ਤਹਿਰਾਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਈਰਾਨ ਦੇ ਗ੍ਰਿਫਤਾਰੀ ਵਾਰੰਟ ਨੂੰ ਇੰਟਰਪੋਲ ਨੇ ਖਾਰਜ ਕਰ ਦਿੱਤਾ ਹੈ। ਦੱਸ ਦਈਏ ਕਿ ਬੀਤੇ ਦਿਨੀਂ ਈਰਾਨ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ। ਜਿਸ ਦੇ ਚੱਲਦਿਆਂ ਈਰਾਨ ਨੇ ਰਾਸ਼ਟਰਪਤੀ ਟਰੰਪ ਅਤੇ ਦਰਜਨਾਂ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਇੰਟਰਪੋਲ ਤੋਂ ਮਦਦ ਦੀ ਮੰਗ ਕੀਤੀ ਸੀ। ਜਿਸ ਨੂੰ ਇੰਟਰਪੋਲ ਵੱਲੋਂ ਖਾਰਜ ਕਰ ਦਿੱਤਾ ਗਿਆ ਹੈ।
ਸਥਾਨਕ ਵਕੀਲ ਅਲੀ ਅਲਕਾਸਿਮਰ ਨੇ ਕਿਹਾ ਕਿ ਇਰਾਨ ਦਾ ਮੰਨਣਾ ਹੈ ਕਿ ਇਨ੍ਹਾਂ ਲੋਕਾਂ ਨੇ ਬਗਦਾਦ ‘ਚ 3 ਜਨਵਰੀ ਨੂੰ ਇੱਕ ਡਰੋਨ ਹਮਲੇ ਦੌਰਾਨ ਚੋਟੀ ਦੇ ਈਰਾਨ ਕਮਾਂਡਰ ਜਨਰਲ ਕਾਸਿਮ ਸੁਲੇਮਾਨੀ ਨੂੰ ਮਾਰ ਗਿਰਾਇਆ ਸੀ। ਅਲੀ ਨੇ ਕਿਹਾ ਕਿ ਇਸ ਘਟਨਾ ‘ਚ ਅਮਰੀਕੀ ਰਾਸ਼ਟਰਪਤੀ ਅਤੇ 35 ਹੋਰ ਲੋਕ ਸ਼ਾਮਲ ਸਨ। ਉੱਥੇ ਹੀ ਇਰਾਨ ਲਈ ਅਮਰੀਕਾ ਦੇ ਵਿਸ਼ੇਸ਼ ਪ੍ਰਤੀਨਿਧੀ ਬ੍ਰਾਇਨ ਹੁੱਕ ਨੇ ਗ੍ਰਿਫਤਾਰੀ ਵਾਰੰਟ ਨੂੰ ਖਾਰਜ ਕਰ ਦਿੱਤਾ ਹੈ। ਹੁੱਕ ਨੇ ਕਿਹਾ ਕਿ ਇਹ ਮਹਿਜ਼ ਇੱਕ ਪਬਲੀਸਿਟੀ ਸਟੰਟ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ।
ਈਰਾਨ ਦੇ ਇਸ ਗ੍ਰਿਫਤਾਰੀ ਵਾਰੰਟ ‘ਤੇ ਇੰਟਰਪੋਲ ਨੇ ਕਿਹਾ ਕਿ ਉਹ ਈਰਾਨ ਦੀ ਇਸ ਅਪੀਲ ‘ਤੇ ਵਿਚਾਰ ਨਹੀਂ ਕਰੇਗਾ। ਹਾਲਾਂਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਗ੍ਰਿਫਤਾਰੀ ਦਾ ਕੋਈ ਖ਼ਤਰਾ ਨਹੀਂ ਹੈ, ਪਰ ਇਸ ਮਾਮਲੇ ਨਾਲ ਇਰਾਨ ਅਤੇ ਅਮਰੀਕਾ ਦਰਮਿਆਨ ਤਣਾਅ ਸਿਖਰਾ ‘ਤੇ ਪਹੁੰਚ ਗਿਆ ਹੈ।