ਕੌਮਾਂਤਰੀ ਮਾਂ ਬੋਲੀ ਦਿਵਸ: ਆਪਾ ਪੜਚੋਲ ਕਰਨ ਦੀ ਲੋੜ

TeamGlobalPunjab
6 Min Read

-ਅਵਤਾਰ ਸਿੰਘ

ਮਾਂ ਬੋਲੀ ਦੀ ਵਿਸ਼ੇਸ਼ਤਾ ਨੂੰ ਸਮਝਦੇ ਹੋਏ ਯੂਨੈਸਕੋ ਦੀ ਮਹਾਂਸਭਾ ਨੇ 1999 ਵਿੱਚ ਇੱਕ ਮਤਾ ਪਾਸ ਕਰਕੇ ਹਰ ਸਾਲ 21 ਫਰਵਰੀ ਦਾ ਦਿਨ ਕੌਮਾਂਤਰੀ ਮਾਂ ਬੋਲੀ ਦਿਵਸ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ। ਗਿਆਰ੍ਹਵੀਂ ਸਦੀ ਦੇ ਲਗਭਗ ਸ਼ੁਰੂ ਹੋਈ ਪੰਜਾਬੀ ਬੋਲੀ ਇਸ ਵੇਲੇ ਤਕਰੀਬਨ ਸੰਸਾਰ ਵਿੱਚ 12 ਕਰੋੜ ਤੋਂ ਵੱਧ ਲੋਕਾਂ ਰਾਹੀਂ ਬੋਲੀ ਜਾਂਦੀ ਹੈ। ਕਰੀਬ 150 ਦੇਸ਼ਾਂ ਵਿਚ ਲਗਪਗ 11 ਕਰੋੜ ਪੰਜਾਬੀ ਵਸਦੇ ਹਨ। ਵਿਦੇਸ਼ਾਂ ਵਿੱਚ ਪੰਜਾਬੀ ਪੜ੍ਹਨ ਦਾ ਰੁਝਾਨ ਵਧ ਰਿਹਾ ਹੈ। ਸੰਸਾਰ ਵਿੱਚ 6912 ਦੇ ਕਰੀਬ ਤੇ ਭਾਰਤ ਵਿਚ 427 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਤੇ ਪੰਜਾਬੀ ਸੰਸਾਰ ਦੀ 10ਵੀਂ ਭਾਸ਼ਾ ਵਿਚ ਸ਼ਾਮਲ ਹੋ ਚੁੱਕੀ ਹੈ ਤੇ ਭਾਰਤ ਵਿੱਚ ਹਿੰਦੀ, ਬੰਗਾਲੀ ਤੇ ਉਰਦੂ ਤੋਂ ਬਾਅਦ ਨੰਬਰ ਆਉਂਦਾ ਹੈ।

ਰਿਪੋਰਟਾਂ ਮੁਤਾਬਿਕ 516 ਤੋਂ ਵੱਧ ਭਾਸ਼ਾਵਾਂ ਖਤਮ ਹੋ ਗਈਆਂ ਦੱਸੀਆਂ ਜਾਂਦੀਆਂ ਹਨ। 1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਪੱਛਮੀ ਪਾਕਿਸਤਾਨ, ਪੂਰਬੀ ਪਾਕਿਸਤਾਨ ਵਿੱਚ ਉਰਦੂ ਤੇ ਫ਼ਾਰਸੀ ਲਾਗੂ ਕਰਨਾ ਚਾਹੁੰਦਾ ਸੀ ਪਰ ਬੰਗਾਲੀਆਂ ਨੇ ਇਸ ਦਾ ਵਿਰੋਧ ਕੀਤਾ ਕਿਉਂਕਿ ਉਥੇ ਸਾਰਾ ਸਾਹਿਤ ਤੇ ਆਮ ਬੋਲ-ਚਾਲ ਬੰਗਲਾ ਭਾਸ਼ਾ ਵਰਤੀ ਜਾਂਦੀ ਸੀ।

