ਨਿਊਜ਼ੀਲੈਂਡ : ਕ੍ਰਾਈਸਟਚਰਚ ਕਤਲੇਆਮ ਦੇ ਮੁੱਖ ਦੋਸ਼ੀ ਨੂੰ ਉਮਰ ਕੈਦ, ਕਦੇ ਨਹੀਂ ਹੋਵੇਗੀ ਪੈਰੋਲ

TeamGlobalPunjab
2 Min Read

ਆਕਲੈਂਡ : ਬੀਤੇ ਸਾਲ 15 ਮਾਰਚ 2019 ‘ਚ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ ‘ਚ ਨਮਾਜ਼ ਅਦਾ ਕਰ ਰਹੇ ਲੋਕਾਂ ‘ਤੇ ਅੰਨੇ ਵਾਹ ਗੋਲੀਆਂ ਚਲਾਉਣ ਦੇ ਦੋਸ਼ ਹੇਠ ਫੜੇ ਗਏ ਆਸਟ੍ਰੇਲੀਆ ਮੂਲ ਦੇ ਮੁੱਖ ਦੋਸ਼ੀ ਬ੍ਰੈਨਟਨ ਟਾਰੈਂਟ (29) ਨੂੰ ਅੱਜ ਕ੍ਰਾਈਸਟਚਰਚ ਅਦਾਲਤ ਦੇ ਮਾਨਯੋਗ ਜੱਜ ਕੈਮਰਨ ਮੈਂਡਰ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਇਸ ਕੈਦ ਦੌਰਾਨ ਉਸ ਦੀ ਪੈਰੋਲ ਵੀ ਨਹੀਂ ਹੋਵੇਗੀ। ਦੱਸ ਦਈਏ ਕਿ ਨਿਊਜ਼ੀਲੈਂਡ ‘ਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਕੈਦੀ ਨੂੰ ਪੈਰਲੇ ‘ਤੇ ਨਹੀਂ ਛੱਡਿਆ ਜਾਵੇਗਾ। ਅੱਜ ਸਵੇਰ 8 ਵਜੇ ਤੋਂ ਹੀ ਲੋਕ ਅਦਾਲਤ ਵਿਚ ਜਾਣਾ ਸ਼ੁਰੂ ਹੋ ਗਏ ਸਨ। ਲੋਕਾਂ ਵੱਲੋਂ ਇਕ ਦੂਜੇ ਨੂੰ ਚਿੱਟੇ ਫੁੱਲ ਦੇ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਦਰਸ਼ਨ ਕੀਤਾ ਗਿਆ।

ਜ਼ਿਕਰਯੋਗ ਹੈ ਕਿ 15 ਮਾਰਚ 2019 ਨੂੰ ਨਿਊਜ਼ੀਲੈਂਡ ਦੇ ਦੱਖਣੀ ਟਾਪੂ ਦੇ ਸਭ ਤੋਂ ਵੱਡੇ ਸ਼ਹਿਰ ਕ੍ਰਾਈਸਟਚਰਚ ਵਿਖੇ ਆਸਟ੍ਰੇਲੀਆ ਮੂਲ ਦੇ ਵਿਅਕਤੀ ਨੇ ਦੋ ਮਸਜਿਦਾਂ ‘ਚ ਨਮਾਜ਼ ਅਦਾ ਕਰ ਰਹੇ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਸੀ। ਇਸ ਘਟਨਾ ‘ਚ 51 ਲੋਕਾਂ ਦੀ ਮੌਤ ਹੋ ਗਈ ਸੀ ਅਤੇ 40 ਹੋਰ ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ‘ਚ 9 ਪਾਕਿਸਤਾਨ ਦੇ, 7 ਭਾਰਤ ਦੇ, 5 ਬੰਗਲਾਦੇਸ਼, 4 ਇਜਿਪਤ, 3 ਯੂਨਾਈਟਿਡ ਅਰਬ ਅਮੀਰੇਟਸਸ, 3 ਫੀਜ਼ੀ ਦੇ, 2 ਸੋਮਾਲੀਆ, 2 ਸੀਰੀਆ ਦੇ, 1 ਇੰਡੋਨੇਸ਼ੀਆ, 1 ਜੈਰਡਨ, 1 ਕੁਵੈਤ, 1 ਨਿਊਜ਼ੀਲੈਂਡ ਅਤੇ 12 ਹੋਰ ਸਨ।

ਪੁਲਿਸ ਨੇ ਕੁਝ ਸਮੇਂ ਬਾਅਦ ਇਸ ਘਟਨਾ ਦੇ ਮੁੱਖ ਦੋਸ਼ੀ ਆਸਟ੍ਰੇਲੀਆ ਮੂਲ ਦੇ ਬ੍ਰੈਨਟਨ ਟਾਰੈਂਟ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਨੇ ਉਸ ‘ਤੇ 51 ਲੋਕਾਂ ਦੇ ਕਤਲ, 40 ਦੇ ਇਰਾਦਾ ਕਤਲ ਅਤੇ ਇਕ ਅੱਤਵਾਦੀ ਗਤੀਵਿਧੀਆਂ ਨਾਲ ਸਬੰਧਿਤ ਮਾਮਲਾ ਦਰਜ ਕੀਤਾ ਸੀ। ਜਿਸ ‘ਤੇ ਅਦਾਲਤ ਨੇ ਸੁਣਵਾਈ ਕਰਦਿਆਂ ਉਕਤ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

Share this Article
Leave a comment