ਚੇਨਈ : ਤਾਮਿਲਨਾਡੂ ਦੇ ਮੰਦਿਰ ’ਚ ਇਕ ਸ਼ਰਧਾਲੂ ਦਰਸ਼ਨ ਕਰਨ ਗਿਆ। ਉਹ ਕੁਝ ਅਰਪਣ ਕਰ ਰਿਹਾ ਸੀ ਤਦ ਉਸ ਦਾ ਮਹਿੰਗਾ ਆਈਫੋਨ ਦਾਨ ਪੇਟੀ ’ਚ ਡਿੱਗ ਗਿਆ। ਉਸ ਨੇ ਆਈਫੋਨ ਵਾਪਸ ਮੰਗਿਆ, ਪਰ ਮੰਦਿਰ ਪ੍ਰਸ਼ਾਸਨ ਨੇ ਇਹ ਕਹਿੰਦੇ ਹੋਏ ਇਸ ਨੂੰ ਵਾਪਸ ਕਰਨ ਤੋਂ ਮਨ੍ਹਾ ਕਰ ਦਿੱਤਾ ਕਿ ਇਹ ਹੁਣ ਭਗਵਾਨ ਦੀ ਸੰਪਤੀ ਹੈ।
ਵਿਨਯਾਗਪੁਰਮ ਦਾ ਰਹਿਣ ਵਾਲਾ ਦਿਨੇਸ਼ ਨਵੰਬਰ ‘ਚ ਪਰਿਵਾਰ ਨਾਲ ਮੰਦਿਰ ‘ਚ ਦਰਸ਼ਨ ਕਰਨ ਆਇਆ ਸੀ। ਆਪਣੀ ਜੇਬ ਵਿੱਚੋਂ ਚੜ੍ਹਾਵਾ ਕੱਢਦੇ ਸਮੇਂ ਉਸ ਦਾ ਆਈਫੋਨ ਦਾਨ ਬਾਕਸ ਵਿੱਚ ਡਿੱਗ ਪਿਆ ਸੀ। ਇਸ ਤੋਂ ਬਾਅਦ ਉਸ ਨੇ ਮੰਦਿਰ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਅਤੇ ਮੋਬਾਈਲ ਵਾਪਿਸ ਕਰਨ ਲਈ ਕਿਹਾ ਸੀ। ਮੰਦਿਰ ਪ੍ਰਸ਼ਾਸਨ ਨੇ ਦੱਸਿਆ ਕਿ ਦਾਨ ਬਾਕਸ ਨੂੰ ਦੋ ਮਹੀਨਿਆਂ ਵਿੱਚ ਇੱਕ ਵਾਰ ਖੋਲ੍ਹਿਆ ਜਾਂਦਾ ਹੈ। ਇਸ ਤੋਂ ਬਾਅਦ ਦਿਨੇਸ਼ ਮੰਦਿਰ ਤੋਂ ਖਾਲੀ ਹੱਥ ਵਾਪਿਸ ਆ ਗਿਆ। ਮੰਦਿਰ ਦਾ ਦਾਨ ਬਾਕਸ 20 ਦਸੰਬਰ ਨੂੰ ਖੋਲ੍ਹਿਆ ਗਿਆ ਸੀ। ਉਸ ਵਿੱਚੋਂ ਇੱਕ ਮੋਬਾਈਲ ਮਿਲਿਆ। ਮੰਦਿਰ ਪ੍ਰਸ਼ਾਸਨ ਨੇ ਦਿਨੇਸ਼ ਨੂੰ ਇਸ ਦੀ ਸੂਚਨਾ ਦਿੱਤੀ।
ਪ੍ਰਸ਼ਾਸਨ ਨੇ ਉਸ ਨੂੰ ਕਿਹਾ ਕਿ ਮੋਬਾਈਲ ਵਾਪਸ ਨਹੀਂ ਕੀਤਾ ਜਾਵੇਗਾ, ਕਿਉਂਕਿ ਪਰੰਪਰਾ ਅਨੁਸਾਰ ਦਾਨ ਬਾਕਸ ਵਿੱਚ ਜੋ ਵੀ ਆਉਂਦਾ ਹੈ, ਉਹ ਮੰਦਿਰ ਦੇ ਦੇਵਤਾ ਦੇ ਖਾਤੇ ਵਿੱਚ ਜਾਂਦਾ ਹੈ। ਤੁਸੀਂ ਆਪਣਾ ਸਿਮ ਕਾਰਡ ਅਤੇ ਫ਼ੋਨ ਡਾਟਾ ਲੈ ਸਕਦੇ ਹੋ। ਹਾਲਾਂਕਿ ਦਿਨੇਸ਼ ਦੀ ਮੰਗ ਮੋਬਾਈਲ ਵਾਪਸ ਕਰਨ ਦੀ ਹੈ।
