ਚੰਦਰਮਾ ‘ਤੇ ਜਾਣ ਲਈ ਜਾਪਾਨ ਦੇ ਅਰਬਪਤੀ ਨੂੰ ਚਾਹੀਦਾ ਜੀਵਨ ਸਾਥੀ

TeamGlobalPunjab
2 Min Read

ਟੋਕੀਓ : ਜਾਪਾਨ ਦਾ ਇੱਕ ਅਰਬਪਤੀ ਚੰਦਰਮਾ ਦੀ ਯਾਤਰਾ ਲਈ ਆਪਣੇ ਜੀਵਨ ਸਾਥੀ ਦੀ ਭਾਲ ਕਰ ਰਿਹਾ ਹੈ। ਫੈਸ਼ਨ ਟਾਈਕੂਨ ਯੁਸਾਕੁ ਮਿਜ਼ਾਵਾ ਨਾਮੀ ਜਾਪਾਨ ਦੇ ਅਰਬਪਤੀ ਨੇ ਇਸ ਲਈ ਸੋਸ਼ਲ ਮੀਡੀਆ ‘ਤੇ ਇੱਕ ਆਨਲਾਈਨ ਪ੍ਰਕਿਰਿਆ ਸ਼ੁਰੂ ਕੀਤੀ ਹੈ। ਜਿਸ ਦੇ ਤਹਿਤ ਉਸ ਨੇ ਆਪਣੀ ਵੈੱਬਸਾਈਟ ‘ਤੇ ਅਰਜ਼ੀਆਂ ਦੀ ਮੰਗ ਕੀਤੀ ਹੈ। ਜਿਸ ਦੀ ਆਖਰੀ ਮਿਤੀ 17 ਜਨਵਰੀ ਨਿਸ਼ਚਿਤ ਕੀਤੀ ਗਈ ਹੈ।

44 ਸਾਲਾ ਯੁਸਾਕੁ ਮਿਜ਼ਾਵਾ ਚੰਦਰਮਾ ‘ਤੇ ਜਾਣ ਵਾਲੇ ਪਹਿਲੇ ਯਾਤਰੀ ਹੋਣਗੇ। ਯੁਸਾਕੁ 2023 ‘ਚ ਸਟਾਰਸ਼ਿਪ ਰਾਕੇਟ ਨਾਲ ਉਡਾਣ ਭਰਣਗੇ। ਦੱਸ ਦਈਏ ਕਿ 1972 ਤੋਂ ਬਾਅਦ ਇਹ ਪਹਿਲਾ ਮਾਨਵ ਮੂਨ ਮਿਸ਼ਨ ਹੋਵੇਗਾ।

ਉਨ੍ਹਾਂ ਨੇ ਆਪਣੀ ਵੈੱਬਸਾਈਟ “ਪਲਾਨਡ ਮੈਚ-ਮੇਕਿੰਗ ਇਵੈਂਟ” ਦੇ ਤਹਿਤ ਔਰਤਾਂ ਨੂੰ 17 ਜਨਵਰੀ ਤੱਕ ਅਰਜ਼ੀਆਂ ਭੇਜਣ ਲਈ ਕਿਹਾ ਹੈ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ‘ਚੋਂ ਇੱਕ ਔਰਤ ਦੀ ਮਾਰਚ ‘ਚ ਚੋਣ ਕੀਤੀ ਜਾਵੇਗੀ ਜਿਸ ਨੂੰ ਉਸ ਨਾਲ ਛੇ ਦਿਨ ਪੁਲਾੜ ‘ਚ ਬਿਤਾਉਣ ਦਾ ਮੌਕਾ ਮਿਲੇਗਾ। 44 ਸਾਲਾ ਯੁਸਾਕੁ ਮਿਜ਼ਾਵਾ ਨੇ ਪੋਸਟ ‘ਚ ਲਿਖਿਆ ਕਿ ਬਿਨੈਕਾਰ ਦੀ ਉਮਰ 20 ਸਾਲ ਤੋਂ ਵੱਧ ਤੇ ਉਹ ਅਣਵਿਆਹੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਸ ਲੜਕੀ ਦੀ ਸੋਚ ਸਕਾਰਾਤਮਕ ਹੋਣ ਦੇ ਨਾਲ-ਨਾਲ ਉਸ ਦੀ ਪੁਲਾੜ ‘ਚ ਜਾਣ ਦੀ ਇੱਛਾ ਹੋਣੀ ਚਾਹੀਦੀ ਹੈ।

ਮਿਜ਼ਾਵਾ ਨੇ ਆਨਲਾਈਨ ਅਪੀਲ ‘ਚ ਕਿਹਾ ਹੈ ਕਿ ਉਹ ਕਿਸੀ ਵਿਸ਼ੇਸ਼ ਔਰਤ ਨਾਲ ਹੀ ਆਪਣਾ ਅਨੁਭਵ ਸਾਂਝਾ ਕਰਨਾ ਚਾਹੁੰਦੇ ਹਨ। ਯੁਸਾਕੁ ਮਿਜ਼ਾਵਾ ਦਾ ਬੀਤੇ ਦਿਨੀਂ ਆਪਣੀ ਪ੍ਰੇਮਿਕਾ ਆਇਮ ਗੋਰਿਕੀ (27) ਨਾਲ ਬ੍ਰੇਕਅਪ ਹੋ ਗਿਆ ਸੀ। ਮਿਜ਼ਾਵਾ ਦਾ ਕਹਿਣਾ ਹੈ ਕਿ ਹੁਣ ਉਹ ਆਪਣੀ ਜ਼ਿੰਦਗੀ ‘ਚ ਇਕੱਲਾਪਣ ਮਹਿਸੂਸ ਕਰ ਰਿਹਾ ਹੈ। ਇਸ ਲਈ ਉਸ ਨੂੰ ਇੱਕ ਜੀਵਨ ਸਾਥੀ ਦੀ ਭਾਲ ਹੈ।

ਮਿਜ਼ਾਵਾ ਦੀ ਕੁਲ ਸੰਪਤੀ ਲਗਭਗ 2 ਅਰਬ ਡਾਲਰ ਹੈ। ਇਸ ਤੋਂ ਪਹਿਲਾਂ ਵੀ ਮਿਜ਼ਾਵਾ ਆਪਣੇ ਇੱਕ ਹਜ਼ਾਰ ਟਵਿੱਟਰ ਫਾਲੋਅਰਜ਼ ਨੂੰ ਇੱਕ ਮਿਲੀਅਨ ਯੇਨ ਵੰਡਣ ਕਰਕੇ ਕਾਫੀ ਚਰਚਾ ‘ਚ ਰਹਿ ਚੁੱਕੇ ਹਨ।

Share this Article
Leave a comment