‘ਆਪ’ ਦੇ ਜਸਬੀਰ ਸਿੰਘ ਬੀਰ ਨੇ ਅਮਨ ਅਰੋੜਾ ਵਿਰੁੱਧ ਸੱਦੀ ਸੀ ਅਨੁਸਾਸ਼ਨਿਕ ਕਮੇਟੀ ਦੀ ਮੀਟਿੰਗ, ਕੋਈ ਆਇਆ ਹੀ ਨਹੀਂ, ਇਕੱਲੇ ਨੇ ਹੀ ਅਰੋੜਾ ਨੂੰ ਜਾਰੀ ਕਰਤੀ ਚੇਤਾਵਨੀ

TeamGlobalPunjab
10 Min Read

[alg_back_button]

 ਚੰਡੀਗੜ੍ਹ : ਪੰਜਾਬ ਵਿੱਚ ਫੁੱਟ ਦਾ ਸ਼ਿਕਾਰ ਹੋ ਕੇ ਤੇਜੀ ਨਾਲ ਵਿਖਰ ਰਹੀ ਆਮ ਆਦਮੀ ਪਾਰਟੀ ਵਿੱਚ ਇੱਕ ਹੋਰ ਸੰਕਟ ਖੜ੍ਹਾ ਹੋ ਗਿਆ ਹੈ। ਬੀਤੇ ਦਿਨੀਂ ‘ਆਪ’ ਦੇ ਪੰਜਾਬ ਸਹਿ ਪ੍ਰਧਾਨ ਅਮਨ ਅਰੋੜਾ ਵਿਰੁੱਧ ਅਨੁਸਾਸ਼ਨਿਕ ਕਮੇਟੀ ਦੀ ਮੀਟਿੰਗ ਸੱਦਣ ਦਾ ਐਲਾਨ ਕਰਨ ਵਾਲੇ ਜਸਬੀਰ ਸਿੰਘ ਬੀਰ ਨੇ ਉਨ੍ਹਾਂ ਹਾਲਾਤਾਂ ਵਿੱਚ ਵੀ ਬੀਤੀ ਕੱਲ੍ਹ ਪਹਿਲਾਂ ਬੁਲਾਈ ਗਈ ਮੀਟਿੰਗ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਹਾਲਾਤਾਂ ਵਿੱਚ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਪ੍ਰੋ: ਬਲਜਿੰਦਰ ਕੌਰ ਨੇ ਬੀਰ ਵੱਲੋਂ ਇਹ ਮੀਟਿੰਗ ਸੱਦੇ ਜਾਣ ਨੂੰ ਹੀ ਪਾਰਟੀ  ਸੰਵੀਧਾਨ ਦੇ ਉਲਟ ਕਰਾਰ ਦਿੰਦਿਆਂ ਬੀਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਸੀ। ਹਾਲਾਤ ਇਹ ਸਨ ਕਿ ਮਿੱਥੇ ਸਮੇਂ ‘ਤੇ ਮੀਟਿੰਗ ਕਰਨ ਜਸਬੀਰ ਸਿੰਘ ਬੀਰ ਤਾਂ ਪਹੁੰਚ ਗਏ ਪਰ ਉਨ੍ਹਾਂ ਦੇ ਉਹ ਬਾਕੀ ਸਾਥੀ ਇਸ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਨਹੀਂ ਪਹੁੰਚੇ ਜਿਨ੍ਹਾਂ ਬਾਰੇ ਬੀਰ ਦਾ ਕਹਿਣਾ ਹੈ ਕਿ ਉਹ ਵੀ ਉਨ੍ਹਾਂ ਨਾਲ ਹੀ ਅਨੁਸਾਸ਼ਨਿਕ ਕਮੇਟੀ ਦੇ ਮੈਂਬਰ ਹਨ। ਅਜਿਹੇ ਵਿੱਚ ਜਸਬੀਰ ਸਿੰਘ ਬੀਰ ਨੇ ਹਿੰਮਤ ਨਹੀਂ ਹਾਰੀ ਤੇ ਇਕੱਲੇ ਨੇ ਹੀ ਅਮਨ ਅਰੋੜਾ ਨੂੰ ਇੱਕ ਚਿੱਠੀ ਲਿਖਦਿਆਂ ਕਿਹਾ ਹੈ ਕਿ ਉਹ ਪਾਰਟੀ  ਵਿਰੋਧੀ ਗਤੀਵਿਧੀਆਂ ਅਤੇ ਲੀਡਰਸ਼ਿੱਪ ਖਿਲਾਫ ਬਿਆਨਬਾਜ਼ੀ ਕਰਨਾ ਬੰਦ ਕਰਨ। ਭਾਵੇਂ ਕਿ ਬੀਰ ਵੱਲੋਂ ਅਰੋੜਾ ਨੂੰ ਲਿਖੇ ਪੱਤਰ ਦੇ ਸਬੰਧ ਵਿੱਚ ਅਜੇ ਤੱਕ ਅਮਨ ਅਰੋੜਾ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਪਰ ਇਸ ਦੇ ਬਾਵਜੂਦ ਜਸਬੀਰ ਸਿੰਘ ਬੀਰ ਦੀ ਇਸ ਚਿੱਠੀ ਨੇ ਸੂਬੇ ਅੰਦਰ ਇਹ ਚਰਚਾ ਛੇੜ ਦਿੱਤੀ ਹੈ ਕਿ ਹੁਣ ਜਾਂ ਤਾਂ ਜਸਬੀਰ ਸਿੰਘ ਬੀਰ ‘ਤੇ ਅਨੁਸਾਸ਼ਨਿਕ ਕਾਰਵਾਈ ਹੋਵੇਗੀ ਤੇ ਜਾਂ ਫਿਰ ਅਮਨ ਅਰੋੜਾ ਆਪ ਖੁਦ ‘ਆਪ’ ਲੀਡਰਸ਼ਿੱਪ ਵਿਰੁੱਧ ਮੋਰਚਾ ਖੋਲ੍ਹ ਸਕਦੇ ਹਨ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ‘ਆਪ’ ਦੀ ਪੰਜਾਬ ਇਕਾਈ ਵੱਲੋਂ ਇੱਕ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਕੋਲੋਂ ਹੁਣ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ਸਬੰਧੀ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਹੈ। ਇਸ ‘ਤੇ ਅਮਨ ਅਰੋੜਾ ਨੇ ਸਖਤ ਇਤਰਾਜ ਜ਼ਾਹਰ ਕਰਦਿਆਂ ਬਿਆਨ ਦਿੱਤਾ ਸੀ ਕਿ ‘ਆਪ’ ਲੀਡਰਸ਼ਿੱਪ ਨੂੰ ਅਜਿਹਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ ਕਿਉਂਕਿ ਆਮ ਆਦਮੀ ਪਾਰਟੀ ਸੰਘਰਸ਼ਾਂ ਵਿੱਚੋਂ ਨਿੱਕਲੀ ਹੋਈ ਪਾਰਟੀ ਹੈ ਤੇ ਜੇਕਰ ਕਿਸੇ ਵੇਲੇ ‘ਆਪ’  ਸੁਪਰੀਮੋਂ ਅਰਵਿੰਦ ਕੇਜਰੀਵਾਲ ਵੀ ਹਿੰਮਤ ਹਾਰ ਜਾਂਦੇ ਤਾਂ ਅੱਜ ਦਿੱਲੀ ਦੀ ਜਨਤਾ ਨੂੰ ਭ੍ਰਿਸ਼ਟਾਚਾਰ ਮੁਕਤ ਰਾਜ ਨਾ ਮਿਲਦਾ । ਲਿਹਾਜਾ ‘ਆਪ’ ਵਾਲਿਆਂ ਨੂੰ ਲੋਕਾਂ ਨੂੰ ਭਰੋਸਾ ਦਵਾਉਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ ਬੇਅਦਬੀ ‘ਤੇ ਗੋਲੀ ਕਾਂਡ ਮਾਮਲਿਆਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਵਾ ਕੇ ਜਨਤਾ ਨੂੰ ਇਨਸਾਫ ਦਵਾਇਆ ਜਾਵੇਗਾ।

