ਹਵਾਈ ਯਾਤਰਾ ਕਰਨ ਵਾਲੇ ਸਾਵਧਾਨ! ਫਲਾਈਟ ‘ਚ ਹੁਣ ਇਹ ਚੀਜ਼ ਲੈ ਕੇ ਜਾਣ ਦੀ ਨਹੀਂ ਇਜਾਜ਼ਤ ; ਨਿਯਮ ਤੋੜਨ ‘ਤੇ ਹੋ ਸਕਦੀ ਹੈ ਜੇਲ੍ਹ

Global Team
3 Min Read

ਜਾਪਾਨ : ਜੇਕਰ ਤੁਸੀਂ ਵੀ ਜਾਪਾਨ ਦੀ ਫਲਾਈਟ ਰਾਹੀਂ ਸਫਰ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਪਾਵਰ ਬੈਂਕ ਦੀ ਵਰਤੋਂ ਸਾਵਧਾਨੀ ਨਾਲ ਕਰਨੀ ਪਵੇਗੀ। ਜਾਪਾਨ ਸਰਕਾਰ ਨੇ ਜਹਾਜ਼ਾਂ ਦੇ ਅੰਦਰ ਪੋਰਟੇਬਲ ਚਾਰਜਰ (ਪਾਵਰ ਬੈਂਕ) ਦੀ ਵਰਤੋਂ ‘ਤੇ ਸਖ਼ਤ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਇਹ ਨਵਾਂ ਨਿਯਮ ਅੱਜ ਯਾਨੀ ਕਿ 24 ਅਪ੍ਰੈਲ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਦੇ ਪਿੱਛੇ ਉਡਾਣਾਂ ਦੌਰਾਨ ਲਿਥੀਅਮ-ਆਇਨ ਬੈਟਰੀਆਂ ਵਿੱਚ ਅੱਗ ਲੱਗਣ ਅਤੇ ਧੂੰਆਂ ਨਿਕਲਣ ਦੀਆਂ ਵਧਦੀਆਂ ਘਟਨਾਵਾਂ ਦੱਸੀਆਂ ਗਈਆਂ ਹਨ।

ਜਾਪਾਨ ਦੇ ਜ਼ਮੀਨ, ਬੁਨਿਆਦੀ ਢਾਂਚਾ, ਆਵਾਜਾਈ ਅਤੇ ਸੈਰ-ਸਪਾਟਾ ਮੰਤਰਾਲੇ ਦੇ ਅਨੁਸਾਰ, ਹੁਣ ਯਾਤਰੀ ਫਲਾਈਟ ਦੌਰਾਨ ਆਪਣੇ ਸਮਾਰਟਫੋਨ ਜਾਂ ਹੋਰ ਇਲੈਕਟ੍ਰਾਨਿਕ ਡਿਵਾਈਸਾਂ ਨੂੰ ਪਾਵਰ ਬੈਂਕ ਨਾਲ ਚਾਰਜ ਨਹੀਂ ਕਰ ਸਕਣਗੇ। ਸਿਰਫ ਇੰਨਾ ਹੀ ਨਹੀਂ, ਸਗੋਂ ਹਵਾਈ ਯਾਤਰੀਆਂ ਨੂੰ ਕੇਬਿਨ ਵਿੱਚ ਲੱਗੇ ਇਲੈਕਟ੍ਰਿਕ ਸਾਕਟ ਵਿੱਚ ਵੀ ਪੋਰਟੇਬਲ ਚਾਰਜਰ ਲਗਾਉਣ ਦੀ ਇਜਾਜ਼ਤ ਨਹੀਂ ਹੋਵੇਗੀ।

ਨਵੇਂ ਨਿਯਮਾਂ ਤਹਿਤ ਹੁਣ ਹਰ ਯਾਤਰੀ ਆਪਣੇ ਕੈਰੀ-ਆਨ ਬੈਗ ਵਿੱਚ ਵੱਧ ਤੋਂ ਵੱਧ ਦੋ ਪਾਵਰ ਬੈਂਕ ਹੀ ਲੈ ਜਾ ਸਕੇਗਾ। ਹਰ ਪਾਵਰ ਬੈਂਕ ਦੀ ਸਮਰੱਥਾ 160 ਵਾਟ-ਆਵਰ (Wh) ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਹੈ। ਨਾਲ ਹੀ, ਪਾਵਰ ਬੈਂਕ ਨੂੰ ਚੈੱਕ-ਇਨ ਬੈਗੇਜ ਵਿੱਚ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ। ਇਹਨਾਂ ਨੂੰ ਓਵਰਹੈੱਡ ਬਿਨ (ਸੀਟ ਦੇ ਉੱਪਰ ਵਾਲਾ ਖਾਨਾ) ਵਿੱਚ ਰੱਖਣ ਦੀ ਬਜਾਏ ਆਪਣੇ ਕੋਲ ਜਾਂ ਸੀਟ ਦੇ ਹੇਠਾਂ ਰੱਖਣਾ ਲਾਜ਼ਮੀ ਹੋਵੇਗਾ।

ਸਰਕਾਰ ਨੇ ਸਾਫ਼ ਕਰ ਦਿੱਤਾ ਹੈ ਕਿ ਜੋ ਯਾਤਰੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਪਾਏ ਜਾਣਗੇ, ਉਨ੍ਹਾਂ ਤੇ ਕਾਰਵਾਈ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾ ਸਕਦੀ ਹੈ। ਜਿਸ ਵਿੱਚ 10 ਲੱਖ ਯੇਨ (ਲਗਭਗ 5.8 ਲੱਖ ਰੁਪਏ) ਤੱਕ ਦਾ ਜੁਰਮਾਨਾ, ਜਾਂ ਦੋ ਸਾਲ ਤੱਕ ਦੀ ਜੇਲ੍ਹ ਵੀ ਹੋ ਸਕਦੀ ਹੈ।

ਜਾਪਾਨ ਵਿੱਚ ਮਈ ਦੀ ਸ਼ੁਰੂਆਤ ਵਿੱਚ ਸ਼ੁਰੂ ਹੋਣ ਵਾਲੀਆਂ ਲੰਬੀਆਂ “ਗੋਲਡਨ ਵੀਕ” ਦੀਆਂ ਛੁੱਟੀਆਂ ਦੌਰਾਨ ਯਾਤਰੀਆਂ ਦੀ ਗਿਣਤੀ ਵਿੱਚ ਭਾਰੀ ਵਾਧੇ ਦੀ ਉਮੀਦ ਦੇ ਵਿਚਕਾਰ, ਆਵਾਜਾਈ ਮੰਤਰਾਲਾ ਅਤੇ ਏਅਰਲਾਈਨਾਂ ਵੈੱਬਸਾਈਟਾਂ ਅਤੇ ਹਵਾਈ ਅੱਡੇ ਦੇ ਪੋਸਟਰਾਂ ਰਾਹੀਂ ਪ੍ਰਚਾਰ ਕੋਸ਼ਿਸ਼ਾਂ ਨੂੰ ਤੇਜ਼ ਕਰ ਰਹੀਆਂ ਹਨ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਹਾਜ਼ ਵਿੱਚ ਚੜ੍ਹਨ ਤੋਂ ਪਹਿਲਾਂ ਆਪਣੇ ਉਪਕਰਣਾਂ ਨੂੰ ਪੂਰੀ ਤਰ੍ਹਾਂ ਚਾਰਜ ਕਰ ਲੈਣ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment