ਇੰਡੋਨੇਸ਼ੀਆ: ਐਲੋਨ ਮਸਕ ਦੀ ਕੰਪਨੀ xAI ਦੇ ਚੈਟਬੋਟ ਗ੍ਰੋਕ ਨੂੰ ਇੰਡੋਨੇਸ਼ੀਆ ਨੇ ਬਲਾਕ ਕਰ ਦਿੱਤਾ ਹੈ। ਐਲੋਨ ਮਸਕ ਦੇ ਮਾਈਕ੍ਰੋਬਲਾਗਿੰਗ ਪਲੇਟਫਾਰਮ X ‘ਤੇ ਗ੍ਰੋਕ ਏ.ਆਈ ਨਾਲ ਔਰਤਾਂ ਦੀਆਂ ਅਸ਼ਲੀਲ ਤਸਵੀਰਾਂ ਬਣਾਉਣ ਦੇ ਵਿਵਾਦ ਕਾਰਨ ਇੰਡੋਨੇਸ਼ੀਆ ਨੇ ਇਹ ਵੱਡਾ ਕਦਮ ਚੁੱਕਿਆ ਹੈ। ਇਸ ਫੈਸਲੇ ਤੋਂ ਬਾਅਦ ਗ੍ਰੋਕ ਚੈਟਬੋਟ ਹੁਣ ਇੰਡੋਨੇਸ਼ੀਆ ਵਿੱਚ ਉਪਲਬਧ ਨਹੀਂ ਹੋਵੇਗਾ। ਇਸ ਕਦਮ ਨਾਲ ਇੰਡੋਨੇਸ਼ੀਆ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਜਿਸਨੇ ਸੁਰੱਖਿਆ ਕਾਰਨਾਂ ਕਰਕੇ ਇਸ AI ਟੂਲ ਤੱਕ ਪਹੁੰਚ ਨੂੰ ਪੂਰੀ ਤਰ੍ਹਾਂ ਬਲਾਕ ਕੀਤਾ ਹੈ।
ਦੱਸਣਯੋਗ ਹੈ ਕਿ ਇੰਡੋਨੇਸ਼ੀਆ ਦੇ ਸੰਚਾਰ ਅਤੇ ਡਿਜੀਟਲ ਮੰਤਰੀ ਮਿਊਤਿਆ ਹਾਫਿਦ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਹਿਮਤੀ ਤੋਂ ਬਿਨਾਂ ਬਣਾਏ ਗਏ ਜਿਨਸੀ ਡੀਪਫੇਕ ਡਿਜੀਟਲ ਸਪੇਸ ਵਿੱਚ ਮਨੁੱਖੀ ਅਧਿਕਾਰਾਂ, ਮਾਣ ਅਤੇ ਨਾਗਰਿਕਾਂ ਦੀ ਸੁਰੱਖਿਆ ਦੀ ਗੰਭੀਰ ਉਲੰਘਣਾ ਹਨ। ਸਰਕਾਰ ਨੇ ਇਸ ਮੁੱਦੇ ‘ਤੇ xAI ਦੇ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਹੈ।
ਦਸ ਦਈਏ Grok ਨੂੰ ਲੈ ਕੇ ਸਿਰਫ਼ ਇੰਡੋਨੇਸ਼ੀਆ ਹੀ ਨਹੀਂ ਸਗੋਂ ਯੂਰਪ ਤੋਂ ਲੈ ਕੇ ਏਸ਼ੀਆ ਤੱਕ ਕਈ ਦੇਸ਼ਾਂ ਵਿੱਚ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਹਨ। ਕੁਝ ਦੇਸ਼ਾਂ ਦੇ ਰੈਗੂਲੇਟਰਾਂ ਨੇ ਐਪ ‘ਤੇ ਮੌਜੂਦ ਜਿਨਸੀ ਅਤੇ ਸੰਵੇਦਨਸ਼ੀਲ ਸਮੱਗਰੀ ਬਾਰੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਚਿੰਤਾਵਾਂ ਦੇ ਵਿਚਕਾਰ ਇੰਡੋਨੇਸ਼ੀਆ ਸਭ ਤੋਂ ਸਖ਼ਤ ਕਦਮ ਚੁੱਕਣ ਅਤੇ ਸਿੱਧੇ ਤੌਰ ‘ਤੇ ਪਹੁੰਚ ਨੂੰ ਰੋਕਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਦੱਸ ਦੇਈਏ ਕਿ ਇੰਡੋਨੇਸ਼ੀਆ ਦੁਨੀਆ ਦਾ ਸਭ ਤੋਂ ਵੱਡਾ ਮੁਸਲਿਮ ਆਬਾਦੀ ਵਾਲਾ ਦੇਸ਼ ਹੈ, ਜਿੱਥੇ ਇੰਟਰਨੈੱਟ ‘ਤੇ ਫੈਲਣ ਵਾਲੀ ਅਸ਼ਲੀਲ ਸਮੱਗਰੀ ਬਾਰੇ ਬਹੁਤ ਸਖ਼ਤ ਕਾਨੂੰਨ ਹਨ।
