ਜਲਾਲਾਬਾਦ : – ਜਲਾਲਾਬਾਦ ਜਿੱਥੇ ਹਾਟ ਸੀਟ ਮੰਨੀ ਜਾ ਰਹੀ ਹੈ ਉਥੇ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੀ ਪੂਰੀ ਟੀਮ ਦੇ ਨਾਲ ਜਲਾਲਾਬਾਦ ਵਿੱਚ ਡੇਰਾ ਜਮਾਏ ਹੋਏ ਹਨ ਅਤੇ ਦਿਨ ਰਾਤ ਇੱਕ ਕਰਕੇ ਪ੍ਰਚਾਰ ਵਿੱਚ ਵੀ ਜੁਟੇ ਹੋਏ ਹਨ। ਇਸੇ ਸਿਲਸਿਲੇ ‘ਚ ਬੀਤੀ ਰਾਤ ਪਾਰਟੀ ਪ੍ਰਧਾਨ ਦੀ ਹਜਰੀ ਵਿੱਚ ਜਲਾਲਾਬਾਦ ਦੇ ਰਾਮਲੀਲਾ ਚੌਕ ਵਿੱਚ ਅਕਾਲੀ ਦਲ ਆਗੂਆਂ ਵੱਲੋ ਇੱਕ ਭਾਰੀ ਜਨ ਸਮੂਹ ਦੇ ਇਕੱਠ ਨੂੰ ਸੰਬੋਧਿਤ ਕੀਤਾ ਗਿਆ ਜਿਸ ਵਿੱਚ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਵੀ ਸ਼ਾਮਲ ਹੋਏ। ਸੇਖੋਂ ਨੇ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਆਪਣੇ ਹੀ ਉਮੀਦਵਾਰ ਦੇ ਖਿਲਾਫ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਦਰਅਸਲ ਹੋਇਆ ਇੰਝ ਕਿ ਸੇਖੋਂ ਨੇ ਬੋਲਦਿਆਂ ਜਲਾਲਾਬਾਦ ਤੋਂ ਅਕਾਲੀ ਉਮੀਦਵਾਰ ਡਾ. ਰਾਜ ਕੁਮਾਰ ਨੂੰ ਭਾਰੀ ਵੋਟਾਂ ਨਾਲ ਹਰਾਉਣ ਦੀ ਗੱਲ ਕਹਿ ਦਿੱਤੀ ਜਿਸ ਨੂੰ ਵੇਖਕੇ ਸਾਹਮਣੇ ਖੜੇ ਲੋਕ ਹੈਰਾਨ ਰਹਿ ਗਏ।
ਜਨਮੇਜਾ ਸਿੰਘ ਸੇਖੋਂ ਨੇ ਆਪਣਾ ਭਾਸ਼ਣ ਦਿੰਦਿਆਂ ਜਦੋਂ ਇਹ ਗੱਲ ਕਹੀ ਤਾਂ ਪੰਡਾਲ ਵਿੱਚ ਖੜ੍ਹੇ ਲੋਕਾਂ ਨੇ ਇਸ ‘ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਈਆਂ ਦਾ ਇਸ ਗੱਲ ਨੂੰ ਸੁਣ ਕੇ ਹਾਸਾ ਵੀ ਨਿੱਕਲ ਗਿਆ। ਇਸ ਤੋਂ ਬਾਅਦ ਸਟੇਜ਼ ਤੋਂ ਜਾ ਕੇ ਜਦੋਂ ਸੇਖੋਂ ਸਾਬ੍ਹ ਨੂੰ ਉਨ੍ਹਾਂ ਦੀ ਗਲਤਾ ਦਾ ਅਹਿਸਾਸ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ ਸੌਰੀ ਗਲਤੀ ਹੋ ਗਈ ਮੈਂ ਤਾਂ ਕਹਿੰਦਾ ਹਾਂ ਜਿਤਾਉਣਾ ਹੈ।