ਮਾਹਰਾਂ ਅਨੁਸਾਰ ਭਾਵੇਂ ਕਿ ਅਮਨ ਅਰੋੜਾ ਦਾ ਇਹ ਬਿਆਨ ਬਿਲਕੁਲ ਤਰਕ ਸੰਗਤ ਸੀ ਪਰ ਇਸ ਦੇ ਬਾਵਜੂਦ ਇਹ ਵੀ ਕਿਹਾ ਜਾ ਰਿਹਾ ਸੀ ਕਿ ਆਪਣੀ ਹੀ ਲੀਡਰਸ਼ਿੱਪ ਦੀ ਬਿਆਨਬਾਜ਼ੀ ਨੂੰ ਆਪ ਹੁਦਰੇ ਹੀ ਮੀਡੀਆ ਵਿੱਚ ਜਾ ਕੇ ਨਿੰਦਣਾ ਕਿਤੇ ਨਾ  ਕਿਤੇ ਪਾਰਟੀ ਅਨੁਸਾਸ਼ਨ ਨੂੰ ਭੰਗ ਕਰਕੇ ‘ਆਪ’ ਨੂੰ ਕਮਜੋਰ ਕਰ ਰਿਹਾ ਹੈ। ਸ਼ਾਇਦ ਇਹੋ ਕਾਰਨ ਸੀ ਕਿ ਸਾਬਕਾ ਆਈਏਐਸ ਅਧਿਕਾਰੀ ਅਤੇ ‘ਆਪ’ ਦੀ ਪੰਜਾਬ ਅਨੁਸਾਸ਼ਨਿਕ ਕਮੇਟੀ ਦੇ ਮੈਂਬਰ ਕਹੇ ਜਾ ਰਹੇ ਸ. ਜਸਬੀਰ ਸਿੰਘ ਨੇ ਅਮਨ ਅਰੋੜਾ ਵੱਲੋਂ ਦਿੱਤੇ ਗਏ ਇਸ ਬਿਆਨ ਦੀ ਨਿੰਦਾ ਕਰਦਿਆਂ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਅਨੁਸਾਸ਼ਨਿਕ ਕਮੇਟੀ ਦੀ 6 ਸਤੰਬਰ ਮੀਟਿੰਗ ਸੱਦ ਲਏ ਜਾਣ ਦਾ ਬਿਆਨ ਦਿੱਤਾ ਸੀ। ਜਿਸ ਬਾਰੇ ਬੀਰ ਦਾ ਕਹਿਣਾ ਸੀ ਕਿ ਇਸ ਮੀਟਿੰਗ ਵਿੱਚ ਅਰੋੜਾ ਵੱਲੋਂ ਦਿੱਤੇ ਜਾ ਰਹੇ ਬਿਆਨਾਂ ਦੀ ਪੜਚੋਲ ਕੀਤੀ ਜਾਵੇਗੀ ਕਿਉਂਕਿ ਇਹ ਨਾ ਕਾਬਲ-ਏ-ਬਰਦਾਸ਼ਤ ਹਨ। ਇੱਥੇ ਹੀ ਬੱਸ ਨਹੀਂ ਇਸ ਗੱਲ ਦੀ ਪੁਸ਼ਟੀ ਜਸਬੀਰ ਸਿੰਘ ਬੀਰ ਨੇ ਗਲੋਬਲ ਪੰਜਾਬ ਟੀਵੀ ਨਾਲ ਗੱਲਬਾਤ ਕਰਦਿਆਂ ਵੀ ਕੀਤੀ ਸੀ ਤੇ ਕਿਹਾ ਸੀ ਕਿ 6 ਸਤੰਬਰ ਵਾਲੇ ਦਿਨ ਹੀ ਇਸ ਗੱਲ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ ਕਿ ਅਮਨ ਅਰੋੜਾ ਵੱਲੋਂ ਦਿੱਤੇ ਗਏ ਬਿਆਨਾਂ ‘ਤੇ ਕੀ ਕਾਰਵਾਈ ਕਰਨੀ ਹੈ।

ਜਿਉਂ ਹੀ ਇਹ ਮਾਮਲਾ ਪ੍ਰਕਾਸ਼ ਵਿੱਚ ਆਇਆ ਸੀ ਤਾਂ ਆਮ ਆਦਮੀ ਪਾਰਟੀ ਨੇ ਇਸ ਗੱਲ ਦਾ ਬੇਹੱਦ ਬੁਰਾ ਮਨਾਇਆ ਕਿ ਜਸਬੀਰ ਸਿੰਘ ਬੀਰ ਨੇ ਅਮਨ ਅਰੋੜਾ ਵਿਰੁੱਧ ਟਿੱਪਣੀਆਂ ਕਿਉਂ ਕੀਤੀਆਂ ਹਨ? ਇੱਥੋਂ ਤੱਕ ਕਿ ਪਾਰਟੀ ਨੇ ਅਨੁਸ਼ਾਸਨ ਦੇ ਮਾਮਲੇ ‘ਚ ਸਖ਼ਤ ਹੁੰਦਿਆਂ ਜਸਬੀਰ ਸਿੰਘ ਬੀਰ ਨੂੰ ‘ਕਾਰਨ ਦੱਸੋ’ ਨੋਟਿਸ ਤੱਕ ਭੇਜਣ ਦਾ ਫ਼ੈਸਲਾ ਲਿਆ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ‘ਆਪ’ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਸੀ ਕਿ ਜਸਬੀਰ ਸਿੰਘ ਬੀਰ ਦੇ ਹਵਾਲੇ ਨਾਲ ਅਮਨ ਅਰੋੜਾ ਬਾਰੇ ਟਿੱਪਣੀਆਂ ਦਾ ਸੂਬਾ ਕੋਰ ਕਮੇਟੀ ਨੇ ਗੰਭੀਰ ਨੋਟਿਸ ਲੈਂਦਿਆਂ ਬੀਰ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰਨ ਦਾ ਫ਼ੈਸਲਾ ਲਿਆ ਹੈ। ਆਗੂਆਂ ਅਨੁਸਾਰ ਬੀਤੀ ਸੋਮਵਾਰ ਸਵੇਰੇ ਫ਼ੋਨ ‘ਤੇ ਹੋਈ ਕਾਨਫ਼ਰੰਸ ਕਾਲ ਦੌਰਾਨ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਬਾਕੀ ਮੈਂਬਰਾਂ ਨੇ ਅਮਨ ਅਰੋੜਾ ਬਾਰੇ ਛਪੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਸਬੀਰ ਸਿੰਘ ਬੀਰ ਨਾ ਤਾਂ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਨ ਅਤੇ ਨਾ ਹੀ ਪਿਛਲੇ ਲੰਬੇ ਸਮੇਂ ਤੋਂ ਪਾਰਟੀ ‘ਚ ਸਰਗਰਮ ਹਨ, ਫਿਰ ਬੀਰ ਨੇ ਕਿਸ ਹੈਸੀਅਤ ‘ਚ ਅਮਨ ਅਰੋੜਾ ਨੂੰ ਲੈ ਕੇ ਅਨੁਸ਼ਾਸਨੀ ਕਮੇਟੀ ਦੀ 6 ਸਤੰਬਰ ਨੂੰ ਆਪਹੁਦਰੀ ਬੈਠਕ ਬੁਲਾਉਣ ਦਾ ਫ਼ੈਸਲਾ ਕਰ ਲਿਆ? ਆਗੂਆਂ ਦਾ ਕਹਿਣਾ ਸੀ ਕਿ ਇਸ ਬਾਰੇ ਜਸਬੀਰ ਸਿੰਘ ਬੀਰ ਨੂੰ ਪਾਰਟੀ ਦੇ ਸੰਬੰਧਿਤ ਪਲੇਟਫ਼ਾਰਮ ‘ਤੇ ਸਪੱਸ਼ਟੀਕਰਨ ਦੇਣਾ ਪਵੇਗਾ।