ਪਾਕਿਸਤਾਨ ਦੇ ਵਿਰੋਧ ਵਿੱਚ ਬੰਗਾਲੀਆਂ ਨੇ ਸ਼ਾਂਤਮਈ ਮੁਜ਼ਹਾਰੇ ਕੀਤੇ। ਪਾਕਿਸਤਾਨ ਨੇ ਸੰਘਰਸ਼ ਨੂੰ ਦਬਾਉਣ ਲਈ ਗੋਲੀ ਚਲਾਈ ਜਿਸ ਨਾਲ ਕਈ ਸ਼ਹੀਦ ਤੇ ਜਖ਼ਮੀ ਹੋਏ। 21 ਫਰਵਰੀ 1952 ਨੂੰ ਬੰਗਾਲੀਆਂ ਦੇ ਸ਼ਾਂਤੀ ਮੁਜ਼ਹਾਰੇ ਤੇ ਗੋਲੀ ਚਲਾਉਣ ਨਾਲ ਆਗੂ ਬਰਕਤ ਸਲਾਮ, ਰਫ਼ੀਕ ਤੇ ਜ਼ਾਫਰ ਆਦਿ ਸ਼ਹੀਦ ਹੋਏ। ਬੰਗਲਾ ਦੇਸ਼ ਬਣਨ ਤੋਂ ਬਾਅਦ ਹਰ ਸਾਲ 21 ਫਰਵਰੀ ਨੂੰ ਉਥੋਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵਲੋਂ ਸ਼ਹੀਦਾਂ ਦੀ ਯਾਦ ਵਿਚ ‘ਸ਼ਹੀਦ ਮੀਨਾਰ’ ‘ਤੇ ਜਾ ਕੇ ਸ਼ਰਧਾਂਜਲੀ ਦਿੱਤੀ ਜਾਂਦੀ ਹੈ।

- Advertisement -

ਸਭ ਤੋਂ ਪਹਿਲਾਂ ਕੈਨੇਡਾ ਸਥਿਤ ਸਥਾਪਤ ‘ਮਦਰ ਲੈਂਗਜ਼ ਲਵਰਜ਼’ ਨੇ UNESCO ਨੂੰ ਮਾਂ ਬੋਲੀ ਦਿਵਸ ਮਨਾਉਣ ਲਈ ਮਤਾ ਭੇਜਿਆ। ਯੂਨੈਸਕੋ ਦੀ ਜਨਰਲ ਕੌਂਸਲ ਨੇ 21-11-1999 ਦੀ ਮੀਟਿੰਗ ਵਿਚ ਇਹ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਕਿ ਹਰ ਸਾਲ 21 ਫਰਵਰੀ ਨੂੰ ਕੌਮਾਂਤਰੀ ਭਾਸ਼ਾ ਦਿਵਸ ਮਨਾਇਆ ਜਾਵੇ।

ਉਸ ਸਾਲ ਤੋਂ ਹਰ ਸਾਲ 21 ਫਰਵਰੀ ਨੂੰ ਇਹ ਦਿਨ ਮਨਾਉਣਾ ਸ਼ੁਰੂ ਹੋਇਆ। ਮਾਤ ਭਾਸ਼ਾ ਮਾਂ ਬੋਲੀ ਸਾਡੇ ਵਜੂਦ ਦਾ, ਸਾਡੀ ਸਖਸ਼ੀਅਤ ਦਾ ਇਕ ਅਤੁੱਟ ਅੰਗ ਹੁੰਦੀ ਹੈ। ਇਹ ਕਿਸੇ ਮਜਬੂਰ, ਜਾਤ-ਪਾਤ, ਧਰਮ, ਰੰਗ, ਨਸਲ ਦੀ ਨਹੀਂ ਹੁੰਦੀ, ਬਲਕਿ ਕਿਸੇ ਖਿੱਤੇ ਦੇ ਲੋਕਾਂ ਦੀ ਸਾਂਝੀ ਮਾਂ ਬੋਲੀ ਹੁੰਦੀ ਹੈ। ਪੰਜਾਬ ਦੇ ਮੁੱਖ ਮੰਤਰੀ ਲਛਮਣ ਸਿੰਘ ਨੇ 30-12-1967 ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਰਾਜ ਪੱਧਰ ‘ਤੇ ਪੰਜਾਬੀ ਲਾਗੂ ਕਰਨ ਦੀ ਹਦਾਇਤ ਦਿੱਤੀ। ਰਾਜ ਭਾਸ਼ਾ ਐਕਟ 2008 ਰਾਂਹੀ ਸਰਕਾਰੀ ਦਫਤਰਾਂ ਵਿੱਚ ਪੰਜਾਬੀ ਲਾਗੂ ਕਰਨ ਦੇ ਅਦੇਸ਼ ਦਿੱਤੇ ਕਿ ਸਾਰਾ ਕੰਮ ਪੰਜਾਬੀ ਵਿੱਚ ਹੋਣਾ ਚਾਹੀਦਾ ਹੈ ਪਰ ਪੰਜਾਬੀ ਗੁਲਾਮੀ ਦਾ ਜੂਲਾ ਅੱਜ ਤਕ ਲਾਹ ਨਹੀਂ ਸਕੇ। ਪੰਜਾਬ ਦੀਆਂ ਸਮੇਂ ਸਮੇ ਦੀਆਂ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਰੁਜ਼ਗਾਰਮੁਖੀ ਬਣਾਉਣ ਵਿੱਚ ਅਸਫਲ ਸਾਬਿਤ ਹੋਈਆਂ ਹਨ। ਇਸੇ ਕਾਰਨ ਸੂਬੇ ਵਿੱਚ ਬਹੁਤੇ ਪੜ੍ਹੇ ਲਿਖੇ ਨੌਜਵਾਨ ਬੇਰੁਜਗਾਰ ਬੈਠੇ ਹਨ। ਸਰਕਾਰੀ ਵਿਭਾਗਾਂ ਵਿੱਚ ਅਸਾਮੀਆਂ ਖਾਲੀ ਪਈਆਂ ਹਨ।

