ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਹੈ ਕਿ ਉਹ ਦੂਜੇ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋ ਕਰੋੜ ਹੋਰ ਖੁਰਾਕਾਂ ਦੇਣਗੇ। ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਵੈਕਸੀਨ ਕਿਹੜੇ ਦੇਸ਼ਾਂ ਨੂੰ ਦਿੱਤੀ ਜਾਵੇਗੀ, ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਐਲਾਨ ਨਾਲ ਭਾਰਤ ਨੂੰ ਵੀ ਫਾਇਦਾ ਮਿਲ ਸਕਦਾ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਮਰੀਕਾ ਐਸਟਰਾਜ਼ੇਨੇਕਾ ਦੀ ਬਣਾਈ ਵੈਕਸੀਨ ਦੀਆਂ 6 ਕਰੋੜ ਖ਼ੁਰਾਕਾਂ ਵੀ ਦੂਜੇ ਦੇਸ਼ਾਂ ਨੂੰ ਦੇਣ ਦਾ ਐਲਾਨ ਕਰ ਚੁੱਕਿਆ ਹੈ।
ਅਮਰੀਕਾ ਵਿੱਚ ਐਸਟਰਾਜ਼ੇਨੇਕਾ ਦੀ ਵੈਕਸੀਨ ਨੂੰ ਹਾਲੇ ਤੱਕ ਇਸਤੇਮਾਲ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ, ਪਰ ਕੰਪਨੀ ਦੇ ਨਾਲ ਪਹਿਲਾਂ ਹੀ ਕੀਤੇ ਗਏ ਕਰਾਰ ਦੇ ਤਹਿਤ ਅਮਰੀਕਾ ਨੂੰ ਇਸ ਦੀਆਂ 6 ਕਰੋੜ ਖੁਰਾਕਾਂ ਮਿਲਣੀਆਂ ਹਨ। ਇਨ੍ਹਾਂ ‘ਚੋਂ 40 ਲੱਖ ਖੁਰਾਕਾਂ ਪਹਿਲਾਂ ਹੀ ਗੁਆਂਢੀ ਦੇਸ਼ ਕੈਨੇਡਾ ਅਤੇ ਮੈਕਸੀਕੋ ਨੂੰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ।
ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਕਿਹਾ, ‘ਅੱਜ ਮੈਂ ਇਹ ਐਲਾਨ ਕਰਦਾ ਹਾਂ ਕਿ ਅਮਰੀਕਾ ‘ਚ ਮਾਨਤਾ ਪ੍ਰਾਪਤ ਫਾਈਜ਼ਰ ਮੋਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਦੀ ਵੈਕਸੀਨ ਨੂੰ ਵੀ ਅਸੀਂ ਦੂਜੇ ਦੇਸ਼ਾਂ ਨਾਲ ਸਾਂਝੀ ਕਰਾਂਗੇ। ਜੂਨ ਮਹੀਨੇ ਦੇ ਅਖੀਰ ਤੱਕ ਵੈਕਸੀਨ ਨੂੰ ਭੇਜਣਾ ਸ਼ੁਰੂ ਕਰ ਦਿੱਤਾ ਜਾਵੇਗਾ।’