Breaking News

ਕੈਨੇਡਾ ‘ਚ ਭਾਰਤੀ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਦੁੱਗਣੀਆਂ, ਚਿੰਤਾਜਨਕ ਰਿਪੋਰਟ

ਟੋਰਾਂਟੋ: ਕੈਨੇਡਾ ‘ਚ ਭਾਰਤੀ ਮੂਲ ਦੇ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ਦੀ ਲਗਾਤਾਰ ਵਧ ਰਹੀ ਗਿਣਤੀ ਡੂੰਘੀ ਚਿੰਤਾ ਪੈਦਾ ਕਰ ਰਹੀ ਹੈ। ਕੈਨੇਡਾ ਤੋਂ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਦਿੱਲੀ ਭੇਜਣ ਦਾ ਪ੍ਰਬੰਧ ਕਰਨ ਵਾਲੇ ਇਟੋਬੀਕੋਕ ਦੇ ਲੋਟਸ ਫਿਊਨਰਲ ਐਂਡ ਕਰੇਮਿਨੇਸ਼ਨ ਸੈਂਟਰ ਦੇ ਮਾਲਕ ਕਮਲ ਭਾਰਦਵਾਜ ਨੇ ਦੱਸਿਆ ਕਿ ਕਿਸੇ ਵੇਲੇ ਮਹੀਨੇ ‘ਚ ਸਿਰਫ ਜਾਂ ਦੋ ਤਾਬੂਤ ਭਾਰਤ ਭੇਜੇ ਜਾਂਦੇ ਸੀ ਪਰ ਹੁਣ ਇਹ ਅੰਕੜਾ ਵਧ ਕੇ ਪੰਜ ਤੱਕ ਪਹੁੰਚ ਗਿਆ ਹੈ।

ਇੱਕ ਰਿਪੋਰਟ ਮੁਤਾਬਕ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਦੀ ਅਪੀਲ ‘ਤੇ ਫਿਊਨਰਲ ਹੋਮ ਦੇ ਵਰਕਰ ਮੈਨੀਟੋਬਾ, ਨੋਵਾ ਸਕੋਸ਼ੀਆ, ਕਿਊਬੈਕ, ਨਿਊ ਬ੍ਰਨਸਵਿਕ ਅਤੇ ਪ੍ਰਿੰਸ ਐਡਵਰਡ ਆਇਲੈਂਡ ਵਰਗੇ ਸੂਬਿਆ ‘ਚ ਜਾ ਕੇ ਭਾਰਤੀ ਵਿਦਿਆਰਥੀਆਂ ਦੀਆਂ ਦੇਹਾਂ ਲੈ ਕੇ ਆਉਂਦੇ ਹਨ ਅਤੇ ਫਿਰ ਇਨ੍ਹਾਂ ਨੂੰ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਕਈ ਵਿਦਿਆਰਥੀਆਂ ਦੀ ਗਰਦਨ ‘ਤੇ ਨੀਲ ਦੇ ਨਿਸ਼ਾਨ ਨਜ਼ਰ ਆਉਂਦੇ ਹਨ ਪਰ ਕਮਲ ਭਾਰਦਵਾਜ ਦਾ ਕਹਿਣਾ ਹੈ ਕਿ ਨੀਲ ਦਾ ਨਿਸ਼ਾਨ ਕਿਸੇ ਹੋਰ ਕਾਰਨ ਵੀ ਪੈ ਸਕਦਾ ਹੈ ਜਦਕਿ ਪਾਣੀ ਵਿਚ ਡੁੱਬਣ ਅਤੇ ਨਸ਼ਿਆਂ ਦੀ ਓਵਰਡੋਜ਼ ਵਾਲੀਆਂ ਮੌਤਾਂ ਦੀ ਗਿਣਤੀ ਵੀ ਘੱਟ ਨਹੀਂ ਹੁੰਦੀ। ਫਿਊਨਰਲ ਹੋਮ ਵੱਲੋਂ ਮੌਤ ਦੇ ਕਾਰਨਾਂ ਬਾਰੇ ਵਿਸਥਾਰ ‘ਚ ਜਾਣਕਾਰੀ ਨਹੀਂ ਦਿੱਤੀ ਗਈ ਪਰ ਇਹ ਜ਼ਰੂਰ ਕਿਹਾ ਕਿ ਹਰ ਮਹੀਨੇ ਕੁਦਰਤੀ ਮੌਤਾਂ ਦੀ ਗਿਣਤੀ ਇੱਕ ਜਾਂ ਦੋ ਹੀ ਹੁੰਦੀ ਹੈ ਅਤੇ ਬਾਕੀ ਮਾਮਲਿਆਂ ‘ਚ ਖੁਦਕੁਸ਼ੀ, ਸੜਕ ਹਾਦਸੇ, ਓਵਰਡੋਜ਼ ਅਤੇ ਹੋਰ ਕਾਰਨ ਜ਼ਿੰਮੇਵਾਰ ਹੁੰਦੇ ਹਨ।