ਪੰਜਾਬੀ ਦੀ ਮੰਗ ਘੱਟ ਤੇ ਅੰਗਰੇਜ਼ੀ ਦੀ ਵੱਧ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਹਨ ਕਿ ਪੰਜਾਬੀ ਵਿਸ਼ਾ ਨਾ ਪੜਾਉਣ ਵਾਲੇ ਸਕੂਲ ਨੂੰ ਪੰਝੀ ਹਜ਼ਾਰ ਤੋਂ ਲੈ ਕੇ ਇਕ ਲੱਖ ਤਕ ਜੁਰਮਾਨਾ ਹੋ ਸਕਦਾ ਹੈ ਉਸ ਤੋਂ ਬਾਅਦ ਵੀ ਕੋਈ ਪੰਜਾਬੀ ਭਾਸ਼ਾ ਐਕਟ ਨੂੰ ਲਾਗੂ ਨਹੀਂ ਕਰਦਾ ਤਾਂ ਉਸਦੀ ਮਾਨਤਾ ਰੱਦ ਹੋ ਸਕਦੀ, ਇਨ੍ਹਾਂ ਹਦਾਇਤਾਂ ਦੇ ਹਸ਼ਰ ਦਾ ਸਭ ਨੂੰ ਪਤਾ ਹੈ।

ਬਾਦਲ ਸਰਕਾਰ ਨੇ ਅਕਤੂਬਰ 2008 ਵਿਚ ਪੰਜਾਬੀ ਦੀ ਅਣਦੇਖੀ ਤੇ ਉਲੰਘਣਾ ਕਰਨ ਦੀ ਸ਼ਜਾ ਦੀ ਮਿਆਦ 8 (1) ਜੋੜ ਕੇ ਨਵਾਂ ਕਾਨੂੰਨ ਪਾਸ ਵੀ ਕੀਤਾ ਸੀ। ਕਰੋੜਾਂ ਬੱਚੇ ਇਸ ਕਰਕੇ ਸਕੂਲ ਛੱਡ ਜਾਂਦੇ ਹਨ ਕਿ ਉਨ੍ਹਾਂ ਨੂੰ ਮਾਤ ਭਾਸ਼ਾ ਵਿੱਚ ਗਿਆਨ ਨਹੀਂ ਦਿੱਤਾ ਜਾਂਦਾ ਤੇ ਉਹ ਪਹਿਲੀਆਂ ਜਮਾਤਾਂ ਵਿੱਚ ਹੀ ਫੇਲ੍ਹ ਹੋ ਜਾਂਦੇ ਹਨ। ਬੱਚੇ ਮਾਤ ਭਾਸ਼ਾ ਨੂੰ ਛੱਡ ਕੇ ਹੋਰ ਭਾਸ਼ਾਵਾਂ ਵਿੱਚ ਹਾਸਲ ਕੀਤੇ ਗਿਆਨ ਨੂੰ ਭਾਂਵੇ ਸਮਝ ਲੈਣ ਪਰ ਮਾਨਸਿਕ, ਭਾਵਨਤਮਿਕ ਤੇ ਜਜ਼ਬਾਤੀ ਪੱਧਰ ਤੋਂ ਕੋਰੇ ਰਹਿ ਜਾਂਦੇ ਹਨ।

ਮਾਤ ਭਾਸ਼ਾ ਉਹ ਹੁੰਦੀ ਹੈ ਜਿਸ ਭਾਸ਼ਾ ਵਿਚ ਮਾਂ ਲੋਰੀਆਂ ਦਿੰਦੀ ਹੈ ਤੇ ਲਾਡ ਪਿਆਰ ਕਰਦੀ ਹੈ। ਮਾਂ ਬੋਲੀ ਹੀ ਬੱਚੇ ਦੀ ਅਸਲੀ ਭਾਸ਼ਾ ਹੈ। ਮਾਤ ਭਾਸ਼ਾ ਨੂੰ ਹਰ ਵਿਦਿਅਕ ਅਦਾਰੇ ਵਿੱਚ ਘੱਟੋ ਘੱਟ ਬਾਰ੍ਹਵੀਂ ਤੱਕ ਪੰਜਾਬੀ ਲਾਜਮੀ ਵਿਸ਼ਾ ਤਕ ਪੜਾਇਆ ਜਾਵੇ। ਤਕਨੀਕੀ, ਕਾਨੂੰਨੀ, ਡਾਕਟਰੀ ਤੇ ਇੰਜਨੀਅਰਿੰਗ ਦੀ ਸਿੱਖਿਆ ਮਾਤ ਭਾਸ਼ਾ ਵਿੱਚ ਪੜਾਈ ਜਾਵੇ। ਹਰ ਤਰ੍ਹਾਂ ਦੇ ਸਦਾ ਕਾਰਡਾਂ ਨੂੰ ਪੰਜਾਬੀ ਭਾਸ਼ਾ ਵਿਚ ਛਪਵਾਉਣੇ ਚਾਹੀਦੇ ਹਨ ਨਾ ਕਿ ਫੋਕੀ ਸ਼ੋਹਰਤ ਵਿੱਚ ਮਾਤ ਭਾਸ਼ਾ ਨੂੰ ਭੁੱਲ ਕੇ ਵਿਦੇਸ਼ੀ ਭਾਸ਼ਾ ਵਿੱਚ, ਮੌਲ, ਹੋਟਲਾਂ, ਸੰਸਥਾਵਾਂ ਦੇ ਬੋਰਡਾਂ ਨੂੰ ਦੂਜੀਆਂ ਭਾਸ਼ਾਵਾਂ ਦੇ ਨਾਲ ਮਾਤ ਭਾਸ਼ਾ ਪੰਜਾਬੀ ਵਿਚ ਬੋਰਡ ਜਾਂ ਬੈਨਰ ਲਾਉਣੇ ਚਾਹੀਦੇ ਹਨ। ਸੜਕਾਂ, ਦੁਕਾਨਾਂ ‘ਤੇ ਲੱਗੇ ਬੋਰਡਾਂ ਵਿੱਚ ਆਮ ਹੀ ਗਲਤੀਆਂ ਹੁੰਦੀਆਂ ਹਨ, ਪੰਜਾਬੀ ਹਮੇਸ਼ਾਂ ਸ਼ੁਧ ਹੋਣੀ ਚਾਹੀਦੀ ਹੈ।

- Advertisement -

ਹਰ ਸਾਲ ਵਾਂਗ ਅੱਜ ਵੀ ਬਹੁਤ ਸਾਰੇ ਬੁੱਧੀਜੀਵੀ ਲੇਖਕ ਪੰਜਾਬੀ ਭਾਸ਼ਾ ਦੇ ਹੱਕ ਵਿਚ ਨਾਹਰੇ ਮਾਰਨਗੇ ਪਰ ਉਨ੍ਹਾਂ ਵਿੱਚ ਕਈ ਸ਼ੋਸਲ ਮੀਡੀਆ ‘ਤੇ ਚਲਦੇ ਗਰੁਪਾਂ ਵਿਚ ਅੰਗਰੇਜ਼ੀ ਵਿਚ ਟਾਈਪ ਕਰਕੇ ‘Good Morning’ ਤੇ ਹੋਰ ਪੋਸਟਾਂ ਪਾ ਰਹੇ ਹੁੰਦੇ ਹਨ। ਕੀ ਇਹ ਲੋਕ ਆਪਣੇ ਗਰੁੱਪਾਂ ਵਿਚ ਮਾਤ ਭਾਸ਼ਾ ਨੂੰ ਮਾਨਤਾ ਦੇ ਰਹੇ ਹਨ?
ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਹੈ, ਬੁੱਧੀਜੀਵੀ ਵਰਗ ਸਮਾਜ ਦਾ ਧੁਰਾ ਹੈ ਇਹ ਸਮਾਜ ਨੂੰ ਵਧੀਆ ਸੇਧ ਦੇ ਸਕਦਾ ਹੈ ਉਹ ਪਹਿਲਾਂ ਆਪਾ ਪੜਚੋਲ ਕਰਨ ਦੀ ਕੋਸ਼ਿਸ ਕਰਨ।

Share this Article
Leave a comment