ਇੰਡੋ ਯੂ. ਐਸ. ਹੈਰੀਟੇਜ਼ ਵੱਲੋ ਇੱਕ ਸ਼ਾਮ ਪੰਜਾਬੀ ਮਾਂ ਬੋਲੀ ਦੇ ਨਾਮ

Rajneet Kaur
4 Min Read
ਫਰਿਜ਼ਨੋ (ਕੈਲੀਫੋਰਨੀਆ) ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ : ਫਰਿਜ਼ਨੋ ਦੀ ਗਦਰੀ ਬਾਬਿਆਂ ਨੂੰ ਸਮੱਰਪਿਤ ਜਥੇਬੰਦੀ  ਇੰਡੋ ਯੂ. ਐਸ. ਹੈਰੀਟੇਜ਼ ਜਿਹੜੀ ਕਿ ਅਕਸਰ ਫਰਿਜ਼ਨੋ ਏਰੀਏ ਵਿੱਚ ਮਿਆਰੀ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ, ਵੱਲੋ ਲੰਘੇ ਸ਼ਨੀਵਾਰ ਇੱਕ ਸੈਮੀਨਰ ਪੰਜਾਬੀ ਮਾਂ ਬੋਲੀ ਦੀ ਸਾਂਭ ਸੰਭਾਲ ਅਤੇ ਪ੍ਰਫੁਲਤਾ ਲਈ ਪੰਜਾਬੀ ਰੇਡੀਓ ਯੂ. ਐਸ. ਏ. ਦੇ ਪੰਜਾਬੀ ਸੈਂਟਰ ਵਿੱਖੇ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆ ਨੇ ਪਹੁੰਚਕੇ ਬੁਲਾਰਿਆ ਦੇ ਵਿਚਾਰ ਸੁਣੇ, ਅਤੇ ਬਾਅਦ ਵਿੱਚ ਕਵੀ ਦਰਬਾਰ ਹੋਇਆ ਅਤੇ ਗਾਇਕੀ ਦਾ ਦੌਰ ਚੱਲਿਆ। ਸਟੇਜ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸ਼ਾਇਰਾਨਾਂ ਅੰਦਾਜ਼ ਵਿੱਚ ਸਭ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਉਪਰੰਤ ਯਮਲੇ ਜੱਟ ਦੇ ਸ਼ਗਿਰਦ ਰਾਜ ਬਰਾੜ ਨੇ ਪੰਜਾਬੀ ਬੋਲੀ ਨੂੰ ਸਮਰਪਿਤ ਗੀਤ ਨਾਲ ਪ੍ਰੋਗਰਾਮ ਨੂੰ ਅੱਗੇ ਤੋਰਿਆ।
ਸੰਸਥਾ ਦੇ ਕਨਵੀਨਰ ਸਾਧੂ ਸਿੰਘ ਸੰਘਾ ਨੇ ਪੰਜਾਬੀ ਮਾਂ ਬੋਲੀ ਤੇ ਪਰਚਾ ਪੜ੍ਹਿਆ। ਸ਼ਾਇਰ ਹਰਜਿੰਦਰ ਕੰਗ ਨੇ ਪੰਜਾਬੀ ਦੇ ਪ੍ਰਸਾਰ ਲਈ ਹੋ ਰਹੇ ਉਪਰਾਲਿਆਂ ਤੇ ਝਾਤ ਪਵਾਈ। ਇਸ ਮੌਕੇ ਕਹਾਣੀਕਾਰ ਕਰਮ ਸਿੰਘ ਮਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਉਹਨਾਂ ਕਿਹਾ ਕਿ ਪੰਜਾਬੀ ਬੋਲੀ ਨਹੀ ਮਰਦੀ, ਪਰ ਪੰਜਾਬੀ ਮਰ ਰਿਹਾ। ਉਹਨਾਂ ਕਿਹਾ ਕਿ ਪੰਜਾਬੀ ਨੂੰ ਬਚਾਉਣ ਦੇ ਉਪਰਾਲੇ ਸਾਨੂੰ ਘਰੋਂ ਸ਼ੁਰੂ ਕਰਨੇ ਪੈਣਗੇ। ਮਲਕੀਤ ਸਿੰਘ ਕਿੰਗਰਾ ਨੇ ਪੰਜਾਬੀ ਮਾਂ ਬੋਲੀ ਵਿੱਚ ਘਸੋੜੇ ਜਾ ਰਹੇ ਹਿੰਦੀ ਭਾਸ਼ਾ ਦੇ ਸ਼ਬਦਾਂ ਤੇ ਚਿੰਤਾ ਜ਼ਾਹਿਰ ਕੀਤੀ। ਸੰਸਥਾ ਦੇ ਸੈਕਟਰੀ ਹੈਰੀ ਮਾਨ ਨੇ ਪੰਜਾਬੀ ਮਾਂ ਬੋਲੀ ਵਿੱਚ ਆ ਰਹੇ ਨਿਘਾਰ ਅਤੇ ਇਸ ਪ੍ਰਸਾਰ ਸਬੰਧੀ ਲੇਖਾ ਜੋਖਾ ਕੀਤਾ। ਹੋਰ ਬੋਲਣ ਵਾਲੇ ਬੁਲਾਰਿਆ ਵਿੱਚ ਕੁੰਦਨ ਸਿੰਘ ਧਾਮੀ, ਸੁਰਿੰਦਰ ਮਡਾਲੀ, ਪਰਮਪਾਲ ਸਿੰਘ, ਗੁਰਬਿੰਦਰ ਸੰਘਾ ਆਦਿ ਨੇ ਆਪਣੇ ਵਿਚਾਰ ਰੱਖੇ।
