ਕੋਰੋਨਾ ਦੇ ਮੁਕਾਬਲੇ ਲਈ ਹਸਪਤਾਲਾਂ ਦੀ ਬੈੱਡ ਸਮਰੱਥਾ ‘ਚ ਹੋਵੇਗਾ 25 ਫੀ਼ਸਦੀ ਵਾਧਾ : ਓ. ਪੀ. ਸੋਨੀ

TeamGlobalPunjab
2 Min Read

ਪਟਿਆਲਾ : ‘ਕੋਵਿਡ-19 ਦੀ ਦੂਜੀ ਲਹਿਰ ਤੋਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਲਈ ਪੰਜਾਬ ‘ਚ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ ‘ਚ ਬੈਡ ਸਮਰੱਥਾ 25 ਫੀਸਦੀ ਤੱਕ ਵਧਾਈ ਜਾ ਰਹੀ ਹੈ’, ਇਹ ਕਹਿਣਾ ਹੈ ਪੰਜਾਬ ਦੇ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ.ਸੋਨੀ ਦਾ। ਸੋਨੀ ਪਟਿਆਲਾ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ ਰਾਜਿੰਦਰਾ ਹਸਪਤਾਲ ‘ਚ ਕੋਵਿਡ ਮਰੀਜਾਂ ਦੀ ਸਾਂਭ ਤੇ ਇਲਾਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਓ.ਪੀ. ਸੋਨੀ ਨੇ ਦੱਸਿਆ ਕਿ ਕੋਵਿਡ ਦੀ ਪੂਰੇ ਦੇਸ਼ ਭਰ ‘ਚ ਪੈਦਾ ਹੋਈ ਗੰਭੀਰ ਸਥਿਤੀ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਕੋਵਿਡ ਇਲਾਜ ਲਈ ਸਰਕਾਰੀ ਮੈਡੀਕਲ ਕਾਲਜਾਂ ਦੇ ਹਸਪਤਾਲਾਂ, ਜ਼ਿਲ੍ਹਾ ਹਸਪਤਾਲਾਂ ਸਮੇਤ ਬਠਿੰਡਾ ਤੇ ਮੋਹਾਲੀ ਦੇ ਆਰਜੀ ਹਸਪਤਾਲਾਂ ‘ਚ 2000 ਕੋਵਿਡ ਬੈਡ ਸਮਰੱਥਾ ਵਧਾਉਣ ਦੇ ਆਦੇਸ਼ ਦਿੱਤੇ ਹਨ, ਜਿਸ ਨੂੰ ਜਲਦੀ ਮੁਕੰਮਲ ਕਰ ਲਏ ਜਾਣ ਦੀ ਪੂਰੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਲੋਕਾਂ ਦੀ ਸਮੇਂ ਸਿਰ ਟੈਸਟਿੰਗ ਅਤੇ ਹਸਪਤਾਲ ਜਲਦੀ ਦਾਖਲ ਹੋਣਾ ਲਾਜ਼ਮੀ ਹੈ। ਪ੍ਰੰਤੂ ਲੋਕ ਦੇਰੀ ਕਰਕੇ ਉਸ ਸਮੇਂ ਹਸਪਤਾਲ ਆਉਂਦੇ ਹਨ ਜਦੋਂ ਮਰੀਜ ਦੀ ਹਾਲਤ ਬਹੁਤ ਜਿਆਦਾ ਗੰਭੀਰ ਹੋ ਜਾਂਦੀ ਹੈ, ਜਿਸ ਕਰਕੇ ਸਰਕਾਰੀ ਰਾਜਿੰਦਰਾ ਹਸਪਤਾਲ ‘ਚ ਮਰੀਜਾਂ ਦੀ ਮੌਤ ਦਰ ਦਾ ਅੰਕੜਾ ਵੱਧ ਹੈ।

ਮੰਤਰੀ ਓ.ਪੀ. ਸੋਨੀ ਨੇ ਇਹ ਵੀ ਦੱਸਿਆ ਕਿ ਰਾਜਿੰਦਰਾ ਹਸਪਤਾਲ ਵਿਖੇ ਆਕਸੀਜਨ ਦੀ ਪਾਇਪ ਲੱਗੇ ਹੋਏ ਲੈਵਲ-2 ਦੇ 125 ਬੈਡ ਵਧਾਏ ਜਾ ਰਹੇ ਹਨ ਜਦਕਿ 125 ਬੈਡ ਪੋਸਟ ਕੋਵਿਡ ਕੇਅਰ ਲਈ ਵਧਾਏ ਜਾਣਗੇ। ਇਸ ਤੋਂ ਇਲਾਵਾ ਆਕਸੀਜਨ ਦੀ ਨਿਰਵਿਘਨ ਸਪਲਾਈ ਲਈ ਦੋ ਮੈਨੀਫੋਲਡ ਲਾਏ ਜਾਣਗੇ ਅਤੇ 20,000 ਲੀਟਰ ਸਮਰੱਥਾ ਵਾਲਾ ਆਕਸੀਜਨ ਟੈਂਕ ਵੀ ਲੱਗੇਗਾ।

ਉਨ੍ਹਾਂ ਦੱਸਿਆ ਕਿ 30 ਆਕਸੀਜਨ ਜਨਰੇਟਰ ਪਹੁੰਚ ਗਏ ਹਨ ਅਤੇ ਹਸਪਤਾਲ ਦੀ ਮੰਗ ਮੁਤਾਬਕ ਵੱਡੇ ਤੇ ਛੋਟੇ 1000-1000 ਸਿਲੰਡਰ ਵੀ ਜਲਦੀ ਖਰੀਦੇ ਜਾ ਰਹੇ ਹਨ। ਇਸ ਦੇ ਨਾਲ ਹੀ 200 ਨਰਸਿੰਗ ਅਮਲੇ ਤੇ 200 ਦਰਜਾ ਚਾਰ ਅਮਲੇ ਦੀ ਭਰਤੀ ਕੀਤੀ ਜਾ ਰਹੀ ਹੈ। ਸੇਵਾ ਮੁਕਤ ਫੈਕਲਟੀ ਦੀਆਂ ਸੇਵਾਵਾਂ ਲੈਣ ਸਮੇਤ ਸੇਵਾ ਮੁਕਤ ਹੋਣ ਵਾਲੇ ਹੋਰ ਅਮਲੇ ਦੀ ਥਾਂ ਨਵੀਂ ਭਰਤੀ ਨੂੰ ਵੀ ਮਨਜ਼਼ੂਰੀ ਦਿੱਤੀ ਗਈ ਹੈ।

- Advertisement -

Share this Article
Leave a comment