ਮੈਕਰੋਨ ਦੇ ਯਤਨਾਂ ਤੋਂ ਬਾਅਦ ਬਾਈਡਨ ਅਤੇ ਪੁਤਿਨ ਮਿਲਣ ਲਈ ਤਿਆਰ, ਪਰ ਮੰਨਣੀ ਪਵੇਗੀ ਇਹ ਸ਼ਰਤ

TeamGlobalPunjab
3 Min Read

ਪੈਰਿਸ- ਯੂਕਰੇਨ ਅਤੇ ਰੂਸ ਵਿਚਾਲੇ ਤਣਾਅ ਅਤੇ ਜੰਗ ਦੇ ਡਰ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਇਸ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਐਤਵਾਰ ਨੂੰ ਫਰਾਂਸ ਦੇ ਰਾਸ਼ਟਰਪਤੀ ਦੀ ਸਰਕਾਰੀ ਇਮਾਰਤ ਐਲੀਸੀ ਪੈਲੇਸ ਵੱਲੋਂ ਬਿਆਨ ਜਾਰੀ ਕੀਤਾ ਗਿਆ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਮਿਲਣ ਲਈ ਸਹਿਮਤ ਹੋ ਗਏ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਈਡਨ ਅਤੇ ਪੁਤਿਨ ਮੈਕਰੋਨ ਦੁਆਰਾ ਪ੍ਰਸਤਾਵਿਤ ਸਿਖਰ ਸੰਮੇਲਨ ਲਈ ਸਹਿਮਤ ਹੋ ਗਏ ਹਨ।

ਆਪਣੇ ਪ੍ਰਸਤਾਵ ‘ਚ ਮੈਕਰੋਨ ਨੇ ਯੂਰਪ ‘ਚ ਸੁਰੱਖਿਆ ਅਤੇ ਰਣਨੀਤਕ ਸਥਿਰਤਾ ‘ਤੇ ਚਰਚਾ ਕਰਨ ਦੀ ਗੱਲ ਕਹੀ ਹੈ। ਹਾਲਾਂਕਿ ਇਸ ਪ੍ਰਸਤਾਵ ਦੇ ਨਾਲ ਇੱਕ ਸ਼ਰਤ ਰੱਖੀ ਗਈ ਹੈ ਕਿ ਇਹ ਬੈਠਕ ਤਾਂ ਹੀ ਹੋਵੇਗੀ ਜੇਕਰ ਰੂਸ ਯੂਕਰੇਨ ‘ਤੇ ਹਮਲਾ ਨਾ ਕਰੇ। ਇਹ ਸਮਝੌਤਾ ਮੈਕਰੋਨ ਦੁਆਰਾ ਐਤਵਾਰ ਨੂੰ ਪੁਤਿਨ ਨਾਲ ਦੋ ਬਾਰ ਟੈਲੀਫੋਨ ‘ਤੇ ਗੱਲਬਾਤ ਕਰਨ ਦੇ ਨਾਲ-ਨਾਲ ਯੂਕਰੇਨ ਦੀ ਸਥਿਤੀ ਬਾਰੇ ਬਾਈਡਨ ਨਾਲ ਸੰਪਰਕ ਕਰਨ ਤੋਂ ਬਾਅਦ ਹੋਇਆ। ਐਲੀਸੀ ਦੁਆਰਾ ਐਤਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ “ਰਾਸ਼ਟਰਪਤੀ ਮੈਕਰੋਨ ਨੇ ਯੂਰਪ ਦੀ ਸੁਰੱਖਿਆ ਅਤੇ ਰਣਨੀਤਕ ਸਥਿਰਤਾ ਬਾਰੇ ਵਿਚਾਰ ਵਟਾਂਦਰੇ ਲਈ ਰਾਸ਼ਟਰਪਤੀ ਬਾਈਡਨ ਅਤੇ ਰਾਸ਼ਟਰਪਤੀ ਪੁਤਿਨ, ਅਤੇ ਫਿਰ ਸਾਰੇ ਭਾਈਵਾਲਾਂ ਦੇ ਨਾਲ ਇੱਕ ਸਿਖਰ ਸੰਮੇਲਨ ਦਾ ਪ੍ਰਸਤਾਵ ਦਿੱਤਾ”।

