ਜਗਬੰਸ ਸਿੰਘ ਨੇ ਮੁੱਖ ਮੰਤਰੀ ਚੰਨੀ ਦੀ ਹਾਜ਼ਰੀ ‘ਚ ਪੀਪੀਐੱਸਸੀ ਦੇ ਚੇਅਰਮੈਨ ਵਜੋਂ ਹਲਫ਼ ਲਿਆ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਪੰਜਾਬ ਲੋਕ ਸੇਵਾ ਕਮਿਸ਼ਨ (ਪੀਪੀਐਸਸੀ) ਦੇ ਚੇਅਰਮੈਨ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਨਿਯੁਕਤ ਚੇਅਰਮੈਨ ਜਗਬੰਸ ਸਿੰਘ ਨੇ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁੱਕੀ।

 

 ਪੰਜਾਬ ਰਾਜ ਭਵਨ ਵਿਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੁੱਖ ਸਕੱਤਰ ਅਨਿਰੁੱਧ ਤਿਵਾੜੀ ਨੇ ਸਹੁੰ ਚੁੱਕ ਸਮਾਰੋਹ ਦੀ ਕਾਰਵਾਈ ਚਲਾਈ।

- Advertisement -

ਦੱਸਣਯੋਗ ਹੈ ਕਿ ਜਗਬੰਸ ਸਿੰਘ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੈਚੂਲਰ ਇਨ ਇੰਜਨੀਅਰਿੰਗ (ਸਿਵਲ ਇੰਜਨੀਅਰਿੰਗ) ਹਨ ਅਤੇ ਉਨ੍ਹਾਂ ਨੇ ਇੰਸਟੀਚਿਊਟ ਆਫ਼ ਚਾਰਟਿਡ ਫਾਈਨੈਂਸ਼ਲ ਤੋਂ ਡਿਪਲੋਮਾ ਇਨ ਬਿਜ਼ਨਸ ਫਾਈਨਾਂਸ ਤੋਂ ਇਲਾਵਾ ਪਬਲਿਕ ਫਾਈਨੈਂਸ਼ਲ ਮੈਨੇਜਮੈਂਟ ਵਿਚ ਐਨੇਲਿਸਟ ਆਫ ਇੰਡੀਆ ਆਈ.ਐਮ.ਐਫ. ਸਰਟੀਫਿਕੇਟ ਅਤੇ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਤੋਂ ਸਰਟੀਫਿਕੇਟ ਇਨ ਐਕਚੂਰੀਅਲ ਸਾਇੰਸ ਕੀਤਾ ਹੋਇਆ ਹੈ।

ਜਗਬੰਸ ਸਿੰਘ ਦਾ ਪਬਲਿਕ ਆਡਿਟ ਦੇ ਖੇਤਰ ਵਿਚ 34 ਵਰ੍ਹਿਆਂ ਦਾ ਲੰਮਾ ਤਜ਼ਰਬਾ ਹੈ ਜਿਨ੍ਹਾਂ ਨੇ ਲਾਈਨ ਆਡੀਟਰ ਤੋਂ ਨਿਗਰਾਨ ਆਡੀਟਰ ਤੱਕ ਖੇਤਰੀ ਕੰਮ ਕੀਤਾ। ਉਸ ਤੋਂ ਬਾਅਦ ਸੂਬਾ ਸਰਕਾਰਾਂ ਦੇ ਆਡਿਟ ਦਫ਼ਤਰਾਂ ਵਿਚ ਅਹਿਮ ਅਹੁਦਿਆਂ ਉਤੇ ਜ਼ਿੰਮੇਵਾਰੀ ਨਿਭਾਈ ਅਤੇ 31 ਮਾਰਚ, 2021 ਨੂੰ ਕੰਪਟਰੋਲਰ ਆਫ਼ ਆਡਿਟਰ ਜਨਰਲ ਆਫ ਇੰਡੀਆ ਵਿਚ ਡਿਪਟੀ ਕੰਪਟਰੋਲਰ ਐਂਡ ਆਡਿਟਰ ਜਨਰਲ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ।

ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਰਾਜਪਾਲ ਦੇ ਪ੍ਰਮੁੱਖ ਸਕੱਤਰ ਜੇ.ਐਮ. ਬਾਲਾਮੁਰਗਮ ਅਤੇ ਪ੍ਰਮੁੱਖ ਸਕੱਤਰ ਪ੍ਰਸੋਨਲ ਵਿਵੇਕ ਪ੍ਰਤਾਪ ਸਿੰਘ ਹਾਜ਼ਰ ਸਨ।

Share this Article
Leave a comment