ਲੋਕ ਸੰਘਰਸ਼ ਦਾ ਨਤੀਜਾ: ਤਿੰਨ ਖੇਤੀ ਕਾਨੂੰਨ ਰੱਦ!

TeamGlobalPunjab
6 Min Read

-ਸੁਬੇਗ ਸਿੰਘ;

ਸਿਆਣੇ ਕਹਿੰਦੇ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ।ਫੇਰ ਇਹ ਗੱਲ ਕਿਵੇਂ ਸੰਭਵ ਹੋ ਸਕਦੀ ਹੈ, ਕੁੱਝ ਗੁਆਏ ਬਿਨਾਂ ਕਿਸੇ ਤੋਂ ਕੁੱਝ ਲਿਆ ਜਾ ਸਕਦਾ ਹੈ।ਉਹ ਵੀ ਦੇਸ਼ ਦੀ ਹਕੂਮਤ ਨਾਲ ਮੱਥਾ ਡਾਹ ਕੇ ਲੈਣਾ ਹੋਵੇ। ਜਦੋਂ ਕਿਸੇ ਦੇਸ਼ ਦੀ ਹਕੂਮਤ ਦਾ ਸਾਰਾ ਜੋਰ ਹੀ ਲੋਕਤੰਤਰੀ ਪ੍ਰਣਾਲੀ ਨੂੰ ਛਿੱਕੇ ‘ਤੇ ਟੰਗ ਕੇ ਜੋਰ ਤੇ ਜਬਰ ਦੇ ਰਾਹੀਂ ਕਿਸੇ ਨੂੰ ਦਬਾਉਣ ਅਤੇ ਦਬਕਾਉਣ ਦਾ ਹੀ ਹੋਵੇ। ਜਿੱਥੇ ਕਿਸੇ ਸਰਕਾਰ ਨੂੰ ਨਾਂ ਭਾਵੇਂ ਲੋਕਤੰਤਰਿਕ ਸਰਕਾਰ ਦਾ ਦਿੱਤਾ ਗਿਆ ਹੋਵੇ। ਪਰ ਉਹ ਕੰਮ ਸਾਰੇ ਤਾਨਾਸ਼ਾਹੀ ਵਾਲੇ ਹੀ ਕਰਦੀ ਹੋਵੇ।

ਇਹੋ ਜਿਹਾ ਵਰਤਾਰਾ ਹੀ ਤਾਂ, ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੇ ਕਾਰਪੋਰੇਟ ਘਰਾਣਿਆਂ ਦੇ ਹੱਕ ‘ਚ ਭੁਗਤਦਿਆਂ ਕੀਤਾ ਸੀ। ਜਦੋਂ ਕੇੰਦਰ ਸਰਕਾਰ ਨੇ ਖੇਤੀ ਦੇ ਸੰਬੰਧ ‘ਚ ਤਿੰਨ ਕਾਨੂੰਨ ਬਣਾਏ ਅਤੇ ਮੀਡੀਆ ਅਤੇ ਪ੍ਰਚਾਰ ਦੇ ਸਾਧਨਾਂ ਦੇ ਰਾਹੀਂ ਉਨ੍ਹਾਂ ਦੇ ਅਣਗਿਣਤ ਫਾਇਦੇ ਵੀ ਗਿਣਾਏ।ਕੇਂਦਰ ਸਰਕਾਰ ਕਿਸਾਨਾਂ ਦੇ ਹਿਮਾਇਤੀ ਹੋਣ ਦਾ ਦਿਨ ਰਾਤ ਪ੍ਰਚਾਰ ਵੀ ਕਰਦੀ ਰਹੀ ਅਤੇ ਕਿਸਾਨਾਂ ਦੀ ਤਕਦੀਰ ਬਦਲ ਦੇਣ ਦੇ ਵੱਡੇ 2 ਦਮਗਜੇ ਵੀ ਮਾਰਦੇ ਰਹੇ। ਪਰ ਅਸਲ ਵਿੱਚ ਸਭ ਕੁੱਝ ਇਹਦੇ ਉਲਟ ਹੋ ਰਿਹਾ ਸੀ। ਸਰਕਾਰ ਨੇ, ਇਨ੍ਹਾਂ ਕਾਨੂੰਨਾਂ ਨੂੰ ਲਾਗੂ ਕਰਕੇ ਕਿਸਾਨਾਂ ਦੇ ਜੀਵਨ ਨੂੰ ਉੱਚਾ ਚੁੱਕਣ ਦੀ ਵਜਾਏ, ਬੜੀ ਚਲਾਕੀ ਦੇ ਨਾਲ ਉਨ੍ਹਾਂ ਦੀ ਰੋਜੀ ਤੇ ਰੋਟੀ ਖੋਹਣ ਦੀ ਕੋਸ਼ਿਸ਼ ਕੀਤੀ ਸੀ। ਪਰ ਸਰਕਾਰ ਵੱਲੋਂ ਇਨ੍ਹਾਂ ਕਾਨੂੰਨਾਂ ਦੇ ਉੱਪਰ ਕਿਸਾਨਾਂ ਦੀ ਖੁਸ਼ਹਾਲੀ ਦਾ ਮੁਖੌਟਾ ਚਾੜ੍ਹ ਕੇ ਪ੍ਰਚਾਰ ਵੀ ਕੀਤਾ ਜਾ ਰਿਹਾ ਸੀ।

ਸਭ ਤੋਂ ਵੱਡੀ ਤੇ ਵਿਲੱਖਣ ਗੱਲ ਤਾਂ ਇਹ ਸੀ ਕਿ ਖੇਤੀ ਕਾਨੂੰਨ ਬਨਾਉਣ ਵਾਲਿਆਂ ਨੇ ਢੰਡੋਰਾ ਤਾਂ ਭਾਵੇਂ ਕਿਸਾਨਾਂ ਦੇ ਹੱਕ ਚ ਮਾਰਿਆ ਸੀ। ਪਰ ਅਸਲ ਵਿੱਚ ਇਹ ਕਾਨੂੰਨ ਬਣਾ ਕੇ ਕਿਸਾਨਾਂ ਨੂੰ ਕੱਖੋਂ ਹੌਲੇ ਕਰਨ ਦੀ ਬੜੀ ਵੱਡੀ ਸ਼ਾਜਿਸ਼ ਅਤੇ ਵਿਉਂਤਬੰਦੀ ਸੀ।ਪਰ ਕੇਂਦਰ ਦੀ ਭਾਜਪਾ ਸਰਕਾਰ ਦੇ ਨਾਪਾਕ ਇਰਾਦਿਆਂ ਨੂੰ ਭਾਂਪਦਿਆਂ, ਕਿਸਾਨਾਂ ਨੇ ਇੰਨ੍ਹਾਂ ਖੇਤੀ ਕਾਨੂੰਨਾਂ ਦੇ ਵਿਰੁੱਧ ਬੜੇ ਯੋਜਨਾਬੱਧ ਤਰੀਕੇ ਨਾਲ ਲਾਮਬੰਦ ਹੋਣਾ ਸ਼ੁਰੂ ਕਰ ਦਿੱਤਾ। ਇਹ ਲਾਮਬੰਦੀ ਕਿਸਾਨਾਂ ਦੀ ਸੂਝਵਾਨ ਲੀਡਰਾਂ ਦੀ ਸਿਆਣਪ ਦੇ ਸਦਕਾ ਹੀ ਸੰਭਵ ਹੋ ਸਕੀ ਸੀ, ਕਿ ਇਹ ਅੰਦੋਲਨ ਖੇਤੀ ਕਾਨੂੰਨਾਂ ਦੇ ਵਿਰੋਧ ਚ ਇੱਕ ਵਿਸ਼ਾਲ ਰੂਪ ਧਾਰਨ ਕਰ ਗਿਆ ਅਤੇ ਇਸ ਅੰਦੋਲਨ ਨੇ ਜਨ ਅੰਦੋਲਨ ਦਾ ਰੂਪ ਲੈ ਲਿਆ।

- Advertisement -

ਭਾਵੇਂ ਸ਼ੁਰੂ ਵਿੱਚ ਹਰ ਕਿਸੇ ਨੂੰ ਇਉਂ ਲੱਗਦਾ ਸੀ ਕਿ ਇਹ ਅੰਦੋਲਨ ਬੜੇ ਥੋੜ੍ਹੇ ਸਮੇਂ ‘ਚ ਹੀ ਦਮ ਤੋੜ ਦੇਵੇਗਾ। ਪਰ ਕਿਸਾਨੀ ਅੰਦੋਲਨ ਦੀ ਸੂਝਵਾਨ ਲੀਡਰਸ਼ਿਪ ਨੇ ਇਸਨੂੰ ਬੜੀ ਸੂਝਬੂਝ ਦੇ ਨਾਲ ਸਿਖਰਾਂ ਤੇ ਪਹੁੰਚਾਅ ਦਿੱਤਾ। ਭਾਵੇਂ ਪਹਿਲਾਂ ਪਹਿਲ ਇਹ ਅੰਦੋਲਨ, ਇਕੱਲੇ ਕਿਸਾਨਾਂ ਦਾ ਅੰਦੋਲਨ ਹੀ ਲੱਗਦਾ ਸੀ। ਪਰ ਬੜੇ ਥੋੜ੍ਹੇ ਸਮੇਂ ‘ਚ ਦੇਸ਼ ਦਾ ਹਰ ਗਰੀਬ, ਮਜਦੂਰ, ਮੁਲਾਜਮ, ਆੜ੍ਹਤੀ, ਕਲਾਕਾਰ, ਵਿਦਿਆਰਥੀ ਅਤੇ ਵਿਰੋਧੀ ਪਾਰਟੀਆਂ ਨੇ ਵੀ ਇਸ ਅੰਦੋਲਨ ਦਾ ਭਰਵਾਂ ਸਾਥ ਦਿੱਤਾ। ਇੱਥੋਂ ਤੱਕ ਕਿ ਇਹ ਅੰਦੋਲਨ ਦੇਸ਼ ਤੋਂ ਬਾਹਰ ਵਿਦੇਸ਼ ਤੱਕ ਵੀ ਪਹੁੰਚ ਗਿਆ।ਇਹੋ ਕਾਰਨ ਸੀ,ਕਿ ਜਦੋਂ ਵੀ ਮੋਦੀ ਸਾਹਿਬ ਜਾਂ ਕੇਂਦਰ ਸਰਕਾਰ ਦਾ ਕੋਈ ਨੁਮਾਇੰਦਾ ਵਿਦੇਸ਼ ਚ ਜਾਂਦਾ ਸੀ, ਤਾਂ ਉਹਦਾ ਅਤੇ ਖੇਤੀ ਬਿਲਾਂ ਦਾ ਉੱਥੇ ਡੱਟਵਾਂ ਵਿਰੋਧ ਅਤੇ ਇਸ ਅੰਦੋਲਨ ਦੇ ਹੱਕ ਚ ਡੱਟਵਾਂ ਪ੍ਰਚਾਰ ਹੁੰਦਾ ਸੀ।

ਭਾਵੇਂ ਇਸ ਅੰਦੋਲਨ ਨੂੰ ਸਮੇਂ ਦੀਆਂ ਸਰਕਾਰਾਂ ਅਤੇ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ, ਵੱਖ 2 ਸਮੇਂ ਤੇ ਕੁਚਲਣ, ਸ਼ਾਜਿਸ਼ ਤਹਿਤ ਫੇਲ ਕਰਨ ਅਤੇ ਹੋਰ ਕਈ ਤਰ੍ਹਾਂ ਦੇ ਹੱਥਕੰਡੇ ਅਪਨਾਉਣ ਦੀਆਂ ਗੋਂਦਾਂ ਵੀ ਗੁੰਦੀਆਂ ਜਾਂਦੀਆਂ ਰਹੀਆਂ। ਪਰ ਕਿਸਾਨੀ ਅੰਦੋਲਨ ਦੀ ਸੁਯੋਗ ਲੀਡਰਸ਼ਿਪ ਤੇ ਅੰਦੋਲਨਕਾਰੀ ਅਡੋਲ ਤੇ ਅਡਿੱਗ ਕਿਸਾਨੀ ਅੰਦੋਲਨ ਦੇ ਹੱਕ ਅਤੇ ਖੇਤੀ ਬਿਲਾਂ ਦੇ ਵਿਰੋਧ ‘ਚ ਡੱਟੇ ਰਹੇ। ਅੰਦੋਲਨਕਾਰੀ ਸ਼ਾਂਤਮਈ ਅੰਦੋਲਨ ਕਰਦੇ ਰਹੇ ਅਤੇ ਆਪਣੇ ਇਸ ਇਰਾਦੇ ‘ਤੇ ਦ੍ਰਿੜ ਰਹੇ, ਕਿ ਅਸੀਂ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਏ ਤੋਂ ਬਿਨਾਂ ਵਾਪਸ ਘਰ ਨਹੀਂ ਪਰਤਾਂਗੇ।

ਬੇਸ਼ੱਕ ਇਸ ਅੰਦੋਲਨ ਵਿੱਚ,ਸ਼ੈਂਕੜਿਆਂ ਦੀ ਗਿਣਤੀ ਵਿੱਚ ਕੀਮਤੀ ਜਾਨਾਂ ਵੀ ਚਲੀਆਂ ਗਈਆਂ। ਅੰਦਲਨਕਾਰੀਆਂ ਨੂੰ ਪੁਲਿਸ ਅਤੇ ਪ੍ਰਸ਼ਾਸਨ ਦਾ ਜਬਰ ਤਾਂ ਝੱਲਣਾ ਹੀ ਪਿਆ, ਸਗੋਂ ਗਰਮ, ਸਰਦ, ਅੱਗ ਅਤੇ ਹੋਰ ਕੁਦਰਤੀ ਆਫਤਾਂ ਨਾਲ ਵੀ ਦੋ ਚਾਰ ਹੋਣਾ ਪਿਆ। ਜਿਨ੍ਹਾਂ ਨੂੰ ਅੰਦੋਲਨਕਾਰੀਆਂ ਨੇ ਬੜੀ ਖੁਸ਼ੀ ਨਾਲ ਆਪਣੇ ਤਨ ਅਤੇ ਮਨ ਤੇ ਹੰਢਾਇਆ ਅਤੇ ਇਸ ਅੰਦੋਲਨ ਦੀ ਮਿਸ਼ਾਲ ਨੂੰ ਬੜੇ ਹੌਸਲੇ ਤੇ ਠਰ੍ਹੰਮੇ ਦੇ ਨਾਲ ਮੱਘਦਾ ਰੱਖਿਆ।ਅਸਲ ਵਿੱਚ ਇਹੋ ਇਨ੍ਹਾਂ ਅੰਦੋਲਨਕਾਰੀਆਂ ਦੇ ਸਿਦਕ ਦੀ ਸਭ ਤੋਂ ਵੱਡੀ ਮਿਸਾਲ ਸੀ।

ਹੁਣ ਸਭ ਤੋਂ ਵੱਡੀ ਸੋਚਣ ਤੇ ਵਿਚਾਰਨ ਵਾਲੀ ਗੱਲ ਤਾਂ ਇਹ ਹੈ ਕਿ ਭਾਵੇਂ ਇਹ ਅੰਦੋਲਨ ਕਾਫੀ ਲੰਮਾ ਸਮਾਂ ਚੱਲਿਆ ਅਤੇ ਇਸ ਅੰਦੋਲਨ ਨੂੰ ਬਹੁਤ ਸਾਰੀਆਂ ਦੁਸ਼ਵਾਰੀਆਂ ਦਾ ਸਾਹਮਣਾ ਵੀ ਕਰਨਾ ਪਿਆ। ਪਰ ਅੰਦੋਲਨਕਾਰੀਆਂ ਦੇ ਹੌਸਲੇ ਅਤੇ ਸਬਰ ਦੇ ਅੱਗੇ ਨਾ ਹੀ ਸਰਕਾਰੀ ਜਬਰ ਅੰਦੋਲਨਕਾਰੀਆਂ ਦਾ ਕੁੱਝ ਵਿਗਾੜ ਸਕਿਆ ਅਤੇ ਨਾ ਹੀ ਕੁਦਰਤੀ ਆਫਤਾਂ ਦਾ ਕਹਿਰ ਹੀ ਇਨ੍ਹਾਂ ਦੇ ਹੌਸਲੇ ਪਸਤ ਕਰ ਸਕਿਆ ਅਤੇ ਨਾ ਹੀ ਇਨ੍ਹਾਂ ਨੂੰ ਝੁਕਾ ਸਕਿਆ।

ਆਖਰ ਉਹ ਹੀ ਹੋਇਆ, ਜੋ ਸਦੀਆਂ ਤੋਂ ਹੁੰਦਾ ਆਇਆ ਹੈ।ਕੁਦਰਤੀ ਆਫਤਾਂ ਅਤੇ ਸਰਕਾਰੀ ਜਬਰ ਨੂੰ ਅੰਦੋਲਨਕਾਰੀਆਂ ਦੇ ਸਿਰੜ ਅਤੇ ਹੌਸਲੇ ਅੱਗੇ ਝੁੱਕਣਾ ਹੀ ਪਿਆ ਅਤੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਆਪਣੇ ਖੇਤੀ ਸਵੰਧੀ ਤਿੰਨੋਂ ਕਾਨੂੰਨ ਵਾਪਸ ਲੈਣੇ ਪਏ ਅਤੇ ਚਿਰਾਂ ਤੋਂ ਉਡੀਕੀ ਜਾ ਰਹੀ ਜਿੱਤ ਨੇ, ਸੰਘਰਸ਼ ਦੇ ਰਾਹ ਪਈ ਲੋਕਾਈ ਦੇ ਕਦਮ ਆਖਰ ਨੂੰ ਚੁੰਮ ਹੀ ਲਏ ਅਤੇ ਚਾਰੋਂ ਪਾਸੇ ਸੰਘਰਸ਼ ਦੀ ਜੈ 2 ਕਾਰ ਹੋਣ ਲੱਗ ਪਈ।ਅਸਲ ਵਿੱਚ ਸੰਘਰਸ਼ ਹੀ ਸੱਚਮੁੱਚ ਜਿੰਦਗੀ ਦਾ ਇੱਕੋ ਇੱਕ ਰਾਹ ਹੈ, ਜਿੱਥੇ ਵੱਡੇ ਤੋਂ ਵੱਡੇ ਅਤੇ ਖੂੰਖਾਰ ਦੁਸ਼ਮਣ ਨੂੰ ਹਰਾਇਆ ਜਾ ਸਕਦਾ ਹੈ ਅਤੇ ਦੁਨੀਆਂ ਦੀ ਹਰ ਮੰਜਲ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸੇ ਲਈ ਤਾਂ ਇਤਿਹਾਸ ਦੇ ਸੁਨਿਹਰੀ ਪੰਨਿਆਂ ‘ਚ, ਜੈ ਸੰਘਰਸ਼, ਦਾ ਨਾਅਰਾ ਅੱਜ ਵੀ ਬੜੇ ਮਾਣ ਨਾਲ ਗੂੰਜਦਾ ਹੈ।

- Advertisement -

ਸੰਪਰਕ: 93169 10402

Share this Article
Leave a comment