ਓਧਰ ਦੂਜੇ ਪਾਸੇ ਵਿਵਾਦ ਵਧਦਾ ਦੇਖ ਕੇ ਮਸਕ ਦੀ ਸਟਾਰਟਅੱਪ ਕੰਪਨੀ xAI ਨੇ ਚਿੱਤਰ ਉਤਪਾਦਨ ਅਤੇ ਸੰਪਾਦਨ ਵਿਸ਼ੇਸ਼ਤਾ ਨੂੰ ਸਿਰਫ਼ ਭੁਗਤਾਨ ਕੀਤੇ ਗਾਹਕਾਂ ਤੱਕ ਸੀਮਤ ਕਰ ਦਿੱਤਾ ਹੈ। ਕੰਪਨੀ ਸੁਰੱਖਿਆ ਖਾਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਕਾਰਨ ਬੱਚਿਆਂ ਦੀਆਂ ਇਤਰਾਜ਼ਯੋਗ ਤਸਵੀਰਾਂ ਆਉਟਪੁੱਟ ਹੋਈਆਂ। ਐਲੋਨ ਮਸਕ ਨੇ X ‘ਤੇ ਸਪੱਸ਼ਟ ਕੀਤਾ ਕਿ ਜੇਕਰ ਕੋਈ ਗੈਰ-ਕਾਨੂੰਨੀ ਸਮੱਗਰੀ ਬਣਾਉਣ ਲਈ Grok ਦੀ ਵਰਤੋਂ ਕਰਦਾ ਹੈ ਤਾਂ ਉਸਨੂੰ ਕਿਸੇ ਵੀ ਗੈਰ-ਕਾਨੂੰਨੀ ਸਮੱਗਰੀ ਨੂੰ ਅਪਲੋਡ ਕਰਨ ਦੇ ਸਮਾਨ ਨਤੀਜੇ ਭੁਗਤਣੇ ਪੈਣਗੇ।
2 ਜਨਵਰੀ 2026 ਨੂੰ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ (MeitY) ਨੇ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਨੂੰ 72 ਘੰਟਿਆਂ ਦੇ ਅੰਦਰ ਪਲੇਟਫਾਰਮ ਤੋਂ ਅਸ਼ਲੀਲ ਸਮੱਗਰੀ ਹਟਾਉਣ ਦਾ ਅਲਟੀਮੇਟਮ ਦਿੱਤਾ ਸੀ। ਸਰਕਾਰ ਨੇ Grok ਦੇ ਸੁਰੱਖਿਆ ਘੇਰੇ ਦੀ ਅਸਫਲਤਾ ‘ਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਅਤੇ ਇਸਨੂੰ ਭਾਰਤੀ IT ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ।
ਦਬਾਅ ਤੋਂ ਬਾਅਦ 11 ਜਨਵਰੀ 2026 ਨੂੰ X ਨੇ ਆਪਣੀ ਗਲਤੀ ਮੰਨ ਲਈ ਅਤੇ ਭਾਰਤ ਸਰਕਾਰ ਨੂੰ ਭਰੋਸਾ ਦਿੱਤਾ ਕਿ ਉਹ ਭਾਰਤੀ ਕਾਨੂੰਨਾਂ ਦੀ ਪਾਲਣਾ ਕਰੇਗੀ। ਵਿਵਾਦ ਤੋਂ ਬਾਅਦ X ਨੇ ਲਗਭਗ 3,500 ਪੋਸਟਾਂ ਨੂੰ ਬਲੌਕ ਕਰਨ ਅਤੇ ਅਸ਼ਲੀਲ ਸਮੱਗਰੀ ਫੈਲਾਉਣ ਵਾਲੇ 600 ਤੋਂ ਵੱਧ ਖਾਤਿਆਂ ਨੂੰ ਮਿਟਾਉਣ ਦੀ ਪੁਸ਼ਟੀ ਕੀਤੀ।