ਫਿਊਨਰਲ ਹੋਮ ਦੇ ਡਾਇਰੈਕਟਰ ਹਰਮਿੰਦਰ ਹਾਂਸੀ ਨੇ ਕਿਹਾ ਕਿ ਇੱਕ ਪਿਤਾ ਹੋਣ ਦੇ ਨਾਤੇ ਜਦੋਂ ਵੀ ਕਿਸੇ ਭਾਰਤੀ ਵਿਦਿਆਰਥੀ ਦੀ ਲਾਸ਼ ਦੇਖਦਾ ਹਾਂ ਤਾਂ ਮਨ ਉਦਾਸ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਦੁਖਾਂਤ ਨੂੰ ਰੋਕਣ ਵਾਸਤੇ ਵੱਡੇ ਕਦਮ ਚੁੱਕਣੇ ਪੈਣਗੇ। ਇਮੀਗ੍ਰੇਸ਼ਨ ਵਿਭਾਗ ਦੇ ਅੰਕੜਿਆਂ ਮੁਤਾਬਕ 2021 ‘ਚ 2 ਲੱਖ 16 ਹਜ਼ਾਰ ਭਾਰਤੀ ਵਿਦਿਆਰਥੀ ਕੈਨੇਡਾ ਪੁੱਜੇ ਜਦਕਿ 2022 ‘ਚ ਇਹ ਅੰਕੜਾ 3 ਲੱਖ 19 ਹਜ਼ਾਰ `ਤੇ ਪਹੁੰਚ ਗਿਆ। ਵਿਦਿਆਰਥੀਆਂ ਦੀ ਗਿਣਤੀ ਵਿਚ 47 ਫ਼ੀ ਸਦੀ ਵਾਧਾ ਅਤੇ ਲਾਸ਼ਾਂ ਦੀ ਗਿਣਤੀ ‘ਚ 100 ਫ਼ੀਸਦੀ ਵਾਧਾ, ਪਰਵਾਸੀ ਭਾਰਤੀਆਂ ਨੂੰ ਸੋਚਣ ਲਈ ਮਜਬੂਰ ਕਰ ਰਹੇ ਹਨ।

ਇਮੀਗ੍ਰੇਸ਼ਨ ਵਿਭਾਗ ਮੁਤਾਬਕ ਵਿਦੇਸ਼ ਭੇਜੀਆਂ ਜਾਣ ਵਾਲੀਆਂ ਦੋਹਾਂ ਦਾ ਕਈ ਰਿਕਾਰਡ ਨਹੀਂ ਰੱਖਿਆ ਜਾਂਦਾ ਹੈ ਜਦਕਿ ਸਟੈਟਿਸਟਿਕਸ ਕੈਨੇਡਾ ਵੱਲੋਂ ਸਿਰਫ ਮੌਤਾਂ ਦੀ ਗਿਣਤੀ ਦਰਜ ਕੀਤੀ ਜਾਂਦੀ ਹੈ। ਇਹ ਪਤਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਕਿ ਮਰਨ ਵਾਲਾ ਕੌਮਾਂਤਰੀ ਵਿਦਿਆਰਥੀ ਸੀ ਜਾਂ ਨਹੀਂ। ਉਧਰ ਟੋਰਾਂਟੋ ਸਥਿਤ ਭਾਰਤੀ ਕੌਂਸਲੇਟ ਨੇ ਕਿਹਾ ਕਿ 2021 ‘ਚ 22 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਜਿਨ੍ਹਾਂ ‘ਚੋਂ ਚਾਰ ਖੁਦਕੁਸ਼ੀਆਂ ਸਨ। 2022 ‘ਚ 25 ਭਾਰਤੀ ਵਿਦਿਆਰਥੀਆਂ ਦੀ ਮੌਤ ਬਾਰੇ ਦੱਸਿਆ ਗਿਆ ਅਤੇ ਇਨ੍ਹਾਂ ‘ਚ 7 ਜਣਿਆਂ ਨੇ ਖੁਦਕੁਸ਼ੀ ਕੀਤੀ।

