ਨਿਊਯਾਰਕ ( ਗਿੱਲ ਪ੍ਰਦੀਪ ) : ਅਮਰੀਕਾ ਵੱਲੋਂ ਆਪਣੀ ਆਜ਼ਾਦੀ ਦੀ 245ਵੀਂ ਵਰ੍ਹੇਗੰਢ ਬਹੁਤ ਹੀ ਧੂਮਧਾਮ ਨਾਲ ਮਨਾਈ ਗਈ। ਦੱਸ ਦਈਏ ਕਿ ਸਾਲ 1776 ਦੇ ਵਿੱਚ ਬਰਤਾਨੀਆ ਤੋਂ ਸੁਤੰਤਰਤਾ ਮਿਲਣ ਤੋਂ ਬਾਅਦ ਅਮਰੀਕਾ ‘ਚ ਹਰ 4 ਜੁਲਾਈ ਨੂੰ ਬੜੇ ਹੀ ਉਤਸ਼ਾਹ ਨਾਲ Independence day ਮਨਾਇਆ ਜਾਂਦਾ ਹੈ। ਇਸ ਦਿਨ ਪੂਰੇ ਦੇਸ਼ ਵਿੱਚ ਛੁੱਟੀ ਹੁੰਦੀ ਹੈ । ਅਮਰੀਕਾ ‘ਚ ਇੰਡੀਪੈਂਡਸ ਡੇਅ ਪਰੇਡ ਦਾ ਵੀ ਆਯੋਜਨ ਕੀਤਾ ਜਾਂਦਾ ਹੈ।
ਜਾਣਕਾਰੀ ਮੁਤਾਬਕ ਅਮਰੀਕਾ ਵਾਸੀ ਇਸ ਦਿਨ ਲਾਲ,ਸਫੈਦ ਅਤੇ ਨੀਲੇ ਰੰਗ ਦੇ ਕੱਪੜੇ ਪਾਉਂਦੇ ਹਨ। ਇਸ ਤੋਂ ਇਲਾਵਾ ਅਮਰੀਕੀ ਇਤਿਹਾਸ ਅਤੇ ਰਵਾਇਤ ਵਿੱਚ ਆਤਿਸ਼ਬਾਜ਼ੀ ਨੂੰ ਸੁਤੰਤਰਤਾ ਸਮਰੋਹ ਦਾ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ। ਇਸੇ ਲੜੀ ਦੇ ਚੱਲਦਿਆਂ ਨਿਊਯਾਰਕ ‘ਚ ਮੈਸੀ ਸਟੋਰ ਵੱਲੋਂ ਵੱਡੇ ਪੱਧਰ ਤੇ ਆਤਿਸ਼ਬਾਜ਼ੀ ਦਾ ਆਯੋਜਨ ਕੀਤਾ ਗਿਆ । ਲੱਖਾਂ ਦੀ ਤਦਾਦ ਵਿੱਚ ਲੋਕ ਇੰਡੀਪੈਂਡਸ ਡੇਅ ਸੈਲੀਬ੍ਰੇਟ ਕਰਨ ਈਸਟ ਰਿਵਰ ਤੇ ਪਹੁੰਚੇ।
ਲੋਕਾਂ ‘ਚ ਇਸ ਵਕਤ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲਿਆ ਕਿਉਂਕਿ ਕੋਰੋਨਾ ਕਾਲ ਤੋਂ ਬਾਅਦ ਅੱਜ ਸਭ ਕੁਝ ਪ੍ਰਸ਼ਾਸਨ ਵੱਲੋਂ ਓਪਨ ਕੀਤਾ ਗਿਆ ਸੀ। ਅੱਜ ਲੋਕ ਘਰਾਂ ਚੋਂ ਨਿਕਲੇ, ਲੋਕਾਂ ਨੇ ਰੱਜ ਕੇ ਅਨੰਦ ਮਾਣਿਆ ਤੇ ਸੁਖ ਦਾ ਸਾਹ ਲਿਆ। ਨਿਊਯਾਰਕ ‘ਚ ਆਜ਼ਾਦੀ ਦੇ ਦਿਹਾੜੇ ਦੀਆਂ ਇਹ ਤਸਵੀਰਾਂ ਸਾਫ-ਸਾਫ ਦਰਸਾ ਰਹੀਆਂ ਹਨ ਕਿ ਜਿਨ੍ਹਾਂ ਨੂੰ ਵੇਖ ਕੇ ਇਹ ਵੀ ਲੱਗ ਰਿਹਾ ਰਿਹਾ ਜਿਵੇਂ ਅੱਜ ਨਵੇਂ ਸਮਾਜ ਦੀ ਸਿਰਜਣਾ ਹੋਈ ਹੋਵੇ, ਕਿਉਂਕਿ ਬੀਤੇ ਇਕ ਸਾਲ ਤੋਂ ਕੋਰੋਨਾ ਕਾਰਨ ਨਿਊਯਾਰਕ ਵਾਸੀਆਂ ਨੇ ਬਹੁਤ ਬੁਰੇ ਦਿਨ ਵੇਖੇ ਸਨ । ਕੋਈ ਤਿਓਹਾਰ ਨਹੀਂ ਮਨਾਇਆ ਗਿਆ ਸੀ , ਨਾ ਹੀ ਬੀਤੀ ਚਾਰ ਜੁਲਾਈ ਨੂੰ ਆਜ਼ਾਦੀ ਦਾ ਦਿਹਾੜਾ ਮਨਾਇਆ ਗਿਆ।
ਪਰ ਇਸ ਵਾਰ ਲੋਕਾਂ ਦਾ ਭਾਰੀ ਇਕੱਠ ਇੰਡੀਪੈਂਡਸ ਡੇਅ ਤੇ ਆਪੋ ਆਪਣੀ ਖੁਸ਼ੀ ਨੂੰ ਵੱਖੋ ਵੱਖਰੇ ਢੰਗ ਨਾਲ ਜ਼ਾਹਿਰ ਕਰਦਾ ਹੋਇਆ ਦਿਖਾਈ ਦੇ ਰਿਹਾ ਸੀ । ਸਾਰੀਆਂ ਹੀ ਕਮਿਊਨਿਟੀਜ਼ ਦੇ ਲੋਕ ਇੱਥੇ ਪਹੁੰਚੇ ਹੋਏ ਸਨ। ਹਰ ਕੋਈ ਆਪਣੇ ਕੈਮਰਿਆਂ ਦੇ ਵਿਚ ਆਤਿਸ਼ਬਾਜ਼ੀ ਦੀਆਂ ਮਨਮੋਹਕ ਤਸਵੀਰਾਂ ਨੂੰ ਕੈਦ ਕਰ ਰਿਹਾ ਸੀ। ਨਿਊਯਾਰਕ ਵਿੱਚ ਅਮਿੱਟ ਪੈੜਾਂ ਛੱਡਦਾ ਅਮਰੀਕਾ ਦੀ ਆਜ਼ਾਦੀ ਦਾ 245 ਵਾਂ ਦਿਹਾੜਾ ਬਹੁਤ ਹੀ ਯਾਦਗਾਰ ਹੋ ਨਿੱਬੜਿਆ ।