‘ਹਵੇਲੀ’ ਵਿੱਚ ਕਿਵੇਂ ਪਹੁੰਚ ਗਏ ਬਿੱਗ ‘ਬੀ’

TeamGlobalPunjab
3 Min Read

ਮਹਾਂਨਗਰੀ ਮੁੰਬਈ ਤੋਂ ਫ਼ਿਲਮਾਂ ਦੀਆਂ ਵੱਡੀਆਂ ਹਸਤੀਆਂ ਜਦੋਂ ਪਿੰਡਾਂ ਵੱਲ ਚਾਲੇ ਪਾਉਂਦੀਆਂ ਹਨ ਤਾਂ ਇਹਨਾਂ ਦੇ ਪ੍ਰਸ਼ੰਸ਼ਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਹਨ। ਇਹਨਾਂ ਦੇ ਚਾਹਵਾਨ ਸਾਰੇ ਕੰਮ ਧੰਦੇ ਛੱਡ ਕੇ ਇਹਨਾਂ ਨੂੰ ਦੇਖਣ ਲਈ ਕਾਹਲੇ ਪੈ ਜਾਂਦੇ ਹਨ। ਛੋਟੇ ਵੱਡੇ ਪਰਦੇ ‘ਤੇ ਦੇਖਣ ਕਾਰਨ ਇਹਨਾਂ ਚਾਹਵਾਨਾਂ ਦੀ ਗਿਣਤੀ ਵਧ ਜਾਂਦੀ ਹੈ। ਇਹੀ ਕਾਰਨ ਹੈ ਕਿ ਭਾਰਤੀ ਰਾਜਨੀਤੀ ਵਿੱਚ ਵੀ ਵੱਡੀਆਂ ਸਿਆਸੀ ਪਾਰਟੀਆਂ ਵੀ ਚਰਚਿਤ ਹਸਤੀਆਂ ਨੂੰ ਟਿਕਟ ਦੇਣ ਵਿਚ ਮਾਣ ਮਹਿਸੂਸ ਕਰਦੀਆਂ ਹਨ। ਬੌਲੀਵੁੱਡ ਦੀ ਪ੍ਰਸਿੱਧ ਹਸਤੀ ਅਮਿਤਾਭ ਬਚਨ (ਬਿੱਗ ਬੀ) ਬਾਰੇ ਜੇ ਕਿਸੇ ਨੂੰ ਜਨਤਕ ਥਾਂ ‘ਤੇ ਆਉਣ ਬਾਰੇ ਪਤਾ ਲੱਗ ਜਾਵੇ ਤਾਂ ਉਹਨਾਂ ਦੇ ਚਾਹੁਣ ਵਾਲਿਆਂ ਦੀ ਭੀੜ ਲੱਗ ਜਾਂਦੀ ਹੈ। ਅਜਿਹਾ ਹੀ ਕੁਝ 27 ਨਵੰਬਰ ਨੂੰ ਵਾਪਰਿਆ ਪੰਜਾਬ ਦੇ ਜ਼ਿਲਾ ਰੂਪਨਗਰ ਦੇ ਪਿੰਡ ਸੋਲਖੀਆਂ ਨੇੜੇ ਗੁਰਦੁਆਰਾ ਬਾਬਾ ਦੀਪ ਸਿੰਘ ਕੋਲ।
ਅਮਿਤਾਭ ਬੱਚਨ ਚੰਡੀਗੜ੍ਹ ਤੋਂ ਮਨਾਲੀ ਜਾਣ ਸਮੇਂ ਪਿੰਡ ਸੋਲਖੀਆਂ ਦੀ ਹੈਰੀਟੇਜ ਹਵੇਲੀ ਵਿਚ ਕੁਝ ਸਮਾਂ ਠਹਿਰੇ ਤੇ ਉਥੇ ਪੰਜਾਬੀ ਖਾਣੇ ਦਾ ਆਨੰਦ ਮਾਣਿਆ।

ਉਹਨਾਂ ਨੇ ਕਿਸੇ ਨਵੀਂ ਬਣ ਰਹੀ ਫਿਲਮ ਦੀ ਸ਼ੂਟਿੰਗ ਲਈ ਮਨਾਲੀ ਜਾਣਾ ਸੀ। ਬਸ ਫਿਰ ਕੀ ਸੀ ਜਿਓਂ ਹੀ ਉਹਨਾਂ ਦੇ ਪਹੁੰਚਣ ਦਾ ਪਤਾ ਲੱਗਿਆ ਤਾਂ ਉਹਨਾਂ ਦੇ ਪ੍ਰਸ਼ੰਸ਼ਕਾਂ ਦੀ ਭੀੜ ਇਕਠੀ ਹੋ ਗਈ ਤੇ ਲੋਕ ਉਹਨਾਂ ਨੂੰ ਦੇਖਣ ਲਈ ਬੇਤਾਬ ਹੋ ਗਏ। ਇਹ ਹਵੇਲੀ ਹੈਰੀਟੇਜ ਹੋਟਲ ਕੌਮੀ ਮਾਰਗ ਉਪਰ ਹੋਣ ਕਾਰਨ ਸੈਲਾਨੀਆਂ ਦੀ ਕਾਫੀ ਭੀੜ ਰਹਿੰਦੀ ਹੈ। ਅਮਿਤਾਭ ਬਚਨ ਬਾਰੇ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਲੋਕ ਸੈਲਫੀਆਂ ਲੈਣ ਲਈ ਤਿਆਰ ਹੋ ਗਏ। ਅਮਿਤਾਭ ਬੱਚਨ ਨੇ ਹਵੇਲੀ ਹੈਰੀਟੇਜ ਹੋਟਲ ਦਾ ਕਮਰਾ ਬੁੱਕ ਕਰਵਾਇਆ ਹੋਇਆ ਸੀ ਜਿਥੇ ਉਹ ਕਰੀਬ ਡੇਢ ਕੁ ਘੰਟਾ ਰੁਕੇ। ਉਨ੍ਹਾਂ ਨੇ ਹੋਟਲ ਦੇ ਕਮਰੇ ਵਿਚ ਆਰਾਮ ਕੀਤਾ ਤੇ ਪੰਜਾਬੀ ਖਾਣੇ ਦਾ ਆਨੰਦ ਮਾਣਿਆ। ਹਵੇਲੀ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਆਲੂ ਦੇ ਪਰੌਂਠੇ ਅਮਿਤਾਭ ਬੱਚਨ ਦੀ ਪਹਿਲੀ ਪਸੰਦ ਬਣੇ। ਉਨ੍ਹਾਂ ਜ਼ੀਰਾ ਆਲੂ ਅਤੇ ਦਾਲ ਵੀ ਖਾਧੀ। ਅਮਿਤਾਭ ਬੱਚਨ ਦੇ ਹਵੇਲੀ ਪੁੱਜਣ ਤੋਂ ਪਹਿਲਾਂ ਉਨ੍ਹਾਂ ਦਾ ਫੋਨ ਆ ਗਿਆ ਸੀ।
ਉਨ੍ਹਾਂ ਦੇ ਆਉਣ ’ਤੇ ਹੋਟਲ ਦੀ ਪਹਿਲੀ ਮੰਜ਼ਲ ’ਤੇ ਕਮਰਾ ਨੰਬਰ 108 ਉਨ੍ਹਾਂ ਲਈ ਖੋਲ੍ਹ ਦਿੱਤਾ ਗਿਆ। ਖਾਣਾ ਖਾਣ ਮਗਰੋਂ ਮਨਾਲੀ ਲਈ ਆਪਣੇ ਕਾਫ਼ਲੇ ਸਮੇਤ ਰਵਾਨਾ ਹੋ ਗਏ। ਹਵੇਲੀ ਹੈਰੀਟੇਜ ਤੋਂ ਮਨਾਲੀ ਰਵਾਨਾ ਹੋਣ ਲਈ ਜਦੋਂ ਅਮਿਤਾਭ ਬੱਚਨ ਆਪਣੀ ਪ੍ਰਾਈਵੇਟ ਸੁਰੱਖਿਆ ਛਤਰੀ ਅਤੇ ਪੰਜਾਬ ਪੁਲੀਸ ਦੇ ਮੁਲਾਜ਼ਮਾਂ ਵੱਲੋਂ ਬਣਾਏ ਘੇਰੇ ਵਿਚ ਹੋਟਲ ਤੋਂ ਬਾਹਰ ਆਏ ਤਾਂ ਉਨ੍ਹਾਂ ਨੂੰ ਦੇਖਣ ਲਈ ਲੋਕਾਂ ਦੀ ਭੀੜ ਜੁਟ ਗਈ। ਉਹ ਤੇਜ਼ੀ ਨਾਲ ਹੋਟਲ ਵਿਚੋਂ ਨਿਕਲ ਕੇ ਆਪਣੀ ਗੱਡੀ ਵਿੱਚ ਮਨਾਲੀ ਲਈ ਰਵਾਨਾ ਹੋ ਗਏ। ਅੱਜ ਕੱਲ੍ਹ ਪੰਜਾਬ ਵਿਚ ਆਮਿਰ ਖਾਨ ਅਤੇ ਅਕਸ਼ੈ ਕੁਮਾਰ ਵੀ ਫ਼ਿਲਮਾਂ ਦੀਆਂ ਸ਼ੂਟਿੰਗਾਂ ਵਾਸਤੇ ਪਹੁੰਚੇ ਹੋਏ ਹਨ। ਉਹਨਾਂ ਦੇ ਚਹੇਤਿਆਂ ਦੀਆਂ ਵੀ ਭੀੜਾਂ ਲੱਗ ਰਹੀਆਂ ਹਨ।

ਅਵਤਾਰ ਸਿੰਘ

 

- Advertisement -

ਸੀਨੀਅਰ ਪੱਤਰਕਾਰ

Share this Article
Leave a comment