ਇਸ ਬਿਆਨ ਵਿੱਚ ਦੱਸਿਆ ਗਿਆ ਕਿ ਬਾਈਡਨ ਅਤੇ ਪੁਤਿਨ ਦੋਵੇਂ ਇਸ ਸੰਮੇਲਨ ਲਈ ਸਹਿਮਤ ਹੋ ਗਏ ਹਨ। 24 ਫਰਵਰੀ ਨੂੰ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਰੂਸੀ ਹਮਰੁਤਬਾ ਸਰਗੇਈ ਲਾਵਰੋਵ ਦੀ ਮੁਲਾਕਾਤ ਹੋ ਰਹੀ ਹੈ, ਜਿਸ ਦੌਰਾਨ ਇਸ ਸੰਮੇਲਨ ਦੀ ਅਗਲੀ ਕਾਰਵਾਈ ਨੂੰ ਅੱਗੇ ਵਧਾਇਆ ਜਾਵੇਗਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਂਟਨੀ ਬਲਿੰਕਨ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋਅ ਬਾਈਡਨ ਜੰਗ ਨੂੰ ਟਾਲਣ ਲਈ ਆਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਕਿਸੇ ਵੀ ਫਾਰਮੈਟ, ਕਿਸੇ ਵੀ ਸਥਾਨ ਅਤੇ ਸਮੇਂ ‘ਤੇ ਗੱਲਬਾਤ ਕਰਨ ਲਈ ਤਿਆਰ ਹਨ।

ਬਲਿੰਕਨ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ‘ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਹੈ, ਕਿ ਹਮਲੇ ਦੀ ਅਗਵਾਈ ਕਰਨ ਵਾਲਾ ਸਭ ਕੁਝ ਹੁੰਦਾ ਨਜ਼ਰ ਆ ਰਿਹਾ ਹੈ। ਸਾਡਾ ਮੰਨਣਾ ਹੈ ਕਿ ਰਾਸ਼ਟਰਪਤੀ ਪੁਤਿਨ ਨੇ ਫੈਸਲਾ ਲੈ ਲਿਆ ਹੈ, ਹਾਲਾਂਕਿ, ਅਸੀਂ ਹਰ ਮੌਕੇ ਦੀ ਵਰਤੋਂ ਉਦੋਂ ਤੱਕ ਕਰਾਂਗੇ ਜਦੋਂ ਤੱਕ ਕਿ ਟੈਂਕ ਅਸਲ ਵਿੱਚ ਅੱਗੇ ਨਹੀਂ ਵਧਦੇ ਅਤੇ ਜਹਾਜ਼ ਉਡਾਣ ਨਹੀਂ ਭਰਦੇ। ਅਸੀਂ ਹਰ ਮੌਕੇ ਦੀ ਵਰਤੋਂ ਕਰਾਂਗੇ ਅਤੇ ਦੇਖਾਂਗੇ ਕਿ ਕੀ ਕੂਟਨੀਤੀ ਅਜੇ ਵੀ ਰਾਸ਼ਟਰਪਤੀ ਪੁਤਿਨ ਨੂੰ ਇਸ ਕਦਮ ਨੂੰ ਅੱਗੇ ਵਧਾਉਣ ਤੋਂ ਰੋਕ ਸਕਦੀ ਹੈ?’  ਉਨ੍ਹਾਂ ਨੇ ਕਿਹਾ ਕਿ ‘ਜੇਕਰ ਜੰਗ ਤੋਂ ਬਚਿਆ ਜਾ ਸਕਦਾ ਹੈ, ਤਾਂ ਰਾਸ਼ਟਰਪਤੀ ਬਾਈਡਨ ਕਿਸੇ ਵੀ ਸਮੇਂ, ਕਿਸੇ ਵੀ ਫਾਰਮੈਟ ਵਿੱਚ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਨ ਲਈ ਤਿਆਰ ਹਨ।’

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment