ਚੰਡੀਗੜ੍ਹ : ਅਕਾਲੀ ਆਗੂ ਦਲਬੀਰ ਸਿੰਘ ਢਿੱਲਵਾਂ ਦੇ ਕਤਲ ਤੋਂ ਬਾਅਦ ਅਕਾਲੀ ਅਤੇ ਕਾਂਗਰਸ ਦੇ ਸੀਨੀਅਰ ਆਗੂਆਂ ਵਿਚਕਾਰ ਇੱਕ ਦੂਜੇ ‘ਤੇ ਦੋਸ਼ ਲਾਉਣ ਦੀ ਸ਼ਬਦੀ ਜੰਗ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਹੀ ਤੇ ਸਿਆਸਤਦਾਨਾਂ ਦੀ ਇਸ ਤਲਖੀ ਭਰੀ ਬਿਆਨਬਾਜੀ ਨੇ ਜੇਲ੍ਹ ‘ਚ ਬੈਠੇ ਗੈਂਗਸਟਰ ਜੱਗੂ ਭਗਵਾਨਪੁਰੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮੁਸ਼ਕਲਾਂ ਵੀ ਅਜਿਹੀਆਂ ਵਧੀਆਂ ਕਿ ਜੱਗੂ ਨੂੰ ਐਨਕਾਉਂਟਰ ਦਾ ਡਰ ਸਤਾਉਣ ਲੱਗ ਪਿਆ ਹੈ। ਇਸ ਦੀ ਪੁਸ਼ਟੀ ਜੱਗੂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਕੀਤੀ ਹੈ। ਜੱਗੂ ਭਗਵਾਨਪੁਰੀਆ ਦਾ ਕਹਿਣਾ ਹੈ ਕਿ ਪੁਲਿਸ ਉਸ ਦਾ ਐਨਕਾਉਂਟਰ ਕਰਨਾ ਚਾਹੁੰਦੀ ਹੈ। ਉਸ ਨੇ ਦਾਅਵਾ ਕੀਤਾ ਕਿ ਉਸ ਦੇ ਨਾ ਹੀ ਤਾਂ ਸੀਨੀਅਰ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਕੋਈ ਸਬੰਧ ਹਨ ਤੇ ਨਾ ਹੀ ਮਜੀਠੀਆ ਨਾਲ।
ਦੱਸ ਦਈਏ ਕਿ ਬੀਤੇ ਦਿਨੀਂ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਇੱਕ ਦੂਜੇ ‘ਤੇ ਗੈਂਗਸਟਰਾਂ ਨਾਲ ਸਬੰਧਾਂ ਦੇ ਤਸਵੀਰਾਂ ਦਿਖਾਉਂਦੇ ਹੋਏ ਦੋਸ਼ ਲਾਏ ਸਨ। ਇੱਥੇ ਹੀ ਬੱਸ ਨਹੀਂ ਮਜੀਠੀਆ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਜੱਗੂ ਜੇਲ੍ਹ ਅੰਦਰ ਬੜੀ ਹੀ ਸ਼ਾਨ ਨਾਲ ਰਹਿ ਰਿਹਾ ਹੈ। ਪਰ ਹੁਣ ਜੱਗੂ ਭਗਵਾਨਪੁਰੀਆ ਨੇ ਪਟੀਸ਼ਨ ਦਾਇਰ ਕਰਦਿਆਂ ਖੁਲਾਸਾ ਕੀਤਾ ਹੈ ਕਿ ਉਸ ਨੂੰ ਝੂਠੇ ਕੇਸਾਂ ‘ਚ ਫਸਾਇਆ ਜਾ ਰਿਹਾ ਹੈ ਅਤੇ ਉਸ ਨੂੰ ਜੇਲ੍ਹ ‘ਚੋਂ ਭੱਜ ਜਾਣ ਲਈ ਕਿਹਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਜੱਗੂ ਇਸ ਵੇਲੇ ਪਟਿਆਲਾ ਜੇਲ੍ਹ ਵਿੱਚ ਬੰਦ ਹੈ।