਲੀ ਨੀਤੀ ਕਾਰਨ ਇਨ੍ਹਾਂ ਦਾ ਦੋਗਲਾ ਚਿਹਰਾ ਵੀ ਲੋਕਾਂ ਸਾਹਮਣੇ ਨੰਗਾ ਹੋਇਆ ਹੈ।

ਸਵਾਨ : ਕੈਪਟਨ ਅਮਰਿੰਦਰ ਸਿੰਘ ਵੱਲੋਂ 1982 ‘ਚ ਉਦਘਾਟਨ ਸਮਾਰੋਹ ਲਈ ਲੋਕਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਤੇ 2004 ‘ਚ ਉਸ ਵਾਅਦੇ ਨੂੰ ਵਾਪਿਸ ਲੈਣ ਲਈ ਵਿਧਾਨ ਸਭਾ ‘ਚ ਮਤਾ ਪਾਉਂਦੇ ਹਨ?

ਜਵਾਬ : ਇਹ ਸਾਰਾ ਕੁਝ ਇੰਧਰਾ ਗਾਂਧੀ ਦੇ ਦਬਾਅ ਹੇਠਾਂ ਹੋਇਆ ਸੀ। ਇੰਧਰਾ ਗਾਂਧੀ ਨੇ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਦੇ ਮੁਖ ਮੰਤਰੀਆਂ ਨੂੰ ਆਪਣੇ ਕੋਲ ਬੁਲਾ ਕੇ ਉਨ੍ਹਾਂ ਤੋਂ ਜਬਰਦਸਤੀ ਇਹ ਸਭ ਕੁਝ ਕਰਵਾਇਆ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ 2004 ‘ਚ ਕੀਤੇ ਵਾਅਦੇ ਨੂੰ ਵਾਪਿਸ ਲੈਣ ਦੀ ਗੱਲ ਕਰਦੇ ਹਨ ਜਿਸ ਦਾ ਹੁਣ ਕੋਈ ਫਾਇਦਾ ਨਹੀਂ। ਜੇਕਰ ਪੰਜਾਬ ਦੇ ਪਾਣੀਆਂ ਦੇ ਮਸਲੇ ‘ਤੇ ਉਹ ਪੰਜਾਬ ਦੇ ਨਾਲ ਰਹਿੰਦੇ ਤਾਂ ਪੰਜਾਬ ਦੇ ਪਾਣੀਆਂ ਦਾ ਮਸਲਾ ਠੀਕ ਰਹਿਣਾ ਸੀ। ਇਸ ਲਈ ਪੰਜਾਬ ਦੀ ਕਾਂਗਰਸ ਪਾਰਟੀ ਨੇ ਆਪਣੀ ਕੇਂਦਰ ਸਰਕਾਰ ਦੇ ਦਬਾਅ ਹੇਠ ਆ ਕੇ ਪੰਜਾਬ ਦੇ ਲੋਕਾਂ ਨਾਲ ਗੱਦਾਰੀ ਕੀਤੀ ਹੈ।

Share this Article
Leave a comment