- Advertisement -

ਉਸ ਵੇਲੇ ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਸੀ ਕਿ ਅਜਿਹੀਆਂ ਗਤੀਵਿਧੀਆਂ ਪਿੱਛੇ ਪਾਰਟੀ ਵਿਰੋਧੀ ਤਾਕਤਾਂ ਨਜਰ ਆ ਰਹੀਆਂ ਹਨ ਅਤੇ ਉਹ ਠੀਕ ਉਸ ਸਮੇਂ ਸਾਜ਼ਿਸ਼ ਤਹਿਤ ਕੋਈ ਨਾ ਕੋਈ ਅਜਿਹੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ, ਜਦ ਆਮ ਆਦਮੀ ਪਾਰਟੀ ਸੂਬੇ ਦੀ ਸਿਆਸਤ ਦਾ ਕੇਂਦਰ ਬਿੰਦੂ ਬਣਦੀ ਹੈ ਅਤੇ ਕੈਪਟਨ, ਮੋਦੀ ਅਤੇ ਬਾਦਲਾਂ ਦੀਆਂ ਲੋਕ ਵਿਰੋਧੀ ਸਰਕਾਰਾਂ ਤੋਂ ਅੱਕੇ ਲੋਕ ‘ਆਪ’ ਵੱਲ ਝੁਕਣ ਲੱਗਦੇ ਹਨ। ਉਨ੍ਹਾਂ ਕਿਹਾ ਸੀ ਕਿ ਪਾਰਟੀ ਪ੍ਰਧਾਨ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੇ ਗਏ ‘ਸਾਡਾ ਐਮ.ਪੀ ਸਾਡੇ ਘਰ’, ਆਮ ਆਦਮੀ ਆਰਮੀ ਮੈਂਬਰਸ਼ਿਪ ਮੁਹਿੰਮ, ਬਿਜਲੀ ਮੋਰਚਾ ਅਤੇ ਸੂਬਾ ਪੱਧਰੀ ‘ਪੰਜਾਬ ਬੋਲਦਾ ਹੈ’ ਪ੍ਰੋਗਰਾਮ ਨੇ ਵਿਰੋਧੀਆਂ ਨੂੰ ਚਿੰਤਤ ਕਰ ਦਿੱਤਾ ਹੈ। ਇਸ ਲਈ ਕਾਂਗਰਸ, ਅਕਾਲੀ-ਭਾਜਪਾ ਅਤੇ ਇਨ੍ਹਾਂ ਦੀਆਂ ‘ਬੀ’ ਟੀਮਾਂ ‘ਆਪ’ ਦੀ ਸਾਖ ਖ਼ਰਾਬ ਕਰਨ ਲਈ ਇੱਕ ਵਾਰ ਫੇਰ ਇੱਕਜੁੱਟ ਹੋ ਕੇ ਸਾਜ਼ਿਸ਼ਾਂ ਰਚਣ ਲੱਗੀਆਂ ਹਨ, ਹਾਲਾਂਕਿ ਜ਼ਮੀਨੀ ਹਕੀਕਤ ਨੂੰ ਸਮਝਦੀ ਹੋਈ ਪੰਜਾਬ ਦੀ ਜਨਤਾ ਇਨ੍ਹਾਂ ਵਿਰੋਧੀ ਤਾਕਤਾਂ ਦੇ ਬਹਿਕਾਵੇ ‘ਚ ਨਹੀਂ ਆ ਰਹੀ।

ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਸੀ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਅਮਨ ਅਰੋੜਾ ਦੇ ਕਿਸੇ ਬਿਆਨ ਨੂੰ ਲੈ ਕੇ ਜਸਬੀਰ ਸਿੰਘ ਬੀਰ ਦੀ ਪਾਰਟੀ ਪ੍ਰਧਾਨ ਭਗਵੰਤ ਮਾਨ ਨਾਲ ਕੋਈ ਗੱਲ ਨਹੀਂ ਹੋਈ, ਜਦਕਿ ਬੀਰ ਆਪਣੀ ਟਿੱਪਣੀ ‘ਚ ਅਮਨ ਅਰੋੜਾ ਦੇ ਬਿਆਨ ਬਾਰੇ ਅਨੁਸ਼ਾਸਨੀ ਕਮੇਟੀ ਸੱਦਣ ਲਈ ਭਗਵੰਤ ਮਾਨ ਨਾਲ ਗੱਲ ਹੋਣ ਦਾ ਹਵਾਲਾ ਦੇ ਰਹੇ ਹਨ। ਜੋ ਸਿੱਧੇ ਤੌਰ ‘ਤੇ ਪਾਰਟੀ ਵਿਰੋਧੀ ਗਤੀਵਿਧੀ ਹੈ, ਜਿਸ ਲਈ ਜਸਬੀਰ ਸਿੰਘ ਬੀਰ ਤੋਂ ਸਪੱਸ਼ਟੀਕਰਨ ਮੰਗਿਆ ਜਾ ਰਿਹਾ ਹੈ।

‘ਆਪ’ ਆਗੂਆਂ ਨੇ ਪਾਰਟੀ ਪ੍ਰਧਾਨ ਭਗਵੰਤ ਮਾਨ ਦੇ ਹਵਾਲੇ ਨਾਲ ਦੱਸਿਆ ਕਿ  28 ਸਤੰਬਰ ਦੀ ਬੈਠਕ ਤੋਂ ਪਹਿਲਾਂ ਹੀ ਅਮਨ ਅਰੋੜਾ ਨੇ ਪਾਰਟੀ ਪ੍ਰਧਾਨ ਅਤੇ ਕੋਰ ਕਮੇਟੀ ਚੇਅਰਮੈਨ ਨੂੰ ਆਪਣੀ ਦਿੱਲੀ ਜਾਣ ਦੀ ਮਜਬੂਰੀ  ਬਾਰੇ ਦੱਸ ਦਿੱਤਾ ਸੀ, ਇਸ ਲਈ ਅਮਨ ਅਰੋੜਾ ਦੀ  ਮੀਟਿੰਗ ਚੋਂ ਗੈਰਹਾਜ਼ਰੀ ਕੋਈ ਮੁੱਦਾ ਹੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਬੀਰ ਨੇ ਇਸ ਗੱਲ ਨੂੰ ਵੀ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪ੍ਰੰਤੂ ਪਾਰਟੀ ਪ੍ਰਧਾਨ ਵੱਲੋਂ ਉਨ੍ਹਾਂ ਨੂੰ ਵਰਜ ਦਿੱਤਾ ਗਿਆ ਸੀ।

ਕੁਲਤਾਰ ਸਿੰਘ ਸੰਧਵਾਂ ਅਤੇ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਸੀ ਕਿ ਪਾਰਟੀ ਪ੍ਰਧਾਨ ਅਤੇ ਕੋਰ ਕਮੇਟੀ ਨਾਲ ਵਿਚਾਰ-ਚਰਚਾ ਕੀਤੇ ਬਗੈਰ ਕਿਸੇ ਨੂੰ ਵੀ ‘ਅਨੁਸ਼ਾਸਨੀ ਕਮੇਟੀ’ ਦੀ ਬੈਠਕ ਬੁਲਾਉਣ ਦੀ ਇਜਾਜ਼ਤ ਨਹੀਂ ਹੈ। ਪ੍ਰੋ. ਬਲਜਿੰਦਰ ਕੌਰ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਅਮਨ ਅਰੋੜਾ ਪਾਰਟੀ ਦੇ ਵਫ਼ਾਦਾਰ ਸਿਪਾਹੀ ਹਨ। ਪਾਰਟੀ ਪੂਰੀ ਤਰ੍ਹਾਂ ਇੱਕਜੁੱਟ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਬਾਦਲਾਂ ਵਾਂਗ ਕੈਪਟਨ ਦੇ ਮਾਫ਼ੀਆ ਰਾਜ ਤੋਂ ਨਿਜਾਤ ਦਿਵਾਉਣ ਲਈ ਹਰ ਮੋਰਚੇ ‘ਤੇ ਲੋਕਾਂ ਦੀ ਲੜਾਈ ਪਾਰਟੀ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ‘ਚ ਡਟ ਕੇ ਲੜੇਗੀ।

ਦੂਜੇ ਪਾਸੇ ਜਸਬੀਰ ਸਿੰਘ ਬੀਰ ਦਾ ਕਹਿਣਾ ਹੈ ਕਿ ਉਨ੍ਹਾਂ ਲੰਘੀ ਕੱਲ੍ਹ ਦਿੱਲੀ ਵਿੱਚ ‘ਆਪ’ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕਰਕੇ ਇਸ ਸਾਰੇ ਮਾਮਲੇ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾ ਦਿੱਤਾ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮਨੀਸ਼ ਸਿਸੋਦੀਆ ਨੇ ਹੱਲਾ ਸ਼ੇਰੀ ਦਿੰਦਿਆਂ ਕਿਹਾ ਹੈ ਕਿ ਉਹ ਪੰਜਾਬ ਦੀ ਲੀਡਰਸ਼ਿੱਪ ਵਿੱਚ ਅਨੁਸਾਸ਼ਨ ਕਾਇਮ ਕਰਨ ਲਈ ਆਪਣੀ ਜਿੰਮੇਵਾਰੀ ਤਨ-ਦੇਹੀ ਨਾਲ ਨਿਭਾਉਣ। ਜਸਬੀਰ ਸਿੰਘ ਬੀਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਸ੍ਰੀ ਅਮਨ ਅਰੋੜਾ ਨੇ ਹੀ ਪੰਜਾਬ ਸਹਿ ਪ੍ਰਧਾਨ ਦੀ ਹੈਸੀਅਤ ਨਾਲ ਸਹਿਮਤੀ ਲੈਣ ਤੋਂ  ਬਾਅਦ ਅਨੁਸਾਸ਼ਨਿਕ ਕਮੇਟੀ ਵਿੱਚ ਨਿਯੁਕਤ ਕੀਤਾ ਸੀ ਤੇ ਇਹ ਕਹਿਣਾ ਗਲਤ ਹੋਵੇਗਾ ਕਿ ਅਨੁਸਾਸ਼ਨਿਕ ਕਮੇਟੀ ਨਾਲ ਉਨ੍ਹਾਂ (‘ਬੀਰ) ਦਾ ਕੋਈ ਸਬੰਧ ਨਹੀਂ ਹੈ। ਬੀਰ ਅਨੂਸਾਰ ਅਜੇ ਤੱਕ ਉਨ੍ਹਾਂ ਨੂੰ ਪਾਰਟੀ ਦੀ ਪੰਜਾਬ ਇਕਾਈ ਵੱਲੋਂ ਕਿਸੇ ਕਿਸਮ ਦਾ ਕੌਈ ਕਾਰਨ ਦੱਸੋ ਨੋਟਿਸ ਨਹੀਂ ਮਿਲਿਆ।

- Advertisement -

[alg_back_button]

Share this Article
Leave a comment