ਇਜ਼ਰਾਈਲ ਨੇ ਹਮਾਸ ਦੇ ਗਾਜ਼ਾ ਮੁਖੀ ਮੁਹੰਮਦ ਸਿਨਵਾਰ ਨੂੰ ਹਵਾਈ ਹਮਲੇ ’ਚ ਮਾਰਿਆ

Global Team
2 Min Read

ਨਿਊਜ਼ ਡੈਸਕ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਜ਼ਰਾਈਲੀ ਫੌਜ ਨੇ ਹਮਾਸ ਦੇ ਗਾਜ਼ਾ ਮੁਖੀ ਅਤੇ ਸੰਗਠਨ ਦੇ ਨੇਤਾ ਯਾਹੀਆ ਸਿਨਵਾਰ ਦੇ ਛੋਟੇ ਭਰਾ ਮੁਹੰਮਦ ਸਿਨਵਾਰ ਨੂੰ ਮਾਰ ਦਿੱਤਾ ਹੈ। ਇਹ ਕਾਰਵਾਈ ਖਾਨ ਯੂਨਿਸ ਦੇ ਯੂਰਪੀਅਨ ਹਸਪਤਾਲ ਨੇੜੇ ਇੱਕ ਸੁਰੰਗ ਵਿੱਚ ਕੀਤੀ ਗਈ, ਜਿੱਥੇ ਇਜ਼ਰਾਈਲ ਰੱਖਿਆ ਬਲਾਂ (IDF) ਨੇ ਹਵਾਈ ਹਮਲਾ ਕੀਤਾ ਸੀ।

ਨੇਤਨਯਾਹੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਮੁਹੰਮਦ ਸਿਨਵਾਰ ਨੂੰ ਖਤਮ ਕਰ ਦਿੱਤਾ ਗਿਆ ਹੈ, ਜੋ ਹਮਾਸ ਦੇ ਫੌਜੀ ਵਿੰਗ ਦੀ ਅਗਵਾਈ ਕਰ ਰਿਹਾ ਸੀ। ਉਨ੍ਹਾਂ ਇਸ ਨੂੰ ਹਮਾਸ ਲਈ ਵੱਡਾ ਝਟਕਾ ਦੱਸਿਆ, ਪਰ ਨਾਲ ਹੀ ਕਿਹਾ ਕਿ ਸਾਡਾ ਆਪ੍ਰੇਸ਼ਨ ਹਾਲੇ ਪੂਰਾ ਨਹੀਂ ਹੋਇਆ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਗਾਜ਼ਾ ਵਿੱਚ ਬੰਧਕਾਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਜਾਰੀ ਰਹੇਗੀ।

ਰਿਪੋਰਟਾਂ ਮੁਤਾਬਕ, ਮੁਹੰਮਦ ਸਿਨਵਾਰ ਨੇ ਅਕਤੂਬਰ 2024 ਵਿੱਚ ਆਪਣੇ ਭਰਾ ਯਾਹੀਆ ਸਿਨਵਾਰ ਦੀ ਮੌਤ ਤੋਂ ਬਾਅਦ ਹਮਾਸ ਦੀ ਫੌਜੀ ਅਤੇ ਸਿਆਸੀ ਅਗਵਾਈ ਸੰਭਾਲ ਲਈ ਸੀ। ਉਸ ਨੂੰ 7 ਅਕਤੂਬਰ 2023 ਦੇ ਹਮਾਸ ਹਮਲੇ ਦਾ ਮੁੱਖ ਯੋਜਨਾਕਾਰ ਮੰਨਿਆ ਜਾਂਦਾ ਸੀ, ਜਿਸ ਵਿੱਚ ਇਜ਼ਰਾਈਲ ਵਿੱਚ 1,200 ਲੋਕ ਮਾਰੇ ਗਏ ਅਤੇ 250 ਨੂੰ ਬੰਧਕ ਬਣਾਇਆ ਗਿਆ ਸੀ।

ਇਸ ਤੋਂ ਪਹਿਲਾਂ, ਇਜ਼ਰਾਈਲੀ ਮੀਡੀਆ ਨੇ ਰਿਪੋਰਟ ਕੀਤੀ ਸੀ ਕਿ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਦੱਖਣੀ ਗਾਜ਼ਾ ਵਿੱਚ ਹਵਾਈ ਹਮਲਿਆਂ ਵਿੱਚ ਸਿਨਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਪਰ ਉਸ ਸਮੇਂ ਇਜ਼ਰਾਈਲੀ ਰੱਖਿਆ ਬਲਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ। ਹੁਣ ਪ੍ਰਧਾਨ ਮੰਤਰੀ ਨੇ ਇਸ ਦੀ ਸਰਕਾਰੀ ਪੁਸ਼ਟੀ ਕੀਤੀ ਹੈ। ਹਮਾਸ ਦੇ ਰਫਾਹ ਬ੍ਰਿਗੇਡ ਕਮਾਂਡਰ ਮੁਹੰਮਦ ਸ਼ਬਾਨਾ ਅਤੇ 10 ਹੋਰ ਸਾਥੀਆਂ ਦੇ ਵੀ ਇਸ ਹਮਲੇ ਵਿੱਚ ਮਾਰੇ ਜਾਣ ਦੀ ਖਬਰ ਹੈ। ਸਾਊਦੀ ਚੈਨਲ ਅਲ-ਹਦਥ ਮੁਤਾਬਕ, ਸਿਨਵਾਰ ਦੀ ਲਾਸ਼ ਅਤੇ ਉਸ ਦੇ ਸਾਥੀਆਂ ਦੇ ਅਵਸ਼ੇਸ਼ ਸੁਰੰਗ ਵਿੱਚੋਂ ਬਰਾਮਦ ਕੀਤੇ ਗਏ ਹਨ।

Share This Article
Leave a Comment