ਕਵੀ ਦਰਬਾਰ ਦੀ ਸ਼ੁਰੂਆਤ ਸ਼ਾਇਰ ਰਣਜੀਤ ਗਿੱਲ (ਜੱਗਾ ਸਧਾਰ) ਨੇ ਪੰਜਾਬੀ ਮਾਂ ਬੋਲੀ ਨੂੰ ਸਮੱਰਪਿਤ ਸ਼ੇਅਰਾਂ ਨਾਲ ਕੀਤੀ। ਸ਼ਾਇਰ ਸੁੱਖੀ ਧਾਲੀਵਾਲ ਨੇ ਫਾਦਰ ਡੇਅ ਨੂੰ ਮੁੱਖ ਰੱਖਕੇ ਭਾਵਪੂਰਕ ਕਵਿਤਾ “ਬੁੱਢਾ ਹੋ ਗਿਆ ਬਾਪੂ” ਪੜੀ। ਸ਼ਾਇਰ ਦਲਜੀਤ ਰਿਆੜ ਨੇ “ਮਿਸਾਲਾਂ ਬਾਲ਼ਕੇ ਰੱਖਿਓ” ਕਵਿਤਾ ਪੜਕੇ ਸਭਨਾ ਤੋਂ ਵਾਹ ਵਾਹ ਖੱਟੀ। ਸ਼ਾਇਰ ਪਿਸ਼ੌਰਾ ਸਿੰਘ ਢਿਲੋਂ ਨੇ ਪੰਜਾਬੀ ਮਾਂ ਨੂੰ ਸਮੱਰਪਿਤ ਗੀਤ ਨਾਲ ਹਾਜ਼ਰੀ ਲਵਾਈ।
ਉਪਰੰਤ ਗਾਇਕੀ ਦੇ ਦੌਰ ਵਿੱਚ ਗਾਇਕ ਪੱਪੀ ਭਦੌੜ, ਕਮਲਜੀਤ ਬੈਨੀਪਾਲ, ਅਤੇ ਗੁਰਦੀਪ ਕੁੱਸਾ ਨੇ ਆਪਣੇ ਗੀਤਾਂ ਨਾਲ ਐਸਾ ਸਮਾਂ ਬੰਨ੍ਹਿਆਂ ਕਿ ਹਰ ਕੋਈ ਅਸ਼ ਅਸ਼ ਕਰ ਉੱਠਿਆ। ਇਸ ਪ੍ਰੋਗ੍ਰਾਮ ਨੂੰ ਨੇਪਰੇ ਚਾੜਨ ਦਾ ਸਿਹਰਾ ਸੰਸਥਾ ਦੇ ਅਣਥੱਕ ਮੈਂਬਰਾਂ ਸਾਧੂ ਸਿੰਘ ਸੰਘਾ, ਮਨਜੀਤ ਕੁਲਾਰ, ਨਿਰਮਲ ਸਿੰਘ ਧਨੌਲਾ, ਰਾਜ ਵੈਰੋਕੇ, ਸਤਵੰਤ ਸਿੰਘ ਵਿਰਕ, ਹੈਰੀ ਮਾਨ, ਸੰਤੋਖ ਸਿੰਘ ਢਿੱਲੋ ਅਤੇ ਰਣਜੀਤ ਗਿੱਲ , ਸੁਲੱਖਣ ਗਿੱਲ , ਬਿਲੂ ਢੀਂਡਸਾ ਸਿਰ ਜਾਂਦਾ ਹੈ। ਇਸ ਮੌਕੇ ਉੱਘੇ ਕਿਰਸਾਨ ਸੌਗੀ ਕਿੰਗ ਚਰਨਜੀਤ ਸਿੰਘ ਬਾਠ, ਟਰਾਂਸਪੋਰਟ ਜਸਪਾਲ ਸਿੰਘ ਬਿਲਾਸਪੁਰ, ਕੋਸਟ ਟੂ ਕੋਸਟ ਵਾਲ਼ੇ ਹੈਰੀ, ਐਥਲੀਟ ਗੁਰਬਖਸ਼ ਸਿੰਘ ਸਿੱਧੂ, ਸੁਰਜੀਤ ਜੰਡੂ ਆਦਿ ਤੋਂ ਬਿਨਾ ਖਾਲੜਾ ਪਾਰਕ ਵਾਲੇ ਬਾਬੇ, ਜੀ ਐਚ ਜੀ ਦੇ ਮੈਂਬਰ ਅਤੇ ਇੰਡੋ ਅਮੈਰਕਿਨ ਹੈਰੀਟੇਜ ਦੇ ਸਮੂਹ ਸੱਜਣ ਮੌਜੂਦ ਰਹੇ। ਅਖੀਰ ਅਲੀ ਦੇ ਚਾਹ ਪਕੌੜਿਆਂ ਦੇ ਲੰਗਰ ਨਾਲ ਅਮਿੱਟ ਪੈੜਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿੱਬੜਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment