ਨਿਊਜ਼ ਡੈਸਕ: ਅਫਗਾਨਿਸਤਾਨ ਦੀ ਰਾਜਧਾਨੀ ‘ਚ ਚੀਨੀ ਲੋਕਾਂ ‘ਚ ਮਸ਼ਹੂਰ ਗੈਸਟ ਹਾਊਸ ਦੇ ਕੋਲ ਜ਼ਬਰਦਸਤ ਧਮਾਕਾ ਹੋਇਆ ਹੈ। ਅੱਤਵਾਦੀਆਂ ਨੇ ਹੋਟਲ ਦੇ ਅੰਦਰ ਵੜ ਕੇ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ‘ਚ 14 ਲੋਕਾਂ ਦੀ ਮੌਤ ਹੋ ਗਈ ਹੈ। ਹੋਟਲ ‘ਚ ਕਿੰਨੇ ਅੱਤਵਾਦੀ ਹਨ, ਇਸ ਬਾਰੇ ਜਾਣਕਾਰੀ ਨਹੀਂ ਮਿਲ ਸਕੀ ਹੈ। ਹਾਲਾਂਕਿ ਅਫਗਾਨ ਬਲਾਂ ਨੇ ਵੀ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ ।
ਗੋਲੀਬਾਰੀ ਦੌਰਾਨ ਹੋਟਲ ਵਿੱਚ ਮੌਜੂਦ ਲੋਕ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲ ਮਾਰ ਰਹੇ ਸਨ। ਇਹ ਧਮਾਕਾ ਇਕ ਗੈਸਟ ਹਾਊਸ ਨੇੜੇ ਹੋਇਆ ਜੋ ਚੀਨੀ ਕਾਰੋਬਾਰੀਆਂ ਵਿਚ ਬਹੁਤ ਮਸ਼ਹੂਰ ਹੈ। ਤਾਲਿਬਾਨ ਸਰਕਾਰ ਦੇ ਬੁਲਾਰੇ ਜ਼ਬੀਹੁੱਲ੍ਹਾ ਮੁਜਾਹਿਦ ਨੇ ਕਿਹਾ ਕਿ ਆਪਣੀ ਜਾਨ ਬਚਾਉਣ ਲਈ ਖਿੜਕੀ ਤੋਂ ਛਾਲ ਮਾਰਨ ਵਾਲੇ ਦੋ ਵਿਦੇਸ਼ੀ ਨਾਗਰਿਕ ਜ਼ਖਮੀ ਹੋ ਗਏ, ਜਦਕਿ ਤਿੰਨ ਹਮਲਾਵਰ ਮਾਰੇ ਗਏ ਹਨ। ਇਹ ਹੋਟਲ ਸ਼ਾਰ-ਏ-ਨੌ ਖੇਤਰ ਵਿੱਚ ਸਥਿਤ ਹੈ। ਅਜੇ ਤੱਕ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਪਰ ਇਸਲਾਮਿਕ ਸਟੇਟ, ਇੱਕ ਤਾਲਿਬਾਨ ਵਿਰੋਧੀ ਅੱਤਵਾਦੀ ਸਮੂਹ, ਖੇਤਰ ਵਿੱਚ ਸਰਗਰਮ ਹੈ ਅਤੇ ਪਿਛਲੇ ਸਾਲ ਤੋਂ ਹਮਲੇ ਤੇਜ਼ ਕਰ ਦਿੱਤੇ ਹਨ।
ਕਾਬੁਲ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਦੱਸਿਆ ਕਿ ਹਮਲਾ ਕਈ ਘੰਟਿਆਂ ਤੱਕ ਜਾਰੀ ਰਿਹਾ। ਹਮਲਾਵਰਾਂ ਖਿਲਾਫ ਮੁਹਿੰਮ ਵਿੱਢ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਥਾਨਕ ਨਿਵਾਸੀਆਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਵੀ ਸੁਣਾਈ ਦਿੱਤੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ‘ਚ ਹੋਟਲ ‘ਚੋਂ ਧੂੰਏਂ ਦਾ ਗੁਬਾਰਾ ਨਿਕਲਦਾ ਦਿਖਾਈ ਦੇ ਰਿਹਾ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.