ਤਾਮਿਲਨਾਡੂ ਦੇ ਮੰਤਰੀ ਪੀਕੇ ਸ਼ੇਖਰ ਬਾਬੂ ਨੇ ਕਿਹਾ- ਨਿਯਮਾਂ ਮੁਤਾਬਿਕ ਦਾਨ ਬਾਕਸ ‘ਚ ਚੜ੍ਹਾਵਾ ਮੰਦਿਰ ਦੇ ਦੇਵਤਾ ਦੇ ਖਾਤੇ ‘ਚ ਜਾਂਦਾ ਹੈ। ਨਿਯਮਾਂ ਅਨੁਸਾਰ ਮੰਦਿਰ ਪ੍ਰਸ਼ਾਸਨ ਸ਼ਰਧਾਲੂ ਨੂੰ ਆਪਣਾ ਚੜ੍ਹਾਵਾ ਵਾਪਿਸ ਕਰਨ ਦੀ ਇਜਾਜ਼ਤ ਨਹੀਂ ਦਿੰਦਾ।ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਭਗਤ ਨੂੰ ਇਸ ਦੀ ਭਰਪਾਈ ਕਰਨ ਦੀ ਸੰਭਾਵਨਾ ਨੂੰ ਲੈ ਕੇ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਚਰਚਾ ਕਰ ਕੇ ਵਾਜਬ ਫ਼ੈਸਲਾ ਲੈਣਗੇ। ਇਹ ਘਟਨਾ ਸੂਬੇ ’ਚ ਪਹਿਲੀ ਅਜਿਹੀ ਘਟਨਾ ਨਹੀਂ ਹੈ। ਸੀਨੀਅਰ ਅਧਿਕਾਰੀ ਮੁਤਾਬਕ, ਕੇਰਲ ਦੇ ਅਲਾੱਪੁਝਾ ਦੀ ਭਗਤ ਐੱਸ. ਸੰਗੀਤਾ ਦੀ ਮਈ 2023 ’ਚ ਅਣਜਾਣੇ ’ਚ 1.75 ਸੋਨੇ ਦੀ ਚੇਨ ਪਲਾਨੀ ਦੇ ਪ੍ਰਸਿੱਧ ਸ਼੍ਰੀ ਧਨਦਾਯੁਥਪਾਨੀ ਸਵਾਮੀ ਮੰਦਿਰ ਦੀ ਦਾਨ ਪੇਟੀ ’ਚ ਡਿੱਗ ਗਈ ਸੀ। ਹਾਲਾਂਕਿ ਸੀਸੀਟੀਵੀ ਫੁਟੇਜ ਰਾਹੀਂ ਪੁਸ਼ਟੀ ਕਰਨ ਤੋਂ ਬਾਅਦ ਕਿ ਚੇਨ ਗ਼ਲਤੀ ਨਾਲ ਡਿੱਗੀ ਸੀ, ਮੰਦਰ ਬੋਰਡ ਆਫ ਟ੍ਰਸਟੀਜ਼ ਦੇ ਪ੍ਰਧਾਨ ਨੇ ਆਪਣੇ ਨਿੱਜੀ ਖ਼ਰਚ ’ਤੇ ਉਸੇ ਕੀਮਤ ਦੀ ਇਕ ਨਵੀਂ ਸੋਨੇ ਦੀ ਚੇਨ ਖ਼ਰੀਦ ਕੇ ਉਨ੍ਹਾਂ ਨੂੰ ਦੇ ਦਿੱਤੀ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।