ਕੌਂਸਲੇਟ ਮੁਤਾਬਕ ਇਸ ਸਾਲ ਮਾਰਚ ਤੱਕ 8 ਭਾਰਤੀ ਵਿਦਿਆਰਥੀਆਂ ਦੀ ਮੌਤ ਹੋਣ ਦੀ ਰਿਪੋਰਟ ਹੈ ਜਿਨ੍ਹਾਂ ‘ਚ ਦੋ ਜਣਿਆਂ ਨੇ ਖੁਦਕੁਸ਼ੀ ਕੀਤੀ। ਇੰਟਰਨੈਸ਼ਨਲ ਸਿੱਖ ਸਟੂਡੈਂਟਸ ਐਸੋਸੀਏਸ਼ਨ ਦੇ ਬਾਨੀ ਜਸਪ੍ਰੀਤ ਸਿੰਘ ਜੋ ਖੁਦ ਇਕ ਸਾਬਕਾ ਕੌਮਾਂਤਰੀ ਵਿਦਿਆਰਥੀ ਹਨ, ਨੇ ਕਿਹਾ ਕਿ ਜੋ ਸਰਕਾਰਾਂ ਵੱਲੋਂ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਮੌਤਾਂ ਦੀ ਰਿਕਾਰਡ ਨਾ ਰੱਖੇ ਜਾਣ ਕਾਰਨ, ਇਸ ਸੰਕਟ ਦਾ ਹੱਲ ਲੱਭਣਾ ਔਖਾ ਹੋ ਗਿਆ ਹੈ। ਕੈਨੇਡਾ ਪਹੁੰਚਣ ਤੋਂ ਕੁਝ ਸਮੇਂ ਬਾਅਦ ਹੀ ਵਿਦਿਆਰਥੀਆਂ ‘ਤੇ ਦਬਾਅ ਵਧਣ ਲਗਦਾ ਹੈ। ਕਦੇ ਫੀਸ ਭਰਨ ਦੀ ਚਿਤਾ ਅਤੇ ਕਦੇ ਪੜ੍ਹਾਈ ‘ਚ ਚੰਗ ਗਰੇਡ ਲਿਆਉਣ ਦਾ ਫਿਕਰ। ਮਾਨਸਿਕ ਤੌਰ ‘ਤੇ ਟੁੱਟੇ ਵਿਦਿਆਰਥੀਆਂ ਨੂੰ ਕੌਂਸਲਿੰਗ ਦੀ ਜ਼ਰੂਰਤ ਹੁੰਦੀ ਅਤੇ ਇਸ ਤੋਂ ਬਗੈਰ ਗੁਜ਼ਾਰਾ ਨਹੀਂ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Check Also

ਅਮਰੀਕਾ ‘ਚ ਸ਼ਰਾਬ ਪੀ ਕੇ ਗੱਡੀ ਚਲਾ ਰਹੀ ਸੀ ਪੰਜਾਬਣ ਮੁਟਿਆਰ, ਵਾਪਰਿਆ ਹਾਦਸਾ

ਨਿਊਯਾਰਕ: ਅਮਰੀਕਾ ‘ਚ ਪੰਜਾਬਣ ਮੁਟਿਆਰ ਸ਼ਰਾਬ ਪੀ ਕੇ ਗੱਡੀ ਚਲਾ ਰਹੀ ਸੀ ਤਾਂ ਇਸ ਦੌਰਾਨ …

Leave a Reply

Your email address will not be published. Required fields are marked *