ਅਮਰੀਕਾ : ਅਮਰੀਕਾ ‘ਚ ਵਸਦੇ ਸ਼ਮਸ਼ੇਰ ਸਿੰਘ ਸ਼ੇਰਾ (53) ਦੀ ਮੌਤ ਦੀ ਖ਼ਬਰ ਸੁਣਦੇ ਹੀ ਮ੍ਰਿਤਕ ਦੇ ਜੱਦੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਜਲੰਧਰ ਜ਼ਿਲ੍ਹੇ ਦੇ ਗੁਰਾਇਆ ਦੇ ਪਿੰਡ ਢੱਡਾ ਦਾ ਰਹਿਣ ਵਾਲਾ ਸ਼ਮਸ਼ੇਰ ਸਿੰਘ ਸ਼ੇਰਾ 5 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ। ਸ਼ੇਰਾ ਅਮਰੀਕਾ ‘ਚ ਟਰੱਕ ਡਰਾਇਵਰ ਸੀ। ਅਮਰੀਕੀ ਸ਼ਹਿਰ ਫ੍ਰਿਜ਼ਨੋ ਵਿੱਚ ਉਹ ਸੜਕ ਦੇ ਕੰਢੇ ਟਰੱਕ ਖੜ੍ਹਾ ਕਰਕੇ ਖਰਾਬੀ ਚੈੱਕ ਕਰ ਰਿਹਾ ਸੀ ਕਿ ਪਿਛੋਂ ਟੋ-ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ। ਟੱਕਰ ਕਾਰਨ ਉਹ ਕੰਧ ਅਤੇ ਆਪਣੇ ਹੀ ਟਰੱਕ ਦੇ ਵਿਚਕਾਰ ਫਸ ਗਿਆ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕ ਸ਼ੇਰਾ ਦੀ ਮਾਂ ਨਛੱਤਰ ਕੌਰ ਨੇ ਦੱਸਿਆ ਕਿ ਫਿਲਹਾਲ ਇਹ ਪਤਾ ਲੱਗਿਆ ਹੈ ਕਿ ਉਸਦੀ ਗੱਡੀ ਖਰਾਬ ਹੋ ਗਈ ਸੀ। ਉਹ ਹੇਠਾਂ ਉਤਰਿਆ ਅਤੇ ਕਾਰ ਦੇ ਨੁਕਸ ਨੂੰ ਸੜਕ ਦੇ ਕਿਨਾਰੇ ਰੱਖ ਕੇ ਚੈੱਕ ਕਰ ਰਿਹਾ ਸੀ ਕਿ ਉਸਦੀ ਗੱਡੀ ਨੂੰ ਪਿੱਛਿਓਂ ਟੋ-ਟਰੱਕ ਨੇ ਟੱਕਰ ਮਾਰ ਦਿੱਤੀ।
ਦਸ ਦਈਏ ਕਿ ਸ਼ੇਰਾ ਜਰਮਨੀ ਗਿਆ ਸੀ। ਫਿਰ 5 ਸਾਲ ਉਹ ਇਟਲੀ ਵਿੱਚ ਰਿਹਾ। ਇਸ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। ਉੱਥੇ ਉਸ ਦੇ ਸਹੁਰੇ ਸਤਨਾਮ ਸਿੰਘ ਸ਼ੇਰਗਿੱਲ ਨੇ ਉਸ ਦੀ ਨਾਗਰਿਕਤਾ ਦੇ ਕਾਗਜ਼ ਦਾਖਲ ਕੀਤੇ ਸਨ, ਕਿਉਂਕਿ ਉਹ ਲਗਭਗ 5 ਸਾਲਾਂ ਤੋਂ ਅਮਰੀਕਾ ਵਿੱਚ ਸੀ, ਪਰ ਅਚਾਨਕ ਇਹ ਹਾਦਸਾ ਵਾਪਰ ਗਿਆ।
ਨਛੱਤਰ ਕੌਰ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਸ਼ੇਰਾ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਧੀਆਂ ਦੀ ਉਮਰ 20 ਅਤੇ 18 ਸਾਲ ਹੈ, ਜਦੋਂ ਕਿ ਪੁੱਤਰ 11 ਸਾਲ ਦਾ ਹੈ। ਉਹ ਆਪਣੇ ਪਰਿਵਾਰ ਨਾਲ ਅਮਰੀਕਾ ਵਿੱਚ ਰਹਿ ਰਿਹਾ